ਜੋਧਪੁਰ ਜੇਲ੍ਹ : ਬੇਕਸੂਰ ਨਜ਼ਰਬੰਦ ਕੀਤੇ ਸਿੱਖਾਂ ਨੂੰ 3 ਦਹਾਕਿਆਂ ਬਾਅਦ ਮਿਲਿਆ 4-4 ਲੱਖ ਦਾ ਮੁਆਵਜ਼ਾ

0
126

nazarband-sikh
ਅੰਮ੍ਰਿਤਸਰ/ਬਿਊਰੋ ਨਿਊਜ਼ :
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੂਨ, 1984 ਵਿਚ ਹੋਏ ਫੌਜੀ ਹਮਲੇ ‘ਸਾਕਾ ਨੀਲਾ ਤਾਰਾ’ ਦੌਰਾਨ ਫੌਜ ਵੱਲੋਂ ਗ੍ਰਿਫਤਾਰ ਕੀਤੇ ਬੇਕਸੂਰ ਸਿੱਖ ਨੌਜਵਾਨਾਂ ਤੇ ਸ਼ਰਧਾਲੂਆਂ ਨੂੰ ਜੋਧਪੁਰ ਦੀ ਜੇਲ੍ਹ ਵਿਚ ਬਿਨਾਂ ਵਜ੍ਹਾ ਪੰਜ ਸਾਲ ਹਿਰਾਸਤ ਵਿਚ ਰੱਖਣ ਤੇ ਤਸੀਹੇ ਦੇਣ ਦੇ ਮਾਮਲੇ ਵਿਚ ਉਨ੍ਹਾਂ ਵੱਲੋਂ ਮੁਆਵਜ਼ੇ ਲਈ ਪਾਈਆਂ ਸਮੂਹਕ ਅਪੀਲਾਂ ਨੂੰ ਮਨਜ਼ੂਰ ਕਰਦਿਆਂ ਇਥੇ ਅਦਾਲਤ ਵੱਲੋਂ ਇਤਿਹਾਸਕ ਫੈਸਲਾ ਦਿੰਦਿਆਂ ਹਰੇਕ ਅਪੀਲਕਰਤਾਂ ਨੂੰ ਚਾਰ-ਚਾਰ ਲੱਖ ਰੁਪਏ ਮੁਆਵਜ਼ਾ ਸਣੇ ਵਿਆਜ ਦਿੱਤੇ ਜਾਣ ਦਾ ਹੁਕਮ ਸੁਣਾਇਆ ਗਿਆ ਹੈ। ਕਾਫੀ ਲੰਬੇ ਸਮੇਂ ਤੋਂ ਮੁਆਵਜ਼ਾ ਲੈਣ ਲਈ ਜੱਦੋ-ਜਹਿਦ ਕਰ ਰਹੇ ਸਿੱਖ ਨਜ਼ਰਬੰਦਾਂ ਨੂੰ ਜ਼ਿਲ੍ਹਾ ਸ਼ੈਸਨ ਜੱਜ ਅੰਮ੍ਰਿਤਸਰ ਗੁਰਬੀਰ ਸਿੰਘ ਦੀ ਅਦਾਲਤ ਵੱਲੋਂ ਮੁਆਵਜ਼ੇ ਬਾਰੇ ਦਿੱਤੇ ਗਏ ਫੈਸਲੇ ਨਾਲ ਜੋਧਪੁਰ ਬੰਦੀਆਂ ਨੂੰ ਲਗਭਗ ਤਿੰਨ ਦਹਾਕਿਆਂ ਬਾਅਦ ਵੱਡੀ ਰਾਹਤ ਮਿਲੀ ਹੈ। ਇਥੇ ਅਦਾਲਤ ਵਿਚ ਜੋਧਪੁਰ ਦੇ ਸਿੱਖ ਨਜ਼ਰਬੰਦਾਂ ਵੱਲੋਂ ਪੈਰਵਾਈ ਕਰ ਰਹੇ ਸੀਨੀਅਰ ਸਿੱਖ ਵਕੀਲ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ ਨੇ ਦੱਸਿਆ ਕਿ 6 ਜੂਨ, 1984 ਨੂੰ ਭਾਰਤੀ ਫੌਜ ਵੱਲੋਂ ਟੈਂਕ ਚਾੜ੍ਹ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਤੇ ਫੌਜੀ ਹਮਲਾ ਕੀਤਾ ਗਿਆ ਤੇ ਕਾਫੀ ਸਿੱਖ ਸੰਗਤਾਂ ਦੇ ਕਤਲੇਆਮ ਉਪੰਰਤ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚੋਂ 364 ਦੇ ਕਰੀਬ ਸਿੱਖ ਨੌਜਵਾਨਾਂ ਤੇ ਸ਼ਰਧਾਲੂਆਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਨੂੰ ਕੁਝ ਸਮਾਂ ਫੌਜੀ ਛਾਉਣੀ ਵਿਚ ਰੱਖ ਕੇ ਤਸੀਹੇ ਦੇਣ ਉਪਰੰਤ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿਚ ਡੱਕ ਦਿੱਤਾ ਗਿਆ ਪਰ ਇਨ੍ਹਾਂ ਨੌਜਵਾਨਾਂ ਖਿਲਾਫ ਨਾ ਤਾਂ ਕੋਈ ਕੇਸ ਚਲਿਆ ਤੇ ਨਾ ਹੀ ਇਨ੍ਹਾਂ ਨੂੰ ਕਿਸੇ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਬਿਨਾਂ ਵਜ੍ਹਾ ਪੰਜ ਸਾਲ ਜੇਲ੍ਹ ਵਿਚ ਡੱਕੀ ਰਖਣ ਮਗਰੋਂ 6 ਮਾਰਚ, 1989 ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਕੇਸ ਸਬੰਧੀ ਹੇਠਲੀ ਅਦਾਲਤ ਵੱਲੋਂ ਦਿੱਤੇ ਫੈਸਲੇ ਖ਼ਿਲਾਫ਼ 40 ਸਿੱਖ ਨਜ਼ਬਰੰਦਾਂ ਵੱਲੋਂ ਉੱਚ ਅਦਾਲਤ ਵਿਚ ਅਪੀਲਾਂ ਪਾਈਆਂ ਗਈਆਂ ਸਨ, ਜੋ ਕਿ ਇਥੇ ਉਕਤ ਜ਼ਿਲ੍ਹਾ ਤੇ ਸ਼ੈਸਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਦੇ ਵਿਚਾਰ ਅਧੀਨ ਸਨ, ਜਿਨ੍ਹਾਂ ਵੱਲੋਂ ਇਤਿਹਾਸਕ ਫੈਸਲਾ ਦਿੰਦਿਆਂ ਹਰੇਕ ਅਪੀਲਕਰਤਾ ਨੂੰ ਚਾਰ ਲੱਖ ਮੁਆਵਜ਼ਾ ਤੇ ਛੇ ਫੀਸਦੀ ਵਿਆਜ (ਕੇਸ ਦਾਇਰ ਕਰਨ ਤੋਂ ਮਿਲਣ ਵਾਲੇ ਸਮੇਂ ਤੱਕ) ਸਣੇ ਦੇਣ ਦਾ ਹੁਕਮ ਸੁਣਾਇਆ ਗਿਆ ਹੈ।