ਮੈਂ ਤਾਂ ਸ਼੍ਰੋਮਣੀ ਕਮੇਟੀ ‘ਚ ਰਿਸ਼ਤੇਦਾਰਾਂ ਦੀ ਭਰਤੀ ਦਾ ਕੀਤਾ ਸੀ ਵਿਰੋਧ: ਮੱਕੜ

0
230

makar-sgpc-jobs
ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ 532 ਮੁਲਾਜ਼ਮਾਂ ਦੀ ਛਾਂਟੀ ਕੀਤੇ ਜਾਣ ਤੋਂ ਬਾਅਦ ਵੱਖ-ਵੱਖ ਆਗੂਆਂ ਨੇ ਇਸ ਸਬੰਧੀ  ਪ੍ਰਤੀਕਰਮ ਅਤੇ ਸਪੱਸ਼ਟੀਕਰਨ ਦੇਣੇ ਸ਼ੁਰੂ ਕਰ ਦਿੱਤੇ ਹਨ।
ਲੰਬਾ ਸਮਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਸਾਲ 2010 ਵਿੱਚ  ਅੰਤ੍ਰਿੰਗ ਕਮੇਟੀ ਦੀ ਬੈਠਕ ਵਿੱਚ  ਇਹ ਮਤਾ ਪਾਸ ਕਰਵਾਇਆ ਸੀ ਕਿ ਕੋਈ ਵੀ ਐਸਾ ਵਿਅਕਤੀ ਸ਼੍ਰੋਮਣੀ ਕਮੇਟੀ ਵਿੱਚ ਭਰਤੀ ਨਹੀਂ ਕੀਤਾ ਜਾਵੇਗਾ, ਜਿਸ ਦਾ ਕੋਈ ਰਿਸ਼ਤੇਦਾਰ ਪਹਿਲਾਂ ਤੋਂ ਹੀ ਨੌਕਰੀ ਕਰ ਰਿਹਾ ਹੈ ਜਾਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਜਾਂ ਕਿਸੇ ਹੋਰ ਅਹੁਦੇ ‘ਤੇ ਤਾਇਨਾਤ ਹੈ। ਜੇਕਰ ਫਿਰ ਵੀ ਕੋਈ ਐਸੀ ਭਰਤੀ ਸਾਹਮਣੇ ਆਉਂਦੀ ਹੈ ਤਾਂ ਪਾਸ ਕੀਤੇ ਗਏ ਮਤੇ ਦੀ ਉਲੰਘਣਾ ਲਈ ਦਫਤਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ।
16 ਸਾਲ ਤੱਕ ਜਨਰਲ ਸਕੱਤਰ ਰਹੇ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ 20 ਸਾਲਾਂ ਦੇ ਕਾਰਜਕਾਲ ਦੌਰਾਨ ਆਪਣਾ ਕੋਈ ਵੀ ਰਿਸ਼ਤੇਦਾਰ ਜਾਂ ਸਕਾ-ਸਬੰਧੀ ਸ਼੍ਰੋਮਣੀ ਕਮੇਟੀ ਵਿੱਚ ਭਰਤੀ ਨਹੀਂ ਕਰਵਾਇਆ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ, ਸਕੱਤਰਾਂ ਜਾਂ ਮੈਂਬਰਾਂ ਆਦਿ ਸਾਰਿਆਂ ਨੇ ਹੀ ਆਪਣੇ ਰਿਸ਼ਤੇਦਾਰ ਭਰਤੀ ਕਰਵਾਏ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਅੰਤ੍ਰਿੰਗ ਕਮੇਟੀ ਦੀ ਹਰ ਬੈਠਕ ਦੌਰਾਨ ਇਸ ਵਿਰੁੱਧ  ਆਵਾਜ਼ ਉਠਾਉਂਦੇ ਸਨ।
ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਇਹੀ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਸਮੇਂ-ਸਮੇਂ ‘ਤੇ ਬਣੇ ਪ੍ਰਧਾਨਾਂ ਵੱਲੋਂ ਭਰਤੀ ਕਰਵਾਏ ਗਏ ਰਿਸ਼ਤੇਦਾਰਾਂ ਤੋਂ ਮੁਕਤ ਕਰਵਾਇਆ ਜਾਵੇ। ਜੇਕਰ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਧਿਰ ਹੀ ਇਹ ਕਦਮ ਚੁੱਕਦੀ ਹੈ ਤਾਂ ਉਹ ਉਸ ਦਾ ਸਮਰਥਨ ਕਰਨਗੇ।