ਲੋਕਾਂ ਦਾ ਮੁਦਈ ਕਹਾਉਣ ਵਾਲਾ ਮਨਪ੍ਰੀਤ ਬਾਦਲ ਚਾਹੁੰਦਾ ਹੈ ਪੰਜ ਲੱਖ ਤੋਂ ਵੱਧ ਆਮਦਨ ਵਾਲੇ ਕਿਸਾਨਾਂ ਉੱਤੇ ਟੈਕਸ ਲਾਉਣਾ

0
291

manpreet-badal
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਦੇਸ਼ ਦੇ ਸੰਕਟ ਵਿੱਚ ਘਿਰੇ ਕਿਸਾਨਾਂ ਤੇ ਖਾਸ ਕਰਕੇ ਖੁਦਕੁਸ਼ੀਆਂ ਕਰ ਗਏ ਕਿਸਾਨਾਂ ਦੇ ਵਾਰਿਸਾਂ ਦੀ ਮਦਦ ਲਈ ਪੰਜ ਲੱਖ ਰੁਪਏ ਤੋਂ ਵੱਧ ਆਮਦਨੀ ਵਾਲੇ ਕਿਸਾਨਾਂ ਉੱਤੇ ਅੱਧਾ ਫੀਸਦੀ ਆਮਦਨ ਕਰ ਲਾ ਕੇ ਸਮੱਸਿਆਂ ਦਾ ਹੱਲ ਕੀਤਾ ਜਾ ਜਾਵੇ। ਸੂਬੇ ਨੂੰ ਬਹੁਤ ਵੱਡੇ ਕਰਜ਼ੇ ਦੇ ਬੋਝ ਹੇਠ ਧੱਕਣ ਲਈ ਅਕਾਲੀਆਂ ਨੂੰ ਦੋਸ਼ੀ ਠਹਿਰਾਉਂਦਿਆਂ ਉਨ੍ਹਾਂ ਨੇ ਸੁਝਾਅ ਦਿੱਤਾ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਦਫਤਰ ਸਾਹਮਣੇ ਧਰਨਾ ‘ਤੇ ਬੈਠਣ ਤਾਂ ਜੋ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਨੂੰ ਕੁੱਝ ਰਾਹਤ ਦਿਵਾਉਣ ‘ਚ ਮਦਦ ਹੋ ਸਕੇ।
ਅੱਜ ਇੱਥੇ ਉਨ੍ਹਾਂ ਕਿਹਾ ਕਿ ਪੰਜ ਲੱਖ ਤੋਂ ਵੱਧ ਆਮਦਨੀ ਵਾਲੇ ਕਿਸਾਨਾਂ ‘ਤੇ ਕੇਵਲ ਅੱਧਾ ਫੀਸਦੀ ਟੈਕਸ ਲਾਉਣ ਨਾਲ ਪੰਜਾਹ ਹਜ਼ਾਰ ਕਰੋੜ ਰੁਪਏ ਇਕੱਠੇ ਹੋਣ ਦਾ ਅੰਦਾਜ਼ਾ ਹੈ ਤੇ ਇਹ ਪੈਸਾ ਸੰਕਟ ਵਿੱਚ ਘਿਰੇ ਗਰੀਬ ਕਿਸਾਨਾਂ ਦੀ ਜ਼ਮੀਨ ਦੀ ਸਿਹਤ ਸੁਧਾਰਨ, ਖੁਦਕੁਸ਼ੀਆਂ ਕਰ ਗਏ ਕਿਸਾਨਾਂ ਦੇ ਵਾਰਿਸਾਂ,ਪਾਣੀ ਦੀ ਬਿਹਤਰ ਵਰਤੋਂ ਲਈ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਪੈਸੇ ਨਾਲ ਛੋਟੇ ਤੇ ਸੀਮਾਂਤ ਕਿਸਾਨਾਂ ਦੀ ਮੱਦਦ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਇਹ ਤਜਵੀਜ਼ ਪਿਛਲੇ ਦਿਨੀਂ ਜੀਐੱਸਟੀ ਕੌਂਸਲ ਦੀ ਮੀਟਿੰਗ ਵਿੱਚ ਦਿੱਤੀ ਸੀ। ਚੋਣ ਨਤੀਜਿਆਂ ਦੇ ਐਲਾਨ ਤੋਂ ਇੱਕ ਦਿਨ ਪਹਿਲਾਂ ਅਕਾਲੀਆਂ ਨੇ 31,000 ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਟ ਨੂੰ ਕਰਜ਼ੇ ਵਿੱਚ ਬਦਲਵਾ ਦਿੱਤਾ ਸੀ।  ਉਨ੍ਹਾਂ ਕਿਹਾ ‘ਮੈਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਸੀਸੀਐਲ ਦਾ 31,000 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਵਾਉਣ ਲਈ ਪ੍ਰਧਾਨ ਮੰਤਰੀ ਮੋਦੀ ਦੇ ਦਫਤਰ ਸਾਹਮਣੇ ਧਰਨਾ ਦੇਣ ਤੇ ਜੇ ਉਹ ਕਰਜ਼ਾ ਮੁਆਫ ਕਰਵਾ ਦਿੰਦੇ ਹਨ ਤਾਂ ਅਸੀਂ ਇਹ ਸਾਰਾ ਪੈਸਾ ਕਿਸਾਨਾਂ ਨੂੰ ਜਾਰੀ ਕਰ ਦਿਆਂਗੇ।’ ਉਨ੍ਹਾਂ ਕਿਹਾ ਕਿ 31,000 ਹਜ਼ਾਰ ਕਰੋੜ ਰੁਪਏ ਦੀ ਸੀਸੀਐਲ ਨੂੰ ਕਰਜ਼ੇ ਵਿੱਚ ਬਦਲਣ ਕਰਕੇ ਸਾਨੂੰ 3240 ਕਰੋੜ ਰੁਪਏ ਹਰ ਸਾਲ ਭਰਨੇ ਪੈਣਗੇ ਤੇ ਇਹ ਪੈਸਾ ਵੀਹ ਸਾਲ ਅਦਾ ਕਰਨਾ ਪਵੇਗਾ। ਜੀਐਸਟੀ ਦੀ ਚਰਚਾ ਕਰਦਿਆ ਉਨ੍ਹਾਂ ਕਿਹਾ ਕਿ 28 ਫੀਸਦੀ ਟੈਕਸ ਦੀ ਸਲੈਬ ਖਤਮ ਕਰਨੀ ਚਾਹੀਦੀ ਹੈ ਕਿਉਂਕਿ ਦੁਨੀਆਂ ਵਿੱਚ ਕਿਤੇ ਵੀ ਇਸ ਤਰ੍ਹਾਂ ਦੀ ਸਲੈਬ ਨਹੀਂ ਹੈ ਤੇ ਟੈਕਸ ਸਲੈਬ 5 ਤੋਂ 15 ਫੀਸਦੀ ਦੇ ਵਿਚਾਲੇ ਹੋਣੀ ਚਾਹੀਦੀ ਹੈ।