ਨਵਜੋਤ ਸਿੱਧੂ ਵਲੋਂ ਸੜੀ ਕਣਕ ਦਾ 24 ਲੱਖ ਰੁਪਏ ਮੁਆਵਜ਼ਾ ਪੱਲਿਓਂ ਦੇਣ ਦਾ ਐਲਾਨ

0
349

navjot-sidhu
ਕੈਪਸ਼ਨ- ਪਿੰਡ ਓਠੀਆਂ ਵਿੱਚ ਪੀੜਤ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਸਿੰਘ ਸਿੱਧੂ।
ਅੰਮ੍ਰਿਤਸਰ/ਬਿਊਰੋ ਨਿਊਜ਼ :
ਰਾਜਾਸਾਂਸੀ ਹਲਕੇ ਦੇ ਪਿੰਡ ਓਠੀਆਂ ਨੇੜੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਜਿਨ੍ਹਾਂ ਕਿਸਾਨਾਂ ਦੀ 300 ਏਕੜ ਕਣਕ ਸੜ ਗਈ ਸੀ, ਉਨ੍ਹਾਂ ਨੂੰ ਹੌਸਲਾ ਦੇਣ ਪੁੱਜੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਪੁੱਜੇ। ਉਨ੍ਹਾਂ ਪੀੜਤ ਕਿਸਾਨਾਂ ਨੂੰ ਆਪਣੀ ਜੇਬ੍ਹ ਵਿੱਚੋਂ 24 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕਰ ਕੇ ਨਿਰਾਸ਼ ਕਿਸਾਨਾਂ ਦੇ ਚਿਹਰਿਆਂ ‘ਤੇ ਰੌਣਕ ਲੈ ਆਂਦੀ। ਦੱਸਣਯੋਗ ਹੈ ਕਿ ਇਹ ਇਲਾਕਾ ਸ੍ਰੀ ਸਿੱਧੂ ਦੇ ਵਿਧਾਨ ਸਭਾ ਹਲਕੇ ਦਾ ਹਿੱਸਾ ਨਹੀਂ ਅਤੇ ਖੇਤੀ ਮਹਿਕਮਾ ਵੀ ਉਨ੍ਹਾਂ ਨਾਲ ਸਬੰਧਤ ਨਹੀਂ ਪਰ ਫਿਰ ਵੀ ਕਿਸਾਨਾਂ ਦਾ ਦਰਦ ਮਹਿਸੂਸ ਕਰਦਿਆਂ ਸ੍ਰੀ ਸਿੱਧੂ ਕਿਸਾਨਾਂ ਨੂੰ ਮਿਲਣ ਲਈ ਪੁੱਜੇ। ਉਹ ਪ੍ਰਭਾਵਤ ਖੇਤਾਂ ਵਿੱਚ ਗਏ ਅਤੇ ਪੀੜਤ ਕਿਸਾਨਾਂ ਨੂੰ ਹੌਸਲਾ ਦਿੱਤਾ।
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਤੁਹਾਡੀ ਕਣਕ ਦਾ ਨੁਕਸਾਨ ਸ਼ਾਰਟ ਸਰਕਟ ਕਾਰਨ ਹੋਇਆ ਹੈ ਅਤੇ ਇਸ ਦਾ ਪੰਜਾਬ ਸਰਕਾਰ ਵੱਲੋਂ ਤੈਅ 8 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਪਾਵਰਕੌਮ ਵੱਲੋਂ ਦਿੱਤਾ ਜਾਵੇਗਾ। ਇਹ ਕੁੱਲ ਰਕਮ ਤਕਰੀਬਨ 24 ਲੱਖ ਰੁਪਏ ਬਣੇਗੀ ਅਤੇ ਇੰਨਾ ਹੀ ਮੁਆਵਜ਼ਾ ਉਹ ਆਪਣੀ ਜੇਬ੍ਹ ਵਿੱਚੋਂ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਚੰਗੇ ਭਾਗ ਹਨ ਕਿ ਅੱਜ ਕੈਪਟਨ ਸਰਕਾਰ ਨੇ ਸੂਬੇ ਦੀ ਵਾਗਡੋਰ ਸੰਭਾਲੀ ਹੈ। ਛੇਤੀ ਹੀ ਪੰਜਾਬ ਦੇ ਕਿਸਾਨਾਂ ਲਈ ਅਜਿਹੀ ਨੀਤੀ ਤਿਆਰ ਕੀਤੀ ਜਾਵੇਗੀ ਕਿ ਕਿਸੇ ਕਿਸਾਨ ਨੂੰ ਕਰਜ਼ਾ ਚੁੱਕਣ ਦੀ ਨੌਬਤ ਹੀ ਨਾ ਆਵੇ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਗੱਡੀਆਂ ਦੀ ਘਾਟ ਵਾਲੀ ਗੱਲ ਸੁਣਨ ‘ਤੇ ਸ੍ਰੀ ਸਿੱਧੂ ਨੇ ਤੁਰੰਤ ਅਜਨਾਲਾ, ਰਾਜਾਸਾਂਸੀ, ਅੰਮ੍ਰਿਤਸਰ ਪੂਰਬੀ ਅਤੇ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕਿਆਂ ਵਿੱਚ ਇਕ ਇਕ ਅੱਗ ਬੁਝਾਊ ਗੱਡੀ ਦੇਣ ਦਾ ਐਲਾਨ ਕੀਤਾ।
ਸ੍ਰੀ ਸਿੱਧੂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਐਸਡੀਐਮ ਅਜਨਾਲਾ ਡਾ. ਅਨੂਪ੍ਰੀਤ ਕੌਰ ਅਤੇ ਹੋਰ ਅਧਿਕਾਰੀਆਂ ਦੀ ਸਿਫ਼ਤ ਕਰਦਿਆਂ ਕਿਹਾ ਕਿ ਅੱਗ ਲੱਗਣ ਮੌਕੇ ਇਹ ਅਧਿਕਾਰੀ ਮੌਕੇ ‘ਤੇ ਪਹੁੰਚੇ ਸਨ ਅਤੇ ਛੁੱਟੀ ਹੋਣ ਦੇ ਬਾਵਜੂਦ ਉਨ੍ਹਾਂ ਨਾਲ ਕਿਸਾਨਾਂ ਦੀ ਹੌਸਲਾ ਅਫ਼ਜ਼ਾਈ ਲਈ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਹਰ ਅਧਿਕਾਰੀ ਲੋਕਾਂ ਦੀ ਸੇਵਾ ਲਈ ਤਤਪਰ ਹੈ।
ਇਸ ਮੌਕੇ ਸ੍ਰੀ ਸਿੱਧੂ ਵੱਲੋਂ ਪੁੱਛੇ ਜਾਣ ‘ਤੇ ਡਿਪਟੀ ਕਮਿਸ਼ਨਰ ਸ੍ਰੀ ਸੰਘਾ ਨੇ ਦੱਸਿਆ ਕਿ ਉਹ ਜਲਦੀ ਇਸ ਨੁਕਸਾਨ ਦੀ ਗਿਰਦਾਵਰੀ ਕਰਾ ਕੇ ਕੇਸ ਪਾਵਰਕੌਮ ਨੂੰ ਮੁਆਵਜ਼ੇ ਲਈ ਭੇਜ ਦੇਣਗੇ ਅਤੇ ਖ਼ੁਦ ਵਿਭਾਗ ਨਾਲ ਤਾਲਮੇਲ ਰੱਖ ਕੇ ਛੇਤੀ ਤੋਂ ਛੇਤੀ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਦਾ ਯਤਨ ਕਰਨਗੇ।