ਪੰਜਾਬ ‘ਚ ਪੰਚਾਇਤੀ ਚੋਣਾਂ ਦਾ ਬਿਗਲ ਵੱਜਿਆ ਚੋਣਾਂ ‘ਚ ਡੋਪ ਟੈਸਟ ਦੀ ਸ਼ਰਤ ਲਾਉਣ ਦੀ ਤਿਆਰੀ

0
453

panchyat-elections

 

 

 

 

 

ਚੰਡੀਗੜ੍ਹ/ਬਿਊਰੋ ਨਿਊਜ਼ :

ਪੰਜਾਬ ਵਿਚ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 10 ਸਤੰਬਰ ਨੂੰ ਅਤੇ ਪੰਚਾਂ ਸਰਪੰਚਾਂ ਦੀਆਂ ਚੋਣਾਂ 30 ਸਤੰਬਰ ਨੂੰ ਹੋਣਗੀਆਂ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਇਸ ਸਬੰਧੀ ਰਾਜ ਦੇ ਚੋਣ ਕਮਿਸ਼ਨ ਨੂੰ ਸਿਫ਼ਾਰਿਸ਼ ਭੇਜ ਦਿੱਤੀ ਗਈ ਹੈ। ਰਾਜ ਵਿਚ 22 ਜ਼ਿਲ੍ਹਾ ਪ੍ਰੀਸ਼ਦਾਂ, 150 ਪੰਚਾਇਤ ਸਮਿਤੀਆਂ ਅਤੇ 13 ਹਜ਼ਾਰ ਤੋਂ ਵੱਧ ਪੰਚਾਇਤਾਂ ਦੀ ਚੋਣ ਲਈ ਵੋਟਾਂ ਪੈਣੀਆਂ ਹਨ। ਸਰਪੰਚਾਂ ਦੀ ਚੋਣ ਲਈ ਸਿੱਧੀਆਂ ਅਤੇ ਪੰਚਾਂ ਦੀ  ਚੋਣ ਲਈ ਵਾਰਡਾਂ ਅਨੁਸਾਰ ਵੋਟਾਂ ਪੈਣਗੀਆਂ। ਪੰਚਾਇਤ ਵਿਭਾਗ ਦੇ ਸਕੱਤਰ ਅਨੁਰਾਗ ਵਰਮਾ ਦੇ ਹਸਤਾਖਰਾਂ ਹੇਠ ਉਕਤ ਤਾਰੀਖਾਂ ਸਬੰਧੀ ਨੋਟੀਫਿਕੇਸ਼ਨ ਦੀ ਕਾਪੀ ਰਾਜ ਦੇ ਚੋਣ ਅਧਿਕਾਰੀ ਨੂੰ ਭੇਜੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਚਾਇਤ ਵਿਭਾਗ ਵੱਲੋਂ ਮੌਜੂਦਾ ਪੰਚਾਇਤੀ ਸੰਸਥਾਵਾਂ, ਜਿਨ੍ਹਾਂ ਵਿੱਚ ਪੰਚਾਇਤਾਂ, ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਆਉਂਦੀਆਂ ਹਨ, ਨੂੰ ਭੰਗ ਕਰਨ ਲਈ ਫਾਈਲ ਮੁੱਖ ਮੰਤਰੀ ਨੂੰ ਭੇਜ ਦਿੱਤੀ ਗਈ ਹੈ। ਮੁੱਖ ਮੰਤਰੀ ਦੀ ਸਹੀ ਪੈਂਦਿਆਂ ਹੀ ਰਾਜ ਦੀਆਂ ਸਮੁੱਚੀਆਂ ਪੰਚਾਇਤਾਂ ਅਤੇ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਨੂੰ ਭੰਗ ਕਰਨ ਦਾ ਐਲਾਨ ਹੋ ਜਾਵੇਗਾ। ਪੰਜਾਬ ਵਿੱਚ ਪੰਚਾਇਤਾਂ, ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀ ਮਿਆਦ ਖਤਮ ਹੋਣ ਵਾਲੀ ਹੈ। ਪੰਚਾਇਤ ਵਿਭਾਗ ਦੇ ਸਕੱਤਰ ਅਨੁਰਾਗ ਵਰਮਾ ਨੇ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਦੀਆਂ ਮਿਤੀਆਂ ਤੈਅ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਵਾਰਡਬੰਦੀ ਅਤੇ ਜ਼ੋਨ ਬਣਾਉਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਪੰਚਾਂ, ਪੰਚਾਂ, ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਵਾਰਡਾਂ ਅਤੇ ਜ਼ੋਨਾਂ ਲਈ ਰਾਖਵੇਂਕਰਨ ਦਾ ਕੰਮ ਜਾਰੀ ਹੈ ਤੇ ਇਸ ਸਬੰਧੀ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।
ਇਸੇ ਦੌਰਾਨ ਨਸ਼ੇੜੀਆਂ ਨੂੰ ਪੰਚਾਇਤੀ ਅਦਾਰਿਆਂ ਦੀਆਂ ਚੋਣਾਂ ਤੋਂ ਦੂਰ ਰੱਖਣ ਲਈ ਡੋਪ ਟੈਸਟ ਕਰਵਾਉਣ ਦੀ ਸ਼ਰਤ ਲਾਉਣ ਦੀ ਤਿਆਰੀ ਹੈ। ਇਹ ਮਾਮਲਾ ਕੈਪਟਨ ਵਜ਼ਾਰਤ ਦੀ ਅਗਲੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ। ਵਜ਼ਾਰਤ ਵੱਲੋਂ ਮੋਹਰ ਲਾਉਣ ਦੀ ਸੂਰਤ ਵਿੱਚ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਲੜਨ ਦੇ ਚਾਹਵਾਨਾਂ ਨੂੰ ਡੋਪ ਟੈਸਟ ਕਰਵਾਉਣਾ ਪਵੇਗਾ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ  ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਹ ਪੰਚਾਇਤੀ ਅਦਾਰਿਆਂ ਦੀਆਂ ਚੋਣਾਂ ਵਿਚ ਪੰਚਾਇਤ ਮੈਂਬਰ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਣ ਵਾਲੇ ਉਮੀਦਵਾਰਾਂ ਲਈ ਡੋਪ ਟੈਸਟ ਕਰਵਾਉਣਾ ਜ਼ਰੂਰੀ ਕਰਨ ਦੇ ਹੱਕ ਵਿਚ ਹਨ। ਉਹ ਆਪਣੀ ਤਜਵੀਜ਼ ਵਜ਼ਾਰਤ ਦੀ ਅਗਲੀ ਮੀਟਿੰਗ ਵਿੱਚ ਲੈ ਕੇ ਜਾਣਗੇ। ਜਿਹੜੇ ਉਮੀਦਵਾਰ ਨਸ਼ੇੜੀ ਪਾਏ ਗਏ, ਉਨ੍ਹਾਂ ਨੂੰ ਚੋਣ ਲੜਨ ਦਾ ਹੱਕ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਵਜ਼ਾਰਤ ਵੱਲੋਂ ਡੋਪ ਟੈਸਟ ਕਰਵਾਉਣ ਦੀ ਤਜਵੀਜ਼ ‘ਤੇ ਮੋਹਰ  ਲਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਖ਼ੁਦ ਡੋਪ ਟੈਸਟ ਕਰਵਾਉਣ ਗਏ ਸਨ, ਪਰ ਸਿਹਤ ਠੀਕ ਨਾ ਹੋਣ ਕਰਕੇ ਦਵਾਈ ਲੈ ਰਹੇ ਹਨ, ਇਸ ਕਰਕੇ ਡੋਪ ਟੈਸਟ ਨਹੀਂ ਹੋ ਸਕਿਆ। ਅਗਲੇ ਦਿਨਾਂ ਵਿਚ ਉਹ ਮੁੜ ਡੋਪ ਟੈਸਟ ਕਰਵਾਉਣਗੇ।
ਦੱਸਣਯੋਗ ਹੈ ਕਿ ਸੂਬੇ ਵਿਚ 13028 ਸਰਪੰਚ, 80979 ਪੰਚ, 331 ਜ਼ਿਲਾ ਪ੍ਰੀਸ਼ਦ ਮੈਂਬਰ ਤੇ 2731 ਪੰਚਾਇਤ ਸਮਿਤੀ ਮੈਂਬਰ ਚੁਣੇ ਜਾਣੇ ਹਨ। ਕੁੱਲ ਮਿਲਾ ਕੇ 97069 ਨਮਾਇੰਦੇ ਚੁਣੇ ਜਾਣੇ ਹਨ ਤੇ ਇਸ ਵਾਰ ਕੁਝ ਹੋਰ ਨਵੀਆਂ ਪੰਚਾਇਤਾਂ ਬਣੀਆਂ ਹਨ, ਇਸ ਕਰਕੇ ਇਨ੍ਹਾਂ ਨੁਮਾਇੰਦਿਆਂ ਦੀ ਗਿਣਤੀ ਹੋਰ ਵਧ ਜਾਵੇਗੀ।