ਲੌਂਗੋਵਾਲ ਦਾ ਵਿਕਾਸ ਐਲਾਨ ਬਰਸੀ ਸਮਾਗਮਾਂ ਤੱਕ ਸੀਮਤ

0
564

longowal-de-vikas
ਕੈਪਸ਼ਨ-ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਦਾ ਨੀਂਹ ਪੱਥਰ।
ਸੰਗਰੂਰ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਸਾਲ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮਨਾਈ ਜਾਂਦੀ ਹੈ ਤੇ ਇੱਕ ਦਹਾਕੇ ਬਾਅਦ ਸੱਤਾ ‘ਤੇ ਕਾਬਜ਼ ਹੋਈ ਕਾਂਗਰਸ ਸਰਕਾਰ ਵੱਲੋਂ ਵੀ ਅਨਾਜ ਮੰਡੀ ਲੌਂਗੋਵਾਲ ਵਿੱਚ ਸੂਬਾ ਪੱਧਰੀ ਸਮਾਗਮ ਕਰਵਾ ਕੇ ਸੰਤ ਲੌਂਗੋਵਾਲ ਦੀ ਬਰਸੀ ਮਨਾਈ ਜਾ ਰਹੀ ਹੈ। ਦੋਵੇਂ ਰਵਾਇਤੀ ਪਾਰਟੀਆਂ ਵੱਲੋਂ ਲੌਂਗੋਵਾਲ ਦੇ ਵਿਕਾਸ ਲਈ ਹਰ ਵਾਰ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ, ਇਸ ਦੇ ਬਾਵਜੂਦ ਇਹ ਕਸਬਾ ਲੋੜੀਂਦੀਆਂ ਸਹੂਲਤਾਂ ਤੋਂ ਵਾਂਝਾ ਹੈ।
ਤਤਕਾਲੀ ਅਕਾਲੀ ਸਰਕਾਰ ਵੇਲੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਲੌਂਗੋਵਾਲ ਵਿੱਚ ਸ਼ਹੀਦ ਭਾਈ ਮਨੀ ਸਿੰਘ ਦੀ ਯਾਦ ਵਿੱਚ ਲੜਕੀਆਂ ਦਾ ਕਾਲਜ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਕਾਲਜ ਦਾ ਨੀਂਹ ਪੱਥਰ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ 6 ਦਸੰਬਰ 2011 ਨੂੰ ਰੱਖਿਆ ਗਿਆ ਸੀ ਪਰ ਪਿਛਲੇ ਛੇ ਸਾਲਾਂ ਤੋਂ ਇਹ ਨੀਂਹ ਪੱਥਰ ਚਿੱਟਾ ਹਾਥੀ ਬਣਿਆ ਹੋਇਆ ਹੈ। ਇਹ ਕਸਬਾ ਬੱਸ ਸਟੈਂਡ ਦੀ ਸਹੂਲਤ ਤੋਂ ਵੀ ਵਾਂਝਾ ਹੈ। ਪਿਛਲਾ ਇੱਕ ਦਹਾਕਾ ਸੱਤਾ ‘ਤੇ ਕਾਬਜ਼ ਰਹੀ ਅਕਾਲੀ-ਭਾਜਪਾ ਸਰਕਾਰ ਵੱਲੋਂ ਹਰ ਸਾਲ ਬੱਸ ਸਟੈਂਡ ਬਣਾਉਣ ਦਾ ਰਾਗ ਅਲਾਪਿਆ ਜਾਂਦਾ ਰਿਹਾ ਹੈ  ਪਰ ਅਜੇ ਤੱਕ ਲੌਂਗੋਵਾਲ ਨੂੰ ਬੱਸ ਸਟੈਂਡ ਨਸੀਬ ਨਹੀਂ ਹੋਇਆ। ਲੌਂਗੋਵਾਲ ਵਿੱਚ 30 ਬਿਸਤਰਿਆਂ ਦਾ ਹਸਪਤਾਲ ਐਂਮਰਜੈਂਸੀ ਸੇਵਾਵਾਂ ਦੇਣ ਦੇ ਸਮਰੱਥ ਨਹੀਂ ਹੈ। ਇਸ ਕਸਬੇ ਵਿੱਚ ਸੀਵਰੇਜ ਪਾਇਆ ਜਾ ਚੁੱਕਿਆ ਹੈ ਪਰ ਇਹ ਸਹੀ ਤਰ੍ਹਾਂ ਚਾਲੂ ਨਹੀਂ ਹੋ ਸਕਿਆ। ਕਸਬੇ ਨੂੰ ਅਜੇ ਤੱਕ ਸਟੇਡੀਅਮ ਵੀ ਨਸੀਬ ਨਹੀਂ ਹੋਇਆ। ਪਟਵਾਰਖਾਨੇ ਦੀ ਨਵੀਂ ਇਮਾਰਤ ਬਣ ਚੁੱਕੀ ਹੈ ਪਰ ਅਜੇ ਵੀ ਦਫ਼ਤਰ ਪੁਰਾਣੀ ਅਤੇ ਡੂੰਘੀ ਇਮਾਰਤ ਵਿੱਚ ਚੱਲ ਰਿਹਾ ਹੈ। ਲੌਂਗੋਵਾਲ ਵਿੱਚ ਸੁਨਾਮ ਰੋਡ ‘ਤੇ ਬਣੇ ਡਰੇਨ ਦੇ ਪੁਲ ਦੀ ਹਾਲਤ ਵੀ ਠੀਕ ਨਹੀਂ ਹੈ। ਕਈ ਮਹੀਨਿਆਂ ਤੋਂ ਟੁੱਟੀ ਰੇਲਿੰਗ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ। ਬਰਸੀ ਦੇ ਮੱਦੇਨਜ਼ਰ ਡਰੇਨ ਪੁਲ ਅਤੇ ਮੰਡੀ ਦੀਆਂ ਟੁੱਟੀਆਂ ਸੜਕਾਂ ਨੂੰ ‘ਟਾਕੀਆਂ’ ਲਾ ਕੇ ਡੰਗ ਸਾਰਿਆ ਗਿਆ ਹੈ। ਲੜਕਿਆਂ ਦੇ ਸਕੂਲ ਵਿੱਚ ਪ੍ਰਿੰਸੀਪਲ ਸਮੇਤ ਦਰਜਨਾਂ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ। ਲੌਂਗੋਵਾਲ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸੰਤ ਲੌਂਗੋਵਾਲ ਨੂੰ ਸੱਚੀ ਸ਼ਰਧਾਂਜਲੀ ਦੇਣੀ ਚਾਹੁੰਦੀ ਹੈ ਤਾਂ ਕਸਬੇ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾਣ।