ਲਾਹੌਰ ਵਿਚ ਸਿੱਖ ਵਿਰਸੇ ਨੂੰ ਪੇਸ਼ ਕਰਦੀ ਪ੍ਰਦਸ਼ਨੀ ਲਗਾਈ

0
437

maharaja-ranjit-singh-di-kursi
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਲਾਹੌਰ ਵਾਲੀ ਕੁਰਸੀ ਸਮੇਤ ਅਨੇਕਾਂ ਚੀਜ਼ਾਂ ਪ੍ਰਦਰਸ਼ਤ
ਲਾਹੌਰ/ਬਿਊਰੋ ਨਿਊਜ਼ :
ਲਾਹੌਰ ਮਿਊਜ਼ੀਅਮ ਪਾਕਿਸਤਾਨ ਵਿਖੇ ਸਿੱਖ ਗੌਰਵਮਈ ਇਤਿਹਾਸ ਨਾਲ ਸਬੰਧਤ ਅਤੇ ਸਿੱਖ ਵਿਰਸੇ ਨੂੰ ਉਜਾਗਰ ਕਰਨ ਲਈ ਸਿੱਖ ਯਾਦਗਾਰੀ ਸ਼ਸ਼ਤਰਾਂ ਅਤੇ ਚਿੰਨ੍ਹਾਂ ਦੀ ਪ੍ਰਦਸ਼ਨੀ ਲਗਾਈ ਗਈ। ਪਾਕਿਸਤਾਨ ਪੰਜਾਬ ਸਰਕਾਰ ਦੇ ਮਾਲ ਰੋਡ ਲਾਹੌਰ ਮਿਊਜ਼ੀਅਮ ਵਿਖੇ ਪ੍ਰਦਰਸ਼ਨੀ ਦਾ ਉਦਘਾਟਨ ਡਾਇਰੈਕਟਰ ਮਿਊਜ਼ੀਅਮ ਹਿਮਾਓ ਮਯਾਰ ਤੇ ਹੋਰ ਅਹੁਦੇਦਾਰਾਂ ਵੱਲੋਂ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਹਿਮਾਓ ਮਯਾਰ ਨੇ ਦੱਸਿਆ ਕਿ ਸਿੱਖਾਂ ਦੇ ਇਤਿਹਾਸਕ ਸ਼ਸਤਰਾਂ ਅਤੇ ਚਿੰਨ੍ਹਾਂ ਦੀ ਲਗਾਈ ਗਈ ਪ੍ਰਦਰਸ਼ਨੀ ਜਿਥੇ ਲੋਕਾਂ ਲਈ ਖਿੱਚ ਦਾ ਕੇਂਦਰ ਹੋਵੇਗੀ, ਉਥੇ ਇਸ ਪ੍ਰਦਰਸ਼ਨੀ ਵਿਚ ਸਿੱਖਾਂ ਦੇ 1799 ਤੋਂ ਲੈ ਕੇ 1859 ਤੱਕ ਦੇ 50 ਸਾਲ ਦੇ ਸਿੱਖ ਰਾਜ ਨਾਲ ਸਬੰਧਤ ਬਹੁਤ ਹੀ ਮਹੱਤਵ ਪੂਰਵਕ ਸਿੱਖ ਧਰਮ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਸ਼ਸਤਰ, ਚਿੱਤਰਕਾਰੀਆਂ, ਪੁਰਾਤਨ ਹਥਿਆਰ, ਸਿੱਕੇ, ਲੱਕੜ ਦੀ ਕਾਸ਼ਤਕਾਰੀ ਸਮੇਤ ਹੋਰ ਅਨੇਕਾਂ ਸਾਮਾਨ ਅਤੇ ਪੁਰਾਤਨ ਸਿੱਖ ਗੁਰੂਆਂ ਅਤੇ ਸਿੱਖ ਸਖਸ਼ੀਅਤਾਂ ਦੀਆਂ ਹੱਥੀਂ ਤਿਆਰ ਹੋਈਆਂ ਤਸਵੀਰਾਂ ਪੇਂਟਿੰਗਾਂ ਸ਼ਾਮਲ ਹਨ। ਇਸ ਪ੍ਰਦਰਸ਼ਨੀ ਨੂੰ ਲਗਾਉਣ ਦਾ ਮਕਸਦ ਪਾਕਿਸਤਾਨ ਸਮੇਤ ਹੋਰ ਮੁਲਕਾਂ ਦੇ ਲੋਕਾਂ ਨੂੰ ਸਿੱਖ ਧਰਮ ਦੇ ਬਾਕੀ ਧਰਮਾਂ ਪ੍ਰਤੀ ਪਿਆਰ ਅਤੇ ਸ਼ਾਂਤੀ, ਸਿੱਖ ਸਭਿਆਚਾਰ ਅਤੇ ਸਿੱਖ ਸ਼ਖਸੀਅਤਾਂ ਨੂੰ ਦੁਨੀਆ ਭਰ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਵਿਚ ਸਿੱਖਾਂ ਦੇ ਮਹਾਨ ਜਰਨੈਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਲਾਹੌਰ ਵਾਲੀ ਕੁਰਸੀ ਸਮੇਤ ਹੋਰ ਅਨੇਕਾਂ ਇਤਿਹਾਸਕ ਚਿੰਨ੍ਹ ਵੀ ਲੋਕਾਂ ਲਈ ਦਿੱਖ ਲਈ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਿੱਖ ਪ੍ਰਦਰਸ਼ਨੀ ਦਾ ਇੰਚਾਰਜ ਮੈਡਮ ਅਲੀਸਾ ਬਿਸਵੀ ਨੂੰ ਲਗਾਇਆ ਗਿਆ ਹੈ ਤੇ ਇਹ ਪ੍ਰਸ਼ਦਨੀ ਰੋਜ਼ਾਨਾ ਸਵੇਰੇ 9 ਤੋਂ ਸ਼ਾਮ 5 ਵਜੇ ਅਤੇ ਐਤਵਾਰ ਵੀ ਖੁੱਲ੍ਹਿਆ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਪ੍ਰਦਰਸ਼ਨੀ ਨਵੰਬਰ ਮਹੀਨੇ ਤੱਕ ਲੱਗੀ ਰਹੇਗੀ। ਭਾਰਤ ਤੋਂ ਪਾਕਿਸਤਾਨ ਆਉਣ ਵਾਲੇ ਸੈਲਾਨੀ ਯਾਤਰੂ ਅਤੇ ਸਿੱਖ ਜਥਿਆਂ ਦੇ ਮੈਂਬਰ ਵੀ ਇਹ ਲਾਹੌਰ ਮਿਊਜ਼ੀਅਮ ਵਿਖੇ ਪ੍ਰਦਰਸ਼ਨੀ ਵੇਖ ਸਕਿਆ ਕਰਨਗੇ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਸੈਲਾਨੀਆਂ ਲਈ 20 ਰੁਪਏ ਅਤੇ ਵਿਦੇਸ਼ੀ ਸੈਲਾਨੀਆਂ ਲਈ 400 ਰੁਪਏ ਟਿਕਟ ਲੱਗਿਆ ਕਰੇਗੀ ਤੇ ਭਾਰਤ ਤੋਂ ਆਉਣ ਵਾਲੇ ਸਿੱਖ ਯਾਤਰੂਆਂ ਲਈ ਪਾਕਿਸਤਾਨ ਪੰਜਾਬ ਦੀ ਸਰਕਾਰ ਮੌਕੇ ‘ਤੇ ਹੀ ਜਥੇ ਦੇ ਮੈਂਬਰ ਮੁਫ਼ਤ ਮਿਊਜ਼ੀਅਮ ਵੇਖ ਸਕਿਆ ਕਰਨਗੇ।