‘ਪੰਜ ਪਿਆਰਿਆਂ’ ਵੱਲੋਂ ਸ਼੍ਰੋਮਣੀ ਕਮੇਟੀ ਦੀ ਰਿਹਾਇਸ਼ ਛੱਡਣ ਦਾ ਐਲਾਨ

0
363

File photo;Punjab page;The Panj Pyaras in Amritsar

ਅੰਮ੍ਰਿਤਸਰ/ਬਿਊਰੋ ਨਿਊਜ਼ :
ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਤੋਂ ਰਿਹਾਇਸ਼ ਖਾਲੀ ਕਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਰਤੀ ਗਈ ਦਬਾਅ ਨੀਤੀ ਤੋਂ ਬਾਅਦ ਬਰਖਾਸਤ ਪੰਜ ਪਿਆਰਿਆਂ ਨੇ ਆਪਣੇ ਪੱਧਰ ‘ਤੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਾਪਤ ਰਿਹਾਇਸ਼ ਛੱਡਣ ਦਾ ਫ਼ੈਸਲਾ ਕੀਤਾ ਹੈ।
ਪੰਜ ਪਿਆਰਿਆਂ ਵਿੱਚ ਸ਼ਾਮਲ ਸਤਨਾਮ ਸਿੰਘ ਅਤੇ ਮੰਗਲ ਸਿੰਘ ਕੋਲ ਹੀ ਫਿਲਹਾਲ ਸ਼੍ਰੋਮਣੀ ਕਮੇਟੀ ਵੱਲੋਂ ਮੁਹੱਈਆ ਕੀਤੀ ਰਿਹਾਇਸ਼ ਹੈ। ਇਸ ਸਬੰਧੀ ਸਤਨਾਮ ਸਿੰਘ ਨੇ ਆਖਿਆ ਕਿ ਲਗਭਗ ਛੇ ਮਹੀਨੇ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਘਰ ਖਾਲੀ ਕਰਨ ਲਈ ਆਖਿਆ ਗਿਆ ਸੀ ਪਰ ਉਸ ਵੇਲੇ ਉਨ੍ਹਾਂ ਨੇ ਕੁਝ ਹੋਰ ਸਮਾਂ ਦੇਣ ਦੀ ਮੰਗ ਕੀਤੀ ਸੀ। ਉਨ੍ਹਾਂ ਦੇ ਘਰ ਦੀ ਉਸਾਰੀ ਚੱਲ ਰਹੀ ਹੈ। ਜਦੋਂ ਹੀ ਉਸਾਰੀ ਮੁਕੰਮਲ ਹੋਵੇਗੀ, ਉਹ ਆਪਣਾ ਘਰ ਤਬਦੀਲ ਕਰ ਲੈਣਗੇ। ਇਸ ਸਬੰਧੀ ਕਿਰਾਇਆ ਉਨ੍ਹਾਂ ਦੇ ਭੱਤਿਆਂ (ਗ੍ਰੈਚੂਟੀ) ਵਿੱਚੋਂ ਕੱਟਿਆ ਜਾ ਰਿਹਾ ਹੈ,  ਜੋ ਕਿ ਉਨ੍ਹਾਂ ਨੇ ਹੁਣ ਤੱਕ ਸ਼੍ਰੋਮਣੀ ਕਮੇਟੀ ਕੋਲੋਂ ਨਹੀਂ ਮੰਗੀ ਹੈ। ਉਨ੍ਹਾਂ ਦਾ ਪ੍ਰੌਵੀਡੈਂਟ ਫੰਡ ਵੀ ਹੁਣ ਤੱਕ ਨਹੀਂ ਦਿੱਤਾ ਗਿਆ ਹੈ ਅਤੇ ਨਾ ਹੀ ਉਨ੍ਹਾਂ ਨੇ ਇਸ ਸਬੰਧੀ ਕਦੇ ਸ਼੍ਰੋਮਣੀ ਕਮੇਟੀ ਕੋਲ ਪਹੁੰਚ ਕੀਤੀ ਹੈ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਰਖਾਸਤ ਕੀਤੇ ਕਰਮਚਾਰੀਆਂ ਨੂੰ ਕੁਆਰਟਰ ਖਾਲੀ ਕਰਨ ਦੇ ਆਦੇਸ਼ ਦਿੱਤੇ ਹੋਏ ਹਨ। ਸ਼੍ਰੋਮਣੀ ਕਮੇਟੀ ਨੂੰ ਇਨ੍ਹਾਂ ਕੁਆਰਟਰਾਂ ਦੀ ਹੋਰ ਕਰਮਚਾਰੀਆਂ ਦੀ ਰਿਹਾਇਸ਼ ਵਾਸਤੇ ਲੋੜ ਹੈ। ਦੂਜੇ ਪਾਸੇ ਪੰਜ ਪਿਆਰਿਆਂ ਵਿੱਚ ਸ਼ਾਮਲ ਸਤਨਾਮ ਸਿੰਘ ਖੰਡਾ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਸ ਢੰਗ ਤਰੀਕੇ ਨਾਲ ਸਾਬਕਾ ਜਥੇਦਾਰ ਨਾਲ ਵਿਵਹਾਰ ਕੀਤਾ ਗਿਆ ਹੈ, ਉਹ ਉਚਿਤ ਨਹੀਂ ਹੈ। ਉਨ੍ਹਾਂ ਆਖਿਆ ਕਿ ਪੰਜ ਪਿਆਰਿਆਂ ਨੇ ਜੋ ਫੈਸਲਾ ਕੀਤਾ ਸੀ, ਉਹ ਅੱਜ ਵੀ ਉਸ ‘ਤੇ ਕਾਇਮ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਆਖਿਆ ਕਿ ਉਹ ਸ਼੍ਰੋਮਣੀ ਕਮੇਟੀ ਵੱਲੋਂ ਮੁਹਈਆ ਕੀਤੀ ਰਿਹਾਇਸ਼ ਨੂੰ ਸਮੇਂ ਸਿਰ ਖਾਲੀ ਕਰ ਦੇਣ ਤਾਂ ਜੋ ਉਨ੍ਹਾਂ ਨਾਲ ਸਾਬਕਾ ਜਥੇਦਾਰ ਵਾਂਗ ਵਤੀਰਾ ਨਾ ਹੋਵੇ।