ਪਾਦਰੀ ਸੁਲਤਾਨ ਮਸੀਹ ਦੇ ਸ਼ਰਧਾਂਜਲੀ ਸਮਾਗਮ ਵਿੱਚ ਭਖਿਆ ਸਿਆਸੀ ਮਾਹੌਲ

0
318
An elderly man paying tribune to pastor Sultan Masih during his memorial service in Ludhiana on Monday. Tribune Photo Himanshu Mahajan. to go with nikhil story
ਲੁਧਿਆਣਾ ਵਿੱਚ ਪਾਦਰੀ ਸੁਲਤਾਨ ਮਸੀਹ ਦੀ ਤਸਵੀਰ ਅੱਗੇ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਇਕ ਬਜ਼ੁਰਗ। 

ਲੁਧਿਆਣਾ/ਬਿਊਰੋ ਨਿਊਜ਼ :
ਇੱਥੋਂ ਦੇ ਪੀਰੂ ਬੰਦਾ ਇਲਾਕੇ ਵਿਚ ਸਥਿਤ ਗਿਰਜਾ ਘਰ ‘ਦਿ ਟੈਂਪਲ ਆਫ਼ ਗੌਡ’ ਅੱਗੇ ਬੀਤੇ ਦਿਨ ਕਤਲ ਕੀਤੇ ਪਾਦਰੀ ਸੁਲਤਾਨ ਮਸੀਹ ਨਮਿਤ ਸ਼ਰਧਾਂਜਲੀ ਸਮਾਗਮ ਦਾਣਾ ਮੰਡੀ ਵਿੱਚ ਕਰਵਾਇਆ ਗਿਆ। ਸਮਾਗਮ ਵਿੱਚ ਸੈਂਕੜਿਆਂ ਦੀ ਗਿਣਤੀ ਵਿਚ ਮਸੀਹ ਭਾਈਚਾਰੇ ਦੇ ਲੋਕ ਸ਼ਾਮਲ ਹੋਏ ਪਰ ਇਸ ਮੌਕੇ ਵੀ ਸਿਆਸੀ ਆਗੂਆਂ ਨੇ ਇੱਕ ਦੂਜੇ ‘ਤੇ ਸਿਆਸੀ ਤੀਰ ਹੀ ਚਲਾਏ। ਸ਼ਰਧਾਂਜਲੀ ਸਮਾਗਮ ਵਿੱਚ ਸਿੱਖਿਆ ਮੰਤਰੀ ਅਰੁਣਾ ਚੌਧਰੀ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ‘ਆਪ’ ਦੇ ਸੂਬਾਈ ਉਪ ਪ੍ਰਧਾਨ ਅਮਨ ਅਰੋੜਾ ਆਪਣੇ ਵਿਧਾਇਕ ਸਾਥੀਆਂ ਸਮੇਤ ਸ਼ਾਮਲ ਹੋਏ। ਮਸੀਹ ਭਾਈਚਾਰੇ ਦੇ ਧਾਰਮਿਕ ਆਗੂਆਂ ਨੇ ਪਾਦਰੀ ਸੁਲਤਾਨ ਮਸੀਹ ਨੂੰ ਸ਼ਰਧਾਂਜਲੀ ਦਿੱਤੀ। ਦਾਣਾ ਮੰਡੀ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਇਹ ਕਤਲ ਕਾਂਡ ਪੁਲੀਸ ਤੇ ਸਰਕਾਰ ਦੀ ਵੱਡੀ ਅਸਫ਼ਲਤਾ ਹੈ। ਉਨ੍ਹਾਂ ਕਿਹਾ ਕਿ  ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਤਾਂ ਬਣਾ ਦਿੱਤਾ ਹੈ, ਪਰ ਹੁਣ ਲੋਕਾਂ ਨੂੰ ਉਨ੍ਹਾਂ ਦੇ ‘ਦਰਸ਼ਨ’ ਹੀ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਕੈਪਟਨ ਦੀ ਜ਼ਿੰਮੇਵਾਰੀ ਸੀ ਕਿ ਉਹ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਉਂਦੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਧਾਰਮਿਕ ਸ਼ਖ਼ਸੀਅਤਾਂ ‘ਤੇ ਹਮਲਿਆਂ ਸਬੰਧੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹੋਰ ਸਵਾਲ ਕਰਨ ‘ਤੇ ਉਨ੍ਹਾਂ ਨੇ ਮੀਡੀਆ ਨੂੰ ‘ਚੰਗੇ’ ਸਵਾਲ ਪੁੱਛਣ ਦੀ ਸਲਾਹ ਦੇ ਦਿੱਤੀ। ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੀ ਉਨ੍ਹਾਂ ਨੂੰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਭੇਜਿਆ ਹੈ। ਪੁਲੀਸ ਵੱਲੋਂ ਇਸ ਕੇਸ ਸਬੰਧੀ ਸੀਬੀਆਈ ਦੀ ਮਦਦ ਲਈ ਜਾ ਰਹੀ ਹੈ ਤੇ ਛੇਤੀ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।
‘ਆਪ’ ਦੇ ਸੂਬਾਈ ਉਪ ਪ੍ਰਧਾਨ ਅਮਨ ਅਰੋੜਾ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਗ੍ਰਹਿ ਵਿਭਾਗ ਹੈ ਤੇ ਉਨ੍ਹਾਂ ਨੂੰ ਇਹ ਵਿਭਾਗ ਛੱਡ ਕੇ ਕਿਸੇ ਹੋਰ ਵਿਧਾਇਕ ਨੂੰ ਇਹ ਵਿਭਾਗ ਦੇ ਦੇਣਾ ਚਾਹੀਦਾ ਹੈ। ਮਸੀਹ ਭਾਈਚਾਰੇ ਦੇ ਲੋਕਾਂ ਨੇ ਪ੍ਰਾਰਥਨਾ ਕੀਤੀ ਕਿ ਪ੍ਰਮਾਤਮਾ ਸੁਲਤਾਨ ਮਸੀਹ ਦੀ ਆਤਮਾ ਨੂੰ ਸ਼ਾਂਤੀ ਦੇਵੇ।
ਪੁਲੀਸ ਨੇ ਹਿਰਾਸਤ ਵਿੱਚ ਲਏ ਸ਼ੱਕੀ :
ਪੁਲੀਸ ਕਮਿਸ਼ਨਰ ਆਰ.ਐਨ. ਢੋਕੇ ਨੇ ਦਾਅਵਾ ਕੀਤਾ ਕਿ ਕਤਲ ਕਾਂਡ ਸਬੰਧੀ ਪੁਲੀਸ ਨੂੰ 18 ਕਿਲੋਮੀਟਰ ਦੇ ਦਾਇਰੇ ਦੀ ਸੀਸੀਟੀਵੀ ਫੁਟੇਜ ਮਿਲੀ ਹੈ, ਜਿਸ ਵਿੱਚ ਮੁਲਜ਼ਮਾਂ ਬਾਰੇ ਕਾਫ਼ੀ ਜਾਣਕਾਰੀ ਮਿਲੀ ਹੈ। ਪੁਲੀਸ ਨੇ ਵੱਖ ਵੱਖ ਪਿੰਡਾਂ ਤੇ ਹੋਰਨਾਂ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਸੀ, ਜਿਸ ਤੋਂ ਬਾਅਦ ਕਈ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ।