ਪਾਦਰੀ ਦੇ ਕਤਲ ਵਿਰੁਧ ਮਸੀਹ ਭਾਈਚਾਰੇ ‘ਚ ਭਾਰੀ ਰੋਹ

0
301

ਮੁਜ਼ਾਹਰਾਕਾਰੀਆਂ ਨੇ ਲੁਧਿਆਣਾ ‘ਚ ਆਮ ਜੀਵਨ ਕੀਤਾ ਠੱਪ

for punjab Police official trying to prevent the protesters to block the service lane at Ludhiana-Jalandhar highway. Tribune Photo ; Himanshu mahajan.
ਕੈਪਸ਼ਨ : ਪ੍ਰਦਰਸ਼ਨਕਾਰੀਆਂ ਨੂੰ ਲੁਧਿਆਣਾ-ਜਲੰਧਰ ਸ਼ਾਹਰਾਹ ‘ਤੇ ਜਾਮ ਲਾਉਣ ਤੋਂ ਰੋਕਦੀ ਹੋਈ ਪੁਲੀਸ।

ਲੁਧਿਆਣਾ/ਬਿਊਰੋ ਨਿਊਜ਼:
ਸਥਾਨਕ ਸਲੇਮ ਟਾਬਰੀ ਦੇ ਪੀਰੂਬੰਦਾ ਇਲਾਕੇ ਵਿੱਚ ਪਾਦਰੀ ਸੁਲਤਾਨ ਮਸੀਹ ਦੀ ਹੱਤਿਆ ਤੋਂ ਬਾਅਦ ਗੁੱਸੇ ਵਿੱਚ ਆਏ ਮਸੀਹ ਭਾਈਚਾਰੇ ਨੇ ਕੌਮੀ ਮਾਰਗ ਨੰਬਰ ਇਕ ਉਤੇ ਜਲੰਧਰ ਬਾਈਪਾਸ ਉਪਰ ਜਾਮ ਲਾ ਦਿੱਤਾ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਪਾਦਰੀ ਸੁਲਤਾਨ ਮਸੀਹ ਦਾ ਗਿਰਜਾਘਰ ਦੇ ਨਾਲ ਹੀ ਘਰ ਹੈ। ਸ਼ਨਿੱਚਰਵਾਰ ਰਾਤੀਂ ਕਰੀਬ ਪੌਣੇ ਨੌਂ ਵਜੇ ਉਹ ਫੋਨ ਸੁਣਦੇ ਹੋਏ ਘਰ ਤੋਂ ਬਾਹਰ ਆ ਗਏ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਤਿੰਨ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਗੁੱਸੇ ਵਿੱਚ ਆਏ ਮਸੀਹ ਭਾਈਚਾਰੇ ਨੇ ਅੱਜ ਜਲੰਧਰ ਬਾਈਪਾਸ ‘ਤੇ ਕੌਮੀ ਮਾਰਗ ਜਾਮ ਕਰ ਦਿੱਤਾ, ਜਿਸ ਕਾਰਨ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਪ੍ਰਦਰਸ਼ਨਕਾਰੀਆਂ ਨੇ ਕਿਸੇ ਵੀ ਵਾਹਨ ਨੂੰ ਨਹੀਂ ਲੰਘਣ ਦਿੱਤਾ। ਪੁਲੀਸ ਨੇ ਥਾਣਾ ਬਸਤੀ ਜੋਧੇਵਾਲ ਕੋਲ ਤੇ ਹੋਟਲ ਅਮਲਤਾਸ ਕੋਲ ਬੈਰੀਕੇਡ ਲਾ ਕੇ ਟਰੈਫਿਕ ਰੋਕ ਦਿੱਤਾ ਤਾਂ ਕਿ ਕਿਸੇ ਵੀ ਵਾਹਨ ਚਾਲਕ ਨੂੰ ਨੁਕਸਾਨ ਨਾ ਹੋਵੇ। ਪ੍ਰਦਰਸ਼ਨ ਕਾਰਨ ਸਾਰੇ ਸ਼ਹਿਰ ਵਿੱਚ ਟਰੈਫਿਕ ਵਿਵਸਥਾ ਗੜਬੜਾ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀ ਕੌਮੀ ਮਾਰਗ ਨਾਲ ਸਰਵਿਸ ਲੇਨ ‘ਤੇ ਵੀ ਇਕੱਠੇ ਹੋ ਗਏ ਸਨ। ਉਹ ਕਿਸੇ ਵੀ ਵਾਹਨ ਨੂੰ ਨਹੀਂ ਲੰਘਣ ਦੇ ਰਹੇ ਸਨ।
ਜਦੋਂ ਇਕ ਪੁਲੀਸ ਅਧਿਕਾਰੀ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਵਿਚਾਲੇ ਤਿੱਖੀ ਬਹਿਸ ਹੋ ਗਈ। ਮੌਕੇ ਉਤੇ ਮੌਜੂਦ ਹੋਰ ਪੁਲੀਸ ਮੁਲਾਜ਼ਮਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਇਆ ਤੇ ਆਪਣੇ ਅਧਿਕਾਰੀਆਂ ਨੂੰ ਉਥੋਂ ਲੈ ਗਏ। ਪ੍ਰਦਰਸ਼ਨ ਦੀ ਸੂਚਨਾ ਮਿਲਦੇ ਹੀ ਕਾਂਗਰਸੀ ਵਿਧਾਇਕ ਸੁਰਿੰਦਰ ਡਾਬਰ, ਭਾਰਤ ਭੂਸ਼ਣ ਆਸ਼ੂ, ਸੰਜੈ ਤਲਵਾੜ, ਕੁਲਦੀਪ ਸਿੰਘ ਵੈਦ, ਭੁਪਿੰਦਰ ਸਿੱਧੂ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁਰਪ੍ਰੀਤ ਗੋਗੀ ਮੌਕੇ ਉਤੇ ਪੁੱਜੇ। ਇਸ ਦੌਰਾਨ ਪੁਲੀਸ ਕਮਿਸ਼ਨਰ ਆਰ.ਐਨ. ਢੋਕੇ ਹੋਰ ਪੁਲੀਸ ਅਧਿਕਾਰੀਆਂ ਨਾਲ ਜਲੰਧਰ ਬਾਈਪਾਸ ਪੁੱਜੇ।
ਇਸ ਮਗਰੋਂ ਵਿਧਾਇਕਾਂ ਤੇ ਪੁਲੀਸ ਕਮਿਸ਼ਨਰ ਨੇ ਮਸੀਹ ਭਾਈਚਾਰੇ ਦੇ ਵਫ਼ਦ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਪੁਲੀਸ ਕਮਿਸ਼ਨਰ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਲਦੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਧਰਨਾ ਸਮਾਪਤ ਹੋਇਆ। ਦੂਜੇ ਪਾਸੇ ਪਾਦਰੀ ਸੁਲਤਾਨ ਮਸੀਹ ਦੇ ਭਰਾ ਰਾਜੂ ਮਸੀਹ ਤੇ ਕ੍ਰਿਸ਼ਚਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਐਲਬਰਟ ਦੂਆ ਨੇ ਕਿਹਾ ਕਿ ਜਦੋਂ ਤੱਕ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ, ਉਦੋਂ ਤੱਕ ਲਾਸ਼ ਨੂੰ ਦਫ਼ਨਾਇਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ 11 ਮੈਂਬਰੀ ਕਮੇਟੀ ਬਣਾਈ ਜਾ ਰਹੀ ਹੈ, ਜੋ ਸੰਘਰਸ਼ ਬਾਰੇ ਫੈਸਲਾ ਲਵੇਗੀ।
ਪੁਲੀਸ ਕਮਿਸ਼ਨਰ ਆਰ.ਐਨ. ਢੋਕੇ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਕਾਇਮ ਕਰ ਦਿੱਤੀ ਹੈ। ਇਹ ਟੀਮ ਡਿਪਟੀ ਕਮਿਸ਼ਨਰ ਆਫ਼ ਪੁਲੀਸ ਕਰਾਈਮ ਗਗਨਅਜੀਤ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ ਹੈ। ਇਸ ਵਿੱਚ ਏਡੀਸੀਪੀ 1, ਏਸੀਪੀ ਜਾਂਚ ਤੇ ਥਾਣਾ ਸਲੇਮ ਟਾਬਰੀ ਦੇ ਮੁੱਖ ਅਫ਼ਸਰ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਸੂਬਾ ਸਰਕਾਰ ਨੇ ਪੀੜਤ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਮਾਲੀ ਸਹਾਇਤਾ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।

ਪੁਲੀਸ ਮੁਖੀ ਫਿਰਕੂ ਤੱਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ: ਕੈਪਟਨ
ਚੰਡੀਗੜ੍ਹ :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਦਰੀ ਦੀ ਹੱਤਿਆ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲੀਸ ਮੁਖੀ  ਸੁਰੇਸ਼ ਅਰੋੜਾ ਨੂੰ ਨਿਰਦੇਸ਼ ਦਿੱਤਾ ਕਿ ਫਿਰਕੂ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਕਰਨ। ਮੁੱਖ ਮੰਤਰੀ ਨੇ ਪੁਲੀਸ ਅਤੇ ਖ਼ੁਫ਼ੀਆ ਏਜੰਸੀਆਂ ਵਿੱਚ ਆਪਸੀ ਤਾਲਮੇਲ ਯਕੀਨੀ ਬਣਾਉਣ ਵਾਸਤੇ ਵੀ ਕਿਹਾ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਅਗਾਊਂ ਕਦਮ ਚੁੱਕੇ ਜਾ ਸਕਣ। ਉਨ੍ਹਾਂ ਕਿਹਾ ਕਿ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਨੂੰ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਡਿਊਟੀ ਵਿੱਚ ਅਣਗਹਿਲੀ ਵਰਤਣ ਵਾਲੇ ਪੁਲੀਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ। ਪਾਦਰੀ ਸੁਲਤਾਨ ਮਸੀਹ ਦੀ ਹੱਤਿਆ ਦੀ ਨਿਖੇਧੀ ਕਰਦਿਆਂ ਉਨ੍ਹਾਂ ਫੀਲਡ ਅਧਿਕਾਰੀਆਂ ਨੂੰ ਮਸੀਹ ਭਾਈਚਾਰੇ ਦੇ ਸਥਾਨਕ ਆਗੂਆਂ ਨਾਲ ਤਾਲਮੇਲ ਬਣਾਉਣ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਜਨਵਰੀ 2016 ਤੋਂ ਪੰਜਾਬ ਵਿੱਚ ਮਿੱਥ ਕੇ ਕੀਤੀਆਂ ਹੱਤਿਆਵਾਂ ਦੀ ਸੀਬੀਆਈ ਜਾਂਚ ਵਿੱਚ ਤੇਜ਼ੀ ਲਿਆਉਣ ਦਾ ਮਾਮਲਾ ਪਹਿਲਾਂ ਹੀ ਪ੍ਰਧਾਨ ਮੰਤਰੀ ਕੋਲ ਉਠਾਇਆ ਹੈ।