ਪਰਵਾਸੀ ਡਰੱਗ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ

0
394

nashian-lai-parwasi-bhartian-di-girftari
ਪਟਿਆਲਾ/ਬਿਊਰੋ ਨਿਊਜ਼ :
ਖਡੂਰ ਸਾਹਿਰ ਤੋਂ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਆਪਣੇ ਹਲਕੇ ਵਿੱਚ ਨਸ਼ਿਆਂ ਖ਼ਿਲਾਫ਼ ਜਨਤਕ ਮੁਹਿੰਮ ਵਿੱਢ ਦਿੱਤੀ ਹੈ। ਉਧਰ, ਪੰਜਾਬ ਪੁਲੀਸ ਨੇ ਵੀ ਨਸ਼ਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕਰਦਿਆਂ ਨਸ਼ਿਆਂ ਖ਼ਿਲਾਫ਼ ਜੇਲ੍ਹ ਵਿੱਚ ਬੰਦ ਕਥਿਤ ਤਸਕਰ ਜਗਦੀਸ਼ ਭੋਲਾ ਵੱਲੋਂ ਸੁਝਾਏ ਦਸ ਮੰਨੇ ਪ੍ਰਮੰਨੇ ਪ੍ਰਵਾਸੀ ਭਾਰਤੀਆਂ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ੍ਰੀ ਸਿੱਕੀ ਨੇ ਆਪਣੇ ਹਲਕੇ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਜਾਂ ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਜੁੜੇ ਮੁਲਜ਼ਮਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅਜਿਹੇ ਧੰਦੇ ਬੰਦ ਕਰਕੇ ਕੋਈ ਸਾਫ਼ ਸੁਥਰਾ ਕਾਰੋਬਾਰ ਸ਼ੁਰੂ ਕਰ ਲੈਣ ਨਹੀਂ ਤਾਂ ਫੜੇ ਜਾਣ ‘ਤੇ ਉਨ੍ਹਾਂ ਦੀ ਮਦਦ ਲਈ ਕੋਈ ਵੀ ਅੱਗੇ ਨਹੀਂ ਆਵੇਗਾ। ਇਸ ਸਬੰਧੀ ਉਨ੍ਹਾਂ ਆਪਣੇ ਹਲਕੇ ਦੇ ਗੁਰਦੁਆਰਿਆਂ ਤੋਂ ਮੁਨਾਦੀ ਵੀ ਕਰਾਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਨਸ਼ਿਆਂ ਦੇ ਧੰਦੇ ਵਿੱਚ ਗ੍ਰਿਫ਼ਤਾਰ ਹੋਣ ਵਾਲੇ ਦੀ ਹਲਕੇ ਦਾ ਕੋਈ ਵੀ ਵਿਅਕਤੀ ਮਦਦ ਨਾ ਕਰੇ। ਸਿੱਕੀ ਨੇ ਸਪਸ਼ਟ ਕੀਤਾ ਕਿ ਅਜਿਹੇ ਮਾਮਲੇ ਵਿੱਚ ਗ੍ਰਿਫ਼ਤਾਰ ਕੋਈ ਵੀ ਵਿਅਕਤੀ ਚਾਹੇ ਉਹ ਉਨ੍ਹਾਂ ਦਾ ਕੋਈ ਵਰਕਰ ਹੀ ਕਿਉਂ ਨਾ ਹੋਵੇ, ਮਦਦ ਨਹੀਂ ਕੀਤੀ ਜਾਵੇਗੀ। ਰਮਨਜੀਤ ਸਿੰਘ ਸਿੱਕੀ ਪਹਿਲੇ ਅਜਿਹੇ ਵਿਧਾਇਕ ਹਨ, ਜਿਨ੍ਹਾਂ ਨੇ ਨਸ਼ਿਆਂ ਖ਼ਿਲਾਫ਼ ਇਸ ਤਰ੍ਹਾਂ ਦਾ ਸਪਸ਼ਟ ਸਟੈਂਡ ਲਿਆ ਹੈ। ਉਧਰ, ਪੰਜਾਬ ਪੁਲੀਸ ਵੱਲੋਂ ਡਰੱਗ ਤਸਕਰੀ ਕੇਸ ਦੀ ਜਾਂਚ ਹੋਰ ਤੇਜ਼ ਕਰਦਿਆਂ ਮੁਲਜ਼ਮਾਂ ਅਮਰਜੀਤ ਸਿੰਘ ਕੂਨਰ, ਪ੍ਰਦੀਪ ਸਿੰਘ ਧਾਲੀਵਾਲ, ਰਣਜੀਤ ਔਜਲਾ, ਸਰਬਜੀਤ ਸੰਦਰ ਦੇ ਨਾਵਾਂ ਦੀ ਸੂਚੀ ਜਾਰੀ ਕਰਦਿਆਂ ਗ੍ਰਹਿ ਵਿਭਾਗ ਨਾਲ ਤਾਲਮੇਲ ਵਧਾ ਦਿੱਤਾ ਹੈ। ਇਸ ਸਬੰਧੀ ਪਟਿਆਲਾ ਦੇ ਐਸਪੀ (ਡੀ) ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਆਪਣਾ ਕੰਮ ਕੀਤਾ ਹੈ।
ਇਨ੍ਹਾਂ ਮੁਲਜ਼ਮਾਂ ਨੂੰ ਭਾਰਤ ਹਵਾਲੇ ਕਰਨ ਦੀ ਕਾਰਵਾਈ ਯਕੀਨੀ ਬਣਾਉਣ ਲਈ ਪੰਜਾਬ ਪੁਲੀਸ ਵੱਲੋਂ ਪੰਜਾਬ ਦੇ ਗ੍ਰਹਿ ਵਿਭਾਗ ਨਾਲ਼ ਚਿੱਠੀ ਪੱਤਰ ਸ਼ੁਰੂ ਕਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੱਧਰ ‘ਤੇ ਅਜਿਹੀ ਸਾਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਹੀ ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਅੱਗੇ ਕੇਂਦਰੀ ਗ੍ਰਹਿ ਵਿਭਾਗ ਕੋਲ਼ ਪਹੁੰਚ ਕੀਤੀ ਜਾਵੇਗੀ, ਤਾਂ ਜੋ ਸਬੰਧਤ ਮੁਲਜ਼ਮਾਂ ਨੂੰ ਵਿਦੇਸ਼ ਤੋਂ ਭਾਰਤ ਲਿਆ ਕੇ ਉਨ੍ਹਾਂ ਦੇ ਖ਼ਿਲਾਫ਼ ਪੁੱਛਗਿੱਛ ਤੇ ਹੋਰ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਸੂਤਰਾਂ ਅਨੁਸਾਰ ਜਿਨ੍ਹਾਂ ਮੁਲਜ਼ਮਾਂ ਖ਼ਿਲਾਫ਼ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਇਨ੍ਹਾਂ ਦੇ ਨਾਮ ਥਾਣਾ ਫਤਿਹਗੜ੍ਹ ਸਾਹਿਬ ਵਿਖੇ 16 ਅਪਰੈਲ 2013 ਨੂੰ ਵੱਖ ਵੱਖ ਧਾਰਾਵਾਂ ਤਹਿਤ ਦਰਜ ਕੇਸਾਂ ਵਿਚ ਸ਼ਾਮਲ ਹਨ।