ਵੀ.ਆਈ.ਪੀ. ਕਲਚਰ ਖ਼ਤਮ ਕਰਨ ਨੂੰ ਤਰਜੀਹ ਦਿਆਂਗੇ : ਮਨਪ੍ਰੀਤ

0
446

manpreet-singh-badal
ਬਠਿੰਡਾ/ਬਿਊਰੋ ਨਿਊਜ਼ :
ਬਠਿੰਡਾ (ਸ਼ਹਿਰੀ) ਤੋਂ ਜੇਤੂ ਕਾਂਗਰਸ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਕਾਂਗਰਸ ਹਕੂਮਤ ਵੀਆਈਪੀ ਕਲਚਰ ਨੂੰ ਖਤਮ ਕਰਨ ਲਈ ਪਹਿਲ ਕਰੇਗੀ ਅਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ਇਨ੍ਹਾਂ ਮੁੱਦਿਆਂ ‘ਤੇ ਚਰਚਾ ਹੋਵੇਗੀ।
ਉਨ੍ਹਾਂ ਆਖਿਆ ਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵੀਆਈਪੀ ਕਲਚਰ ਨੂੰ ਖਤਮ ਕਰਨ ਸਬੰਧੀ ਵਾਅਦਾ ਕੀਤਾ ਸੀ, ਜਿਸ ‘ਤੇ ਪੂਰਨ ਅਮਲ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਲਾਲ ਬੱਤੀ  ਅਤੇ ਗੰਨਮੈਨਾਂ ਤੋਂ ਇਲਾਵਾ ਉਦਘਾਟਨੀ ਪੱਥਰਾਂ ਤੋਂ ਪਰਦੇ ਹਟਾਉਣ ਆਦਿ ਸਬੰਧੀ ਬਾਕਾਇਦਾ ਫ਼ੈਸਲੇ ਲਏ ਜਾਣਗੇ। ਉਨ੍ਹਾਂ ਆਖਿਆ ਕਿ ਚੋਣ ਮਨੋਰਥ ਪੱਤਰ ਨੂੰ ਅਮਲ ਵਿੱਚ ਲਿਆਉਣ ਲਈ ਕੰਮ ਸ਼ੁਰੂ ਹੋ ਜਾਵੇਗਾ। ਮਨਪ੍ਰੀਤ ਬਾਦਲ ਨੇ ਉਮੀਦ ਜਤਾਈ ਕਿ ਕਾਂਗਰਸ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਇਹ ਮਾਮਲੇ ਵਿਚਾਰੇ ਜਾਣਗੇ ਅਤੇ ਫ਼ੈਸਲੇ ਲਏ ਜਾਣਗੇ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਮਨਪ੍ਰੀਤ ਬਾਦਲ ਨੂੰ ਸਰਕਾਰ ਬਣਨ ‘ਤੇ ਵਿੱਤ ਮੰਤਰੀ ਬਣਾਉਣ ਦਾ ਜਨਤਕ ਤੌਰ ‘ਤੇ ਐਲਾਨ ਕੀਤਾ ਸੀ। ਬਠਿੰਡਾ ਹਲਕੇ ਤੋਂ ਪਹਿਲਾਂ ਵੀ ਸੁਰਿੰਦਰ ਸਿੰਗਲਾ ਕੈਪਟਨ ਸਰਕਾਰ ਦੌਰਾਨ ਵਿੱਤ ਮੰਤਰੀ ਰਹਿ ਚੁੱਕੇ ਹਨ। ਜੇ ਮਨਪ੍ਰੀਤ ਬਾਦਲ ਨੂੰ ਵਿੱਤ ਵਿਭਾਗ ਮਿਲਦਾ ਹੈ ਤਾਂ ਬਠਿੰਡਾ ਹਲਕੇ ਦੇ ਉਹ ਦੂਜੇ ਨੁਮਾਇੰਦੇ ਹੋਣਗੇ, ਜਿਨ੍ਹਾਂ ਨੂੰ ਇਹ ਅਹੁਦਾ ਮਿਲੇਗਾ।
ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਇਸ ਸਬੰਧੀ ਪਾਰਟੀ ਲੀਡਰਸ਼ਿਪ ਨੇ ਫ਼ੈਸਲਾ ਕਰਨਾ ਹੈ ਅਤੇ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਉਹ ਤਨਦੇਹੀ ਅਤੇ ਦਿਆਨਤਦਾਰੀ ਨਾਲ ਨਿਭਾਉਣਗੇ। ਉਨ੍ਹਾਂ ਆਖਿਆ ਕਿ ਪੰਜਾਬ ਦੇ ਮਾਲੀ ਹਾਲਾਤ ਨੂੰ ਲੀਹ ‘ਤੇ ਲਿਆਉਣ ਲਈ ਵੱਡਾ ਹੰਭਲਾ ਮਾਰਨ ਦੀ ਲੋੜ ਹੈ। ਪੰਜਾਬ ਨੂੰ ਪੈਰਾਂ ਸਿਰ ਕਰਨ ਵਾਸਤੇ ਹਿੰਮਤ ਅਤੇ ਹੌਸਲੇ ਦੀ ਲੋੜ ਹੈ ਤਾਂ ਜੋ ਸੂਬੇ ਦਾ ਪੁਰਾਣਾ ਰੁਤਬਾ ਬਹਾਲ ਹੋ ਸਕੇ। ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੇ ਹੋਲੀ ਦਾ ਤਿਉਹਾਰ ਵੀ ਹਲਕਾ ਬਠਿੰਡਾ ਦੇ ਲੋਕਾਂ ਨਾਲ ਮਨਾਉਣ ਦਾ ਐਲਾਨ ਕੀਤਾ ਹੈ। ਉਹ ਸਥਾਨਕ ਐਮਐਸਡੀ ਸਕੂਲ ਦੇ ਗਰਾਊਂਡ ਵਿੱਚ ਸ਼ਹਿਰੀ ਲੋਕਾਂ ਨਾਲ ਹੋਲੀ ਖੇਡਣਗੇ।
ਗੁਰਪ੍ਰੀਤ ਸਿੰਘ ਕਾਂਗੜ ਵੀ ਬਣ ਸਕਦੇ ਹਨ ਵਜ਼ੀਰ :
ਹਲਕਾ ਰਾਮਪੁਰਾ ਤੋਂ ਜੇਤੂ ਰਹੇ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੂੰ ਵਜ਼ਾਰਤ ਵਿੱਚ ਭਾਗੀਦਾਰੀ ਮਿਲਣ ਦੀ ਸੰਭਾਵਨਾ ਹੈ। ਉਹ ਹੁਣ ਤੱਕ ਚਾਰ ਚੋਣਾਂ ਲੜ ਚੁੱਕੇ ਹਨ, ਜਿਨ੍ਹਾਂ ਵਿੱਚੋਂ ਤਿੰਨ ਦਫ਼ਾ ਜਿੱਤੇ ਹਨ। ਉਹ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ ਅਤੇ ਸੀਨੀਆਰਤਾ ਪੱਖੋਂ ਵੀ ਵਜ਼ੀਰੀ ਦੇ ਯੋਗ ਹਨ।