ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਉਤਰਨ ਲਈ ਲਿਫਟ ਲਾਈ

0
343

pic-outdour-lift-in-darbar-sahib
ਅੰਮ੍ਰਿਤਸਰ/ਬਿਊਰੋ ਨਿਊਜ਼:
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਆਉਣ ਵਾਲੇ ਬਜ਼ੁਰਗ ਸੰਗਤਾਂ ਦੀ ਸਹੂਲਤ ਲਈ ਅਕਾਲ ਤਖ਼ਤ ਦੇ ਸਕੱਤਰੇਤ ਵਾਲੇ ਪਾਸੇ ਪੌੜੀਆਂ ਨਾਲ ਪਹਿਲੀ ਆਊਟਡੋਰ ਸਟੇਅਰ ਲਿਫਟ (ਪੌੜੀਆਂ ਵਾਲੀ ਲਿਫਟ) ਲਾਈ ਗਈ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਨੇ ਦੱਸਿਆ ਕਿ ਦਰਬਾਰ ਸਾਹਿਬ ਵਿੱਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਹਨ, ਜਿਨ੍ਹਾਂ ਵਿੱਚ ਬਜ਼ੁਰਗ ਅਤੇ ਅਪਾਹਜ ਵੀ ਸ਼ਾਮਲ ਹੁੰਦੇ ਹਨ। ਪ੍ਰਬੰਧਕਾਂ ਵੱਲੋਂ ਅਪਾਹਜ ਤੇ ਬਜ਼ੁਰਗ ਸੰਗਤਾਂ ਵਾਸਤੇ ਵੀਲ੍ਹ ਚੇਅਰ ਦਾ ਪ੍ਰਬੰਧ ਕੀਤਾ ਹੋਇਆ ਹੈ, ਜਿਸ ਰਾਹੀਂ ਉਹ ਪਰਿਕਰਮਾ ਕਰਕੇ ਗੁਰੂ ਘਰ ਵਿੱਚ ਨਤਮਸਤਕ ਹੁੰਦੇ ਹਨ ਪਰ ਪਰਿਕਰਮਾ ਵਿੱਚ ਹੇਠਾਂ ਉਤਰਨ ਵਾਸਤੇ ਅਜਿਹੇ ਸ਼ਰਧਾਲੂਆਂ ਨੂੰ ਮੁਸ਼ਕਲ ਪੇਸ਼ ਆਉਂਦੀ ਹੈ।
ਇਸ ਦੇ ਹੱਲ ਲਈ ਅਕਾਲ ਤਖ਼ਤ ਦੇ ਸਕੱਤਰੇਤ ਵਾਲੇ ਪਾਸੇ ਪੌੜੀਆਂ ਵਾਲੀ ਲਿਫਟ ਲਾਈ ਗਈ ਹੈ, ਜੋ ਸੀਟ ਨਾਲ ਲੱਗੇ ਸਵਿੱਚ ਤੋਂ ਇਲਾਵਾ ਰਿਮੋਟ ਨਾਲ ਵੀ ਚੱਲੇਗੀ ਤੇ ਵੀਲ੍ਹ ਚੇਅਰ ‘ਤੇ ਆਉਣ ਵਾਲੇ ਸ਼ਰਧਾਲੂ ਇਸ ‘ਤੇ ਆਰਾਮ ਨਾਲ ਬੈਠ ਕੇ ਹੇਠਾਂ ਪਰਿਕਰਮਾ ਵਿੱਚ ਪੁੱਜ ਸਕਣਗੇ। ਇਸ ਸਟੇਅਰ ਲਿਫ਼ਟ ਦੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਤੇ ਬਾਬਾ ਸੁਖਵਿੰਦਰ ਸਿੰਘ ਕਾਰ ਸੇਵਾ ਸੰਪਰਦਾ ਭੂਰੀ ਵਾਲਿਆਂ ਵੱਲੋਂ ਕਰਵਾਈ ਗਈ ਹੈ। 127 ਕਿਲੋਗ੍ਰਾਮ ਤੱਕ ਭਾਰ ਚੁੱਕਣ ਦੀ ਸਮਰੱਥਾ ਵਾਲੀ ਇਸ ਲਿਫਟ ਦੀ ਕੀਮਤ ਅੰਦਾਜ਼ਨ ਇੱਕ ਲੱਖ ਰੁਪਏ ਹੈ।