ਹੁਣ ਮਨਪ੍ਰੀਤ ਬਾਦਲ ਦੀ ਥਾਂ ਸਾਲਾ ਜੈਜੀਤ ਜੌਹਲ ਕਰੇਗਾ ਲੋਕਾਂ ਦੀ ‘ਸੇਵਾ’

0
578

manpreet-brother-in-law
ਕੈਪਸ਼ਨ- ਬਠਿੰਡਾ ਵਿੱਚ ਆਟਾ ਦਾਲ ਵੰਡ ਸਮਾਗਮਾਂ ਮੌਕੇ ਕਾਂਗਰਸੀ ਆਗੂ ਛੋਟੇ ਲਾਲ ਕੱਪੜੇ ਉਤਾਰ ਕੇ ਆਪਣਾ ਰੋਸ ਜ਼ਾਹਰ ਕਰਦੇ ਹੋਏ।
ਬਠਿੰਡਾ/ਬਿਊਰੋ ਨਿਊਜ਼ :
ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨੇੜਲੇ ਰਿਸ਼ਤੇਦਾਰ (ਸਾਲਾ) ਜੈਜੀਤ ਸਿੰਘ ਜੌਹਲ ਹੁਣ ਹਲਕਾ ਬਠਿੰਡਾ (ਸ਼ਹਿਰੀ) ਦੀ ਸੇਵਾ ਕਰਨਗੇ। ਬਠਿੰਡਾ ਸ਼ਹਿਰੀ ਹਲਕੇ ਵਿੱਚ ਜੈਜੀਤ ਜੌਹਲ ਨੇ ਖੁਦ ਐਲਾਨ ਕੀਤਾ ਕਿ ਵਿੱਤ ਮੰਤਰੀ ਪੰਜਾਬ ਦੇ ਲੋਕਾਂ ਦੀ ਸੇਵਾ ਵਿੱਚ ਰੁੱਝੇ ਰਹਿੰਦੇ ਹਨ, ਜਿਸ ਕਾਰਨ ਸ੍ਰੀ ਮਨਪ੍ਰੀਤ ਬਾਦਲ ਨੇ ਉਨ੍ਹਾਂ ਦੀ ਡਿਊਟੀ ਬਠਿੰਡਾ ਵਾਸੀਆਂ ਦੀ ਸੇਵਾ ਲਈ ਲਗਾਈ ਹੈ। ਖ਼ਜ਼ਾਨਾ ਮੰਤਰੀ ਦੇ ਇਸ ਰਿਸ਼ਤੇਦਾਰ ਵੱਲੋਂ ਬਠਿੰਡਾ ਸ਼ਹਿਰ ਵਿਚ ਆਟਾ ਦਾਲ ਸਕੀਮ ਤਹਿਤ ਗਰੀਬ ਲੋਕਾਂ ਨੂੰ ਕਣਕ ਦੀ ਵੰਡ ਕੀਤੀ ਗਈ।
ਕੈਪਟਨ ਹਕੂਮਤ ਬਣਨ ਮਗਰੋਂ ਸਭ ਤੋਂ ਪਹਿਲਾਂ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਆਪਣੇ ਹਲਕਾ ਮਲੋਟ ਦੀ ਸੇਵਾ ਦੀ ਜ਼ਿੰਮੇਵਾਰੀ ਆਪਣੇ ਪੁੱਤਰ ਨੂੰ ਸੌਂਪੀ, ਜਿਸ ਨੂੰ ਹਲਕਾ ਇੰਚਾਰਜ ਬਣਾਏ ਜਾਣ ਦਾ ਮਲੋਟ ਦੇ ਕਾਂਗਰਸੀਆਂ ਵੱਲੋਂ ਸਵਾਗਤ ਵੀ ਕੀਤਾ ਗਿਆ ਸੀ। ਹੁਣ ਖ਼ਜ਼ਾਨਾ ਮੰਤਰੀ ਨੇ ਇਸੇ ਤਰਜ਼ ‘ਤੇ ਆਪਣੀ ਗੈਰਹਾਜ਼ਰੀ ਵਿੱਚ ਹਲਕੇ ਦੀ ਜ਼ਿੰਮੇਵਾਰੀ ਜੈਜੀਤ ਜੌਹਲ ਨੂੰ ਸੌਂਪ ਦਿੱਤੀ ਹੈ। ਸ੍ਰੀ ਜੌਹਲ ਨੇ ਸ਼ਹਿਰ ਦੀ ਅਮਰਪੁਰਾ ਬਸਤੀ ਅਤੇ ਪਰਸਰਾਮ ਨਗਰ ਧਰਮਸ਼ਾਲਾ ਵਿੱਚ ਆਟਾ-ਦਾਲ ਸਕੀਮ ਦੇ 1600 ਲਾਭਪਾਤਰੀਆਂ ਨੂੰ ਅਗਲੇ ਛੇ ਮਹੀਨਿਆਂ ਦੀ ਕਣਕ ਵੰਡੀ ਅਤੇ ਗਰੀਬ ਲੋਕਾਂ ਨੂੰ ਹੋਰ ਸਹੂਲਤਾਂ ਦਿੱਤੇ ਜਾਣ ਦਾ ਭਰੋਸਾ ਦਿੱਤਾ। ਸ੍ਰੀ ਜੌਹਲ ਨੇ ਸ਼ਹਿਰ ਦੇ ਹੰਸ ਨਗਰ ਵਿੱਚ ਵੀ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਇਵੇਂ ਹੀ ਸੁਰਖਪੀਰ ਰੋਡ ‘ਤੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਚਲਾਏ ਜਾ ਰਹੇ ਸਿਲਾਈ ਕਢਾਈ ਕੇਂਦਰ ਵਿੱਚ ਸਿਖਿਆ ਲੈਣ ਵਾਲੀ ਔਰਤਾਂ ਨੂੰ ਸਿਲਾਈ ਮਸ਼ੀਨਾਂ ਅਤੇ ਸਰਟੀਫਿਕੇਟ ਵੰਡੇ। ਜੈਜੀਤ ਜੌਹਲ ਇਹ ਪਹਿਲਾਂ ਹੀ ਆਖ ਚੁੱਕੇ ਹਨ ਕਿ ਚੋਣਾਂ ਤੋਂ ਪਹਿਲਾਂ ਵੀ ਉਨ੍ਹਾਂ ਨੇ ਹਲਕੇ ਵਿੱਚ ਡਿਊਟੀ ਨਿਭਾਈ ਸੀ ਅਤੇ ਹੁਣ ਵੀ ਉਹ ਇੱਕ ਟੀਮ ਦੇ ਰੂਪ ਵਿੱਚ ਲੋਕਾਂ ਦੀ ਸੇਵਾ ਵਿੱਚ ਜੁਟੇ ਹਨ।
ਸਮਾਗਮਾਂ ਵਿੱਚ ਉਦੋਂ ਸਥਿਤੀ ਕਸੂਤੀ ਬਣ ਗਈ ਜਦੋਂ ਸੀਨੀਅਰ ਕਾਂਗਰਸੀ ਆਗੂ ਛੋਟੇ ਲਾਲ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਵਜੋਂ ਆਪਣੇ ਕੱਪੜੇ ਉਤਾਰ ਦਿੱਤੇ। ਇਸ ਕਾਰਵਾਈ ਤੋਂ ਸਭ ਆਗੂ ਹੈਰਾਨ ਹੋ ਗਏ ਅਤੇ ਕਈ ਨੇਤਾ ਤਾਂ ਸ੍ਰੀ ਛੋਟੇ ਲਾਲ ਦੀ ਇਸ ਕਾਰਵਾਈ ਉਪਰ ਹੱਸਦੇ ਰਹੇ। ਛੋਟੇ ਲਾਲ ਨੇ ਆਖਿਆ ਕਿ ਪ੍ਰਸ਼ਾਸਨ ਵੱਲੋਂ ਕਾਂਗਰਸੀ ਆਗੂਆਂ ਨੂੰ ਕੋਈ ਮਾਣ-ਸਨਮਾਨ ਨਹੀਂ ਦਿੱਤਾ ਜਾਂਦਾ, ਜਿਸ ਕਰਕੇ ਲੋਕਾਂ ਸਾਹਮਣੇ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਕੁਝ ਸੀਨੀਅਰ ਆਗੂਆਂ ਨੇ ਛੋਟੇ ਲਾਲ ਨੂੰ ਭਰੋਸਾ ਦੇ ਕੇ ਸ਼ਾਂਤ ਕੀਤਾ।