ਕਾਂਗਰਸ ਨੇ ਲੁਧਿਆਣਾ ਨਗਰ ਨਿਗਮ ਉੱਤੇ ਕੀਤਾ ਕਬਜ਼ਾ

0
715
Manisha Taparia,Congress,ward no.19 celebrtae his victory duirng MC polling election,Ludhiana. tribune Photo ; Himanshu Mahaan.
Manisha Taparia,Congress,ward no.19 celebrtae his victory duirng MC polling election,Ludhiana.
tribune Photo ; Himanshu Mahaan.

ਚੋਣਾਂ ‘ਚ ਹੇਰਾਫੇਰੀਆਂ ਦੇ ਦੋਸ਼ਾਂ ਦੌਰਾਨ 95 ਵਿੱਚੋਂ 62 ਵਾਰਡ ਜਿੱਤੇ
ਸ਼੍ਰੋਮਣੀ ਅਕਾਲੀ ਦਲ ਨੂੰ 11, ਭਾਜਪਾ ਨੂੰ 10, ਲੋਕ ਇਨਸਾਫ਼ ਪਾਰਟੀ ਨੂੰ 7 ਅਤੇ ਆਪ ਨੂੰ 1 ਵਾਰਡ ‘ਚ ਜਿੱਤ ਹਾਸਲ ਹੋਈ, 4 ਆਜ਼ਾਦ ਉਮਦੀਵਾਰ ਸਫ਼ਲ
ਲੁਧਿਆਣਾ/ਬਿਊਰੋ ਨਿਊਜ਼:
ਨਗਰ ਨਿਗਮ ਲੁਧਿਆਣਾ ਦੀ ਸਿਆਸਤ ਵਿੱਚ 10 ਸਾਲਾਂ ਬਾਅਦ ਕਾਂਗਰਸ ਪਾਰਟੀ ਨੇ ਜ਼ਬਰਦਸਤ ਵਾਪਸੀ ਕੀਤੀ ਹੈ। ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗਰਸ ਨੇ 95 ਵਾਰਡਾਂ ਵਿੱਚੋਂ 62 ਵਾਰਡਾਂ ‘ਤੇ ਜਿੱਤ ਹਾਸਲ ਕੀਤੀ। ਇਸ ਤੋਂ ਇਲਾਵਾ ਪਿਛਲੇ 10 ਸਾਲਾਂ ਤੋਂ ਨਗਰ ਨਿਗਮ ‘ਤੇ ਰਾਜ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਨੂੰ 11 ਵਾਰਡ, ਭਾਰਤੀ ਜਨਤਾ ਪਾਰਟੀ ਨੂੰ 10, ਵਿਧਾਇਕ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਨੂੰ 7 ਵਾਰਡ, ਆਜ਼ਾਦ ਨੂੰ 4 ਅਤੇ ਆਮ ਆਦਮੀ ਪਾਰਟੀ ਨੂੰ ਇੱਕ ਵਾਰਡ ਵਿੱਚ ਜਿੱਤ ਮਿਲੀ ਹੈ। ਚੋਣਾਂ ਦੌਰਾਨ ਖਾਸ ਗੱਲ ਇਹ ਰਹੀ ਕਿ ਕਾਂਗਰਸ ਦੇ ਜ਼ਿਆਦਾਤਰ ਉਮੀਦਵਾਰ ਵੱਡੀ ਲੀਡ ਦੇ ਨਾਲ ਜਿੱਤੇ ਜਦਕਿ ਅਕਾਲੀ ਦਲ ਦੇ ਕਈ ਉਮੀਦਵਾਰਾਂ ਦੀ ਜਿੱਤ ਦਾ ਅੰਤਰ 14 ਤੋਂ 20 ਵੋਟਾਂ ਤੱਕ ਦਾ ਰਿਹਾ। ਸੂਬੇ ਦੀ ਵਿਰੋਧੀ ਧਿਰ ਦੀ ਪਾਰਟੀ ਆਮ ਆਦਮੀ ਪਾਰਟੀ ਨੇ 39 ਵਾਰਡਾਂ ਵਿੱਚ ਚੋਣ ਲੜੀ ਸੀ ਤੇ ਸਿਰਫ਼ ਇੱਕ ‘ਤੇ ਹੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਨੇ ਵਾਰਡ ਨੰਬਰ 3, 4, 7, 9, 10, 12, 13, 14, 15, 16, 18, 19, 20, 21, 22, 23, 24, 25, 27, 33, 35, 39, 43, 44, 45, 47, 48, 49, 51, 52, 53, 56, 58, 60, 63, 64, 65, 66, 67, 68, 69, 70, 71, 72, 73, 74, 75, 76, 78, 80, 81, 82, 83, 86, 87, 88, 90, 91, 92, 93, 94 ਅਤੇ 95 ਵਿੱਚ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਾਰਡ ਨੰਬਰ 1, 2, 6, 17, 26, 28, 29, 30, 34, 46 ਅਤੇ 54 ਵਿੱਚ ਕਾਮਯਾਬ ਰਹੇ। ਭਾਰਤੀ ਜਨਤਾ ਪਾਰਟੀ ਨੇ ਵਾਰਡ ਨੰਬਰ 8, 31, 57, 59, 62, 77, 79, 84, 85 ਅਤੇ 89 ਵਿੱਚ ਦਰਜ ਕੀਤੀ। ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਵਾਰਡ ਨੰਬਰ 32, 36, 37, 38, 40, 41 ਅਤੇ 50 ਵਿੱਚ ਸਫ਼ਲ ਰਹੇ। ਆਮ ਆਦਮੀ ਪਾਰਟੀ ਨੇ ਵਾਰਡ ਨੰਬਰ 11 ਵਿੱਚ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਵਾਰਡ ਨੰਬਰ 5, 42, 55 ਅਤੇ 61 ਤੋਂ ਆਜ਼ਾਦ ਉਮੀਦਵਾਰ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੇ। ਸ਼ਹਿਰ ਦੇ 95 ਵਾਰਡਾਂ  ਵਿੱਚ ਗਠਜੋੜ ਨਾਲ ਚੋਣ ਲੜ ਰਹੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਲੋਕ ਇਨਸਾਫ਼ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਇਨ੍ਹਾਂ ਚੋਣਾਂ ਵਿੱਚ ਸਭ ਤੋਂ ਮਾੜਾ ਪ੍ਰਦਰਸ਼ਨ ਰਿਹਾ। ਇਹ ਦੋਵੇਂ ਪਾਰਟੀਆਂ ਆਪਣੀ ਵਿਧਾਨ ਸਭਾ ਵਿੱਚ ਮਿਲੀਆਂ ਵੋਟਾਂ ਦੀ ਫੀਸਦ ਨੂੰ ਵੀ ਬਚਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ। ਵਿਧਾਇਕ ਬੈਂਸ ਭਰਾਵਾਂ ਦੇ ਹਲਕਿਆਂ ਵਿੱਚ 24 ਵਾਰਡ ਆਉਂਦੇ ਸਨ ਜਿਨ੍ਹਾਂ ਵਿੱਚ ਸਿਰਫ਼ 7 ‘ਤੇ ਉਹ ਜਿੱਤ ਹਾਸਲ ਕਰ ਸਕੇ ਜਦਕਿ ਬਾਕੀ ਹਲਕਿਆਂ ਵਿੱਚ ਵਿਧਾਇਕ ਬੈਂਸ ਭਰਾਵਾਂ ਦਾ ਖਾਤਾ ਵੀ ਖੁੱਲ੍ਹ ਨਹੀਂ ਸਕਿਆ। ਇੰਨਾ ਹੀ ਨਹੀਂ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਦਲਜੀਤ ਸਿੰਘ ਗਰੇਵਾਲ ਭੋਲਾ ਦੀ ਪਤਨੀ ਵਾਰਡ ਨੰਬਰ 11 ਤੋਂ ਜਿੱਤੀ ਜਦਕਿ ਬਾਕੀ ਕਿਸੇ ਵਾਰਡ ਵਿੱਚ ਵੀ ‘ਆਪ’ ਨੂੰ ਸਫਲਤਾ ਹਾਸਲ ਨਹੀਂ ਹੋਈ। ਕਾਂਗਰਸ ਨੂੰ ਬਹੁਮਤ ਮਿਲਣ ਤੋਂ ਬਾਅਦ ਲੁਧਿਆਣਾ ਹਲਕੇ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਵਿਧਾਇਕ ਭਾਰਤ ਭੂਸ਼ਨ ਆਸ਼ੂ ਮੋਟਰਸਾਈਕਲ ‘ਤੇ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਸੜਕਾਂ ‘ਤੇ ਨਿਕਲੇ।

ਕੈਪਟਨ ਬਾਗੋ-ਬਾਗ
ਚੰਡੀਗੜ੍ਹ/ਬਿਊਰੋ ਨਿਊਜ਼: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੁਧਿਆਣਾ ਨਗਰ ਨਿਗਮ ਚੋਣਾਂ ਦੌਰਾਨ ਲੋਕਾਂ ਨੇ ਕਾਂਗਰਸ ਸਰਕਾਰ ਦੀਆਂ ਨੀਤੀਆਂ ‘ਤੇ ਮੋਹਰ ਲਾਈ ਹੈ ਤੇ ਸਰਕਾਰ ਦੀਆਂ ਨੀਤੀਆਂ ਦੇ ਹੱਕ ਵਿੱਚ ਫਤਵਾ ਦਿੱਤਾ ਹੈ।

ਕਾਂਗਰਸ ਨੇ ਬੈਂਸ ਭਰਾਵਾਂ ਦੇ ਗੜ੍ਹ ਵਿੱਚ ਲਾਈ ਸੰਨ੍ਹ
ਲੁਧਿਆਣਾ/ਬਿਊਰੋ ਨਿਊਜ਼
ਸੱਤਾਧਾਰੀਆਂ ਵਿਰੁੱਧ ਹਮੇਸ਼ਾ ਸੜਕਾਂ ਤੋਂ ਲੈ ਕੇ ਵਿਧਾਨ ਸਭਾ ਤੱਕ ਗਰਜਣ ਵਾਲੇ ਵਿਧਾਇਕ ਬੈਂਸ ਭਰਾਵਾਂ ਦੇ ਗੜ੍ਹ ਵਿੱਚ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਨੇ ਸੰਨ੍ਹ ਲਾ ਦਿੱਤੀ ਹੈ।
ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਬੈਂਸ ਭਰਾਵਾਂ ਦੇ ਕੁਝ ਨਜ਼ਦੀਕੀਆਂ ਨੂੰ ਤੋੜ ਕੇ ਉਨ੍ਹਾਂ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਦੇ ਨਤੀਜੇ ਸਾਹਮਣੇ ਆ ਗਏ ਹਨ। 59 ਵਾਰਡਾਂ ਵਿੱਚ ਚੋਣ ਲੜ ਰਹੀ ਲੋਕ ਇਨਸਾਫ਼ ਪਾਰਟੀ ਸਿਰਫ਼ 7 ਸੀਟਾਂ ‘ਤੇ ਹੀ ਜਿੱਤ ਸਕੀ, ਜਿਨ੍ਹਾਂ ਵਿੱਚੋਂ 24 ਵਾਰਡ ਅਜਿਹੇ ਹਨ, ਜਿੱਥੇ ਉਹ ਆਪਣੀ ਭਾਈਵਾਲ ਪਾਰਟੀ ਦੇ ਸਹਿਯੋਗ ਨਾਲ ਤੀਸਰੇ ਨੰਬਰ ‘ਤੇ ਵੀ ਨਹੀਂ ਰਹੀ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਇਨਸਾਫ਼ ਪਾਰਟੀ ਨੇ ਸ਼ਹਿਰ ਦੇ ਚਾਰ ਹਲਕਿਆਂ ਵਿੱਚ ਚੋਣ ਲੜੀ ਸੀ ਤੇ ਹਰ ਵਾਰਡ ‘ਚ ਚੰਗੀ ਲੀਡ ਮਿਲੀ ਸਨ, ਪਰ ਨਿਗਮ ਚੋਣਾਂ ‘ਚ ਉਹ ਆਪਣਾ ਵੋਟ ਬੈਂਕ ਵੀ ਨਹੀਂ ਬਚਾ ਸਕੀ। ਸਨਅਤੀ ਸ਼ਹਿਰ ਵਿੱਚ ‘ਆਪ’ ਵੀ ਪੂਰੀ ਤਰ੍ਹਾਂ ਫੇਲ੍ਹ ਰਹੀ। ਲੁਧਿਆਣਾ ਵਿੱਚ ‘ਆਪ’ ਦਾ ਗ੍ਰਾਫ਼ ਇੱਕ ਸਾਲ ‘ਚ ਪੂਰੀ ਤਰ੍ਹਾਂ ਡਿੱਗ ਗਿਆ। ਹਾਲਤ ਇਹ ਹੈ ਕਿ ਨਿਗਮ ਚੋਣਾਂ ਵਿੱਚ ਪਾਰਟੀ ਸਿਰਫ਼ ਇੱਕ ਸੀਟ ਜਿੱਤ ਸਕੀ। 2014 ਦੀਆਂ ਲੋਕ ਸਭਾ ਚੋਣਾਂ ‘ਚ ਪਾਰਟੀ ਉਮੀਦਵਾਰ ਐੱਚ.ਐੱਸ. ਫੂਲਕਾ 2.80 ਲੱਖ ਵੋਟਾਂ ਲੈ ਕੇ ਦੂਸਰੇ ਸਥਾਨ ‘ਤੇ ਰਹੇ ਸਨ। ਇਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ‘ਆਪ’ ਨੇ ਸ਼ਹਿਰ ਦੇ ਦੋ ਹਲਕਿਆਂ ‘ਚ ਚੋਣ ਲੜੀ ਸੀ ਤੇ ਚੰਗੀ ਕਾਰਗੁਜ਼ਾਰੀ ਦਿਖਾਈ ਸੀ। ਲੁਧਿਆਣਾ ਪੂਰਬੀ ਤੋਂ ਦਲਜੀਤ ਭੋਲਾ ਤੇ ਲੁਧਿਆਣਾ ਪੱਛਮੀ ਤੋਂ ਅਹਿਬਾਬ ਗਰੇਵਾਲ, ਦੋਵੇਂ ਹੀ ਦੂਸਰੇ ਸਥਾਨ ‘ਤੇ ਆਏ ਸਨ। ਪਰ ਇੱਕ ਸਾਲ ਬਾਅਦ ਹੋਈਆਂ ਨਿਗਮ ਚੋਣਾਂ ‘ਚ ਲੋਕਾਂ ਨੇ ‘ਆਪ’ ਨੂੰ ਬਿਲਕੁਲ  ਨਾਕਾਰ ਦਿੱਤਾ। ਜਿਹੜੇ ਦੋ ਵਿਧਾਨ ਸਭਾ ਹਲਕਿਆਂ ਵਿੱਚ ‘ਆਪ’ ਚੋਣ ਲੜੀ ਸੀ, ਉਨ੍ਹਾਂ ਵਿੱਚੋਂ ਸਿਰਫ਼ ਇੱਕ ਸੀਟ ਹੀ ਮਿਲੀ। ‘ਆਪ’ ਦੇ ਕਈ ਉਮੀਦਵਾਰਾਂ ਦੀਆਂ ਜ਼ਮਾਨਤ ਵੀ ਜ਼ਬਤ ਹੋ ਗਈਆਂ। ਕਈ ਵਾਰਡ ਅਜਿਹੇ ਹਨ, ਜਿਥੇ ‘ਆਪ’  ਉਮੀਦਵਾਰ ਤੋਂ ਵੱਧ ਆਜ਼ਾਦ ਉਮੀਦਵਾਰ ਵੋਟਾਂ ਲੈ ਗਏ।

ਲੋਕਤੰਤਰ ਕੀਤਾ ਲਹੂ-ਲੁਹਾਨ: ਭਗਵੰਤ ਮਾਨ
ਚੰਡੀਗੜ੍ਹ: ਆਮ ਆਦਮੀ ਪਾਰਟੀ (ਪੰਜਾਬ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਲੋਕਤੰਤਰ ਦੀ ਕਾਤਲ ਸਰਕਾਰ ਕਰਾਰ ਦਿੰਦਿਆਂ ਕਿਹਾ ਕਿ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗਰਸ ਦੀ ‘ਜਿੱਤ’ ਲੋਕਤੰਤਰ ਦੇ ਖ਼ੂਨ ਨਾਲ ਲੱਥ-ਪੱਥ ਹੈ। ਸ੍ਰੀ ਮਾਨ ਨੇ ਕਿਹਾ ਕਿ ਜਿਸ ਤਰੀਕੇ ਪਹਿਲਾਂ 31 ਮਿਉਂਸਿਪਲ ਕਮੇਟੀਆਂ ਅਤੇ ਨਗਰ ਪੰਚਾਇਤ ਚੋਣਾਂ ਅਤੇ ਹੁਣ ਲੁਧਿਆਣਾ ਨਗਰ ਨਿਗਮ ਚੋਣਾਂ ਮੌਕੇ ਪੋਲਿੰਗ ਬੂਥਾਂ ਦੇ ਅੰਦਰ ਅਤੇ ਬਾਹਰ ਧੱਕੇਸ਼ਾਹੀ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਪਰ ਚੱਲ ਰਹੀਆਂ ਹਨ, ਇਸ ਤੋਂ ਸਪੱਸ਼ਟ ਹੈ ਕਿ ਇਹ ਲੋਕ ਫ਼ਤਵਾ ਨਹੀਂ ਬਲਕਿ ਲੁੱਟਿਆ ਹੋਇਆ ਫ਼ਤਵਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਹੱਤਿਆ ਕਰਨ ਲਈ ਭਾਜਪਾ, ਅਕਾਲੀ ਅਤੇ ਕਾਂਗਰਸ ਇੱਕ-ਦੂਜੇ ਤੋਂ ਵੱਧ ਕੇ ਹਨ। ਉਨ੍ਹਾਂ ਕੈਪਟਨ ਸਰਕਾਰ ਨੂੰ ਸਭ ਤੋਂ ਨਿਕੰਮੀ ਅਤੇ ਧੋਖੇਬਾਜ਼ ਸਰਕਾਰ ਦੱਸਿਆ ਅਤੇ ਕਿਹਾ ਕਿ ਇੱਕ ਸਾਲ ਦੌਰਾਨ ਲੋਕਾਂ ਦੇ ਹਿਤਾਂ ਵਿੱਚ ਕੁਝ ਵੀ ਨਹੀਂ ਬਦਲਿਆ, ਕੇਵਲ ਧਰਨੇ-ਮੁਜ਼ਾਹਰੇ ਅਤੇ ਲਾਠੀਚਾਰਜ ਵਾਲੀ ਥਾਂ ਬਠਿੰਡਾ ਤੋਂ ਬਦਲ ਕੇ ਪਟਿਆਲਾ ਹੋ ਗਈ ਹੈ।