‘ਬਾਦਲਾਂ ਖਿਲਾਫ਼ ਕਾਰਵਾਈ ਤੋਂ ਟਾਲਾ ਵਟਦਾ ਲਗਦੈ ਮਨਪ੍ਰੀਤ

0
426

manpreet-badal-2

‘ਖ਼ਾਸ ਵਿਅਕਤੀ’ ਵਿਰੁਧ ਖ਼ਿਲਾਫ਼ ਜਾਂਚ ਨਹੀਂ-ਖਜ਼ਾਨਾ ਮੰਤਰੀ
ਆਡਿਟ ਰਿਪੋਰਟ ਮਗਰੋਂ ਹੀ ਦੋਸ਼ੀਆਂਂ ਨੂੰ ਸਜ਼ਾ ਦਿੱਤੀ ਜਾਵੇਗੀ

ਬਠਿੰਡਾ/ਚਰਨਜੀਤ ਭੁੱਲਰ:
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹੁਣ’ਬਾਦਲ ਪਰਿਵਾਰ’ ਖ਼ਿਲਾਫ਼ ਜਾਂਚ ਦੇ ਮਾਮਲੇ ਵਿੱਚ ਸੁਰ ਮੱਠੀ ਕਰ ਲਈ ਹੈ। ਖਜ਼ਾਨਾ ਮੰਤਰੀ ਦਾ ਕਹਿਣਾ ਹੈ ਕਿ ‘ਵਿਅਕਤੀ ਵਿਸ਼ੇਸ਼’ ਖ਼ਿਲਾਫ਼ ਕਿਸੇ ਕਿਸਮ ਦੀ ਜਾਂਚ ਨਹੀਂ ਹੋਵੇਗੀ ਅਤੇ ਨਾ ਹੀ ਉਹ ਸ਼ਰੀਕੇ ਦੀ ਤਰ੍ਹਾਂ ਲੜਾਈ ਲੜਨਗੇ। ਚੇਤੇ ਰਹੇ ਕਿ ਵਿਧਾਨ ਸਭਾ ਚੋਣਾਂ ਮੌਕੇ ਮਨਪ੍ਰੀਤ ਬਾਦਲ ਨੇ ਆਪਣੇ ਤਾਏ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀ ਅਮਰਵੇਲ ਵਾਂਗ ਵਧੀ ਜਾਇਦਾਦ ਤੇ ਬੱਸਾਂ ਦੇ ਕਾਰੋਬਾਰ ਨੂੰ ਹਰ ਮੰਚ ਤੋਂ ਉਛਾਲਿਆ ਸੀ।
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਐਤਵਾਰ ਨੂੰ ਇੱਥੇ ਕਿਹਾ ਕਿ ਉਹ ਕਾਨੂੰਨ ਅਨੁਸਾਰ ਚੱਲਣਗੇ ਅਤੇ ਨਾ ਕਿਸੇ ਨਾਲ ਰਿਆਇਤ ਹੋਵੇਗੀ ਤੇ ਨਾ ਹੀ ਬਦਲਾਖੋਰੀ ਦੀ ਸਿਆਸਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਲੰਘੇ ਦਹਾਕੇ ਦੌਰਾਨ ਹੋਈਆਂ ਬੇਨੇਮੀਆਂ ਦਾ ਆਡਿਟ ਚੱਲ ਰਿਹਾ ਹੈ ਜਿਸ ਦੀ ਰਿਪੋਰਟ ਮਗਰੋਂ ਕਸੂਰਵਾਰਾਂ ਨੂੰ ਸਜ਼ਾ ਦਿੱਤੀ ਜਾਵੇਗੀ। ਬਾਦਲ ਪਰਿਵਾਰ ਖ਼ਿਲਾਫ਼ ਜਾਂਚ ਵਿੱਢਣ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਏਨਾ ਹੀ ਕਿਹਾ ਕਿਸੇ ‘ਵਿਅਕਤੀ ਵਿਸ਼ੇਸ਼’ ਖ਼ਿਲਾਫ਼ ਜਾਂਚ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਗੱਠਜੋੜ ਸਰਕਾਰ ਨੇ ਹਜ਼ਾਰ ਕਰੋੜ ਦੀ ਸਰਕਾਰੀ ਸੰਪਤੀ ਵੇਚ ਕੇ ਸਾਰਾ ਪੈਸਾ ਜਲਾਲਾਬਾਦ ਤੇ ਲੰਬੀ ਹਲਕੇ ਵਿੱਚ ਖਰਚ ਦਿੱਤਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ‘ਚੋਂ ਗ਼ੈਰਹਾਜ਼ਰੀ ਬਾਰੇ ਸਫਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਚੰਡੀਗੜ੍ਹ ‘ਚ ਲੋਕ ਭਲਾਈ ਦੇ ਕੰਮਾਂ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਨੇ ਚੋਣ ਮੈਨੀਫੈਸਟੋ ‘ਚ ਕੀਤੇ 429 ‘ਚੋਂ 240 ਚੋਣ ਵਾਅਦੇ ਪੂਰੇ ਕਰ ਦਿੱਤੇ ਹਨ ਜਦੋਂ ਕਿ ਪੰਜ ਸਾਲ ਦਾ ਵਕਤ ਬਾਕੀ ਪਿਆ ਹੈ। ਮੰਤਰੀ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੀ ਬਾਂਹ ਫੜ੍ਹਨ ਤੋਂ ਪਾਸਾ ਵੱਟ ਲਿਆ ਹੈ ਅਤੇ ਕਰਜ਼ਾ ਮੁਆਫ਼ੀ ਦੇ ਮਾਮਲੇ ‘ਤੇ ਕੇਂਦਰ ਨੇ ਕੋਈ ਹੁੰਗਾਰਾ ਨਹੀਂ ਭਰਿਆ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫ਼ੀ ਨੂੰ ਅਮਲ ‘ਚ ਲਿਆਉਣ ਲਈ ਰੋਡ ਮੈਪ ਤਿਆਰ ਕੀਤਾ ਜਾ ਰਿਹਾ ਹੈ ਅਤੇ ਜਲਦੀ ਇਸ ਸਬੰਧੀ ਬੈਂਕਰਜ਼ ਕਮੇਟੀ ਨਾਲ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਅੱਜ ਬਠਿੰਡਾ ਨਾਲ ਸਬੰਧਤ ਕਾਂਗਰਸੀ ਆਗੂਆਂ ਦੇ ਘਰਾਂ ਦਾ ਗੇੜਾ ਵੀ ਲਾਇਆ।