ਲੰਬੀ ਦੇ ਬੀਡੀਪੀਓ ਨੇ ਚੋਣ ਜ਼ਾਬਤੇ ਤੋਂ ਪਹਿਲਾਂ ਸਿਆਸੀ ਦਬਾਅ ਕਾਰਨ ਅਸਤੀਫ਼ਾ ਦਿੱਤਾ

0
300

lambi-bdpo
ਲੰਬੀ/ਬਿਊਰੋ ਨਿਊਜ਼ :
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਦੇ ਬੀਡੀਪੀਓ ਬਲਵਿੰਦਰ ਸਿੰਘ ਨੇ ਚੋਣ ਜ਼ਾਬਤੇ ਤੋਂ ਪਹਿਲਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਅਸਤੀਫ਼ਾ ਸੌਂਪ ਦਿੱਤਾ ਹੈ। ਇਹ ਅਸਤੀਫ਼ਾ ਕਰੀਬ 15 ਦਿਨ ਪਹਿਲਾਂ ਦਿੱਤਾ ਗਿਆ ਹੈ। ਇਸ ਅਸਤੀਫ਼ੇ ਦਾ ਕਾਰਨ ਕਥਿਤ ਤੌਰ ‘ਤੇ ਸਰਕਾਰੀ ਫੰਡਾਂ ਦੀ ਕਾਣੀ ਵੰਡ ਅਤੇ ਸਿਆਸੀ ਦਬਾਅ ਮੰਨਿਆ ਜਾ ਰਿਹਾ ਹੈ, ਜਦੋਂਕਿ ਬੀਡੀਪੀਓ ਬਲਵਿੰਦਰ ਸਿੰਘ ਨੇ ਅਸਤੀਫ਼ੇ ਦਾ ਕਾਰਨ ਪਰਿਵਾਰਕ ਜ਼ਿੰਮੇਵਾਰੀਆਂ ਦੱਸਿਆ ਹੈ। ਸੂਤਰਾਂ ਅਨੁਸਾਰ ਅਸਤੀਫ਼ੇ ਬਾਰੇ ਪਤਾ ਲੱਗਣ ‘ਤੇ ਬਾਦਲ ਸਰਕਾਰ ਹਰਕਤ ਵਿੱਚ ਆ ਗਈ ਹੈ ਤੇ ਬਲਵਿੰਦਰ ਸਿੰਘ ਨੂੰ ਸੋਮਵਾਰ ਚੰਡੀਗੜ੍ਹ ਸੱਦਿਆ ਹੈ।   ਜਾਣਕਾਰੀ ਅਨੁਸਾਰ ਪੰਚਾਇਤ ਅਫ਼ਸਰ ਬਲਵਿੰਦਰ ਸਿੰਘ ਸੇਵਾਮੁਕਤੀ ਮਗਰੋਂ ਇੱਕ ਸਾਲ ਦੇ ਵਾਧੇ ਤਹਿਤ ਲੰਬੀ ਵਿੱਚ ਬਤੌਰ ਕਾਰਜਕਾਰੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬੀਡੀਪੀਓ) ਵਜੋਂ ਸੇਵਾ ਨਿਭਾ ਰਹੇ ਸਨ। ਉਨ੍ਹਾਂ ਦਾ 6 ਮਹੀਨੇ ਦਾ ਸਮਾਂ ਬਾਕੀ ਪਿਆ ਹੈ। ਉਹ ਹਲਕਾ ਲੰਬੀ-83 ਦੇ ਸਹਾਇਕ ਰਿਟਰਨਿੰਗ ਅਫ਼ਸਰ ਵੀ ਹਨ। ਗ਼ੌਰਤਲਬ ਹੈ ਕਿ ਨਿਰੋਲ ਪੇਂਡੂ ਹਲਕੇ ਲੰਬੀ ਵਿੱਚ ਵਿਕਾਸ ਕਾਰਜਾਂ ਬਨਾਮ ‘ਸਿਆਸੀ ਕਬਜ਼ੇ’ ਦੀ ਖੇਡ ਵਿੱਚ ਬੀਡੀਪੀਓ ਦਫ਼ਤਰ ਅਹਿਮ ਧਿਰ ਹੈ। ਲੰਬੀ ਬਲਾਕ ਦੀਆਂ 57 ਪੰਚਾਇਤਾਂ ਤਹਿਤ ਸੇਮ ਮਾਰੇ ਇਲਾਕੇ ਦੀ ਓਟ ਵਿੱਚ ਮਕਾਨਾਂ ਦੀ ਮੁਰੰਮਤ ਲਈ 15-15 ਹਜ਼ਾਰ ਦੇ ਚੈੱਕ ਗਰਾਂਟ ਰੂਪੀ ‘ਤੋਹਫ਼ੇ’ ਵੰਡੇ ਜਾ ਰਹੇ ਹਨ। ਹੁਣ ਤੱਕ 26-27 ਹਜ਼ਾਰ ਲੋਕਾਂ ਨੂੰ ਕਰੀਬ 42-43 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ। ਸਾਰੇ ਚੈੱਕਾਂ ‘ਤੇ ਬੀਡੀਪੀਓ ਲੰਬੀ ਦੇ ਦਸਤਖ਼ਤ ਹਨ। ਚੋਣਾਂ ਦੇ ਉਦੇਸ਼ ਨਾਲ ਚੈੱਕਾਂ ਦੀ ਸੂਚੀ ਲੰਮੀ ਕਰਨ ਲਈ ਪੇਂਡੂ ਅਕਾਲੀ ਇੰਚਾਰਜਾਂ ਦਾ ਦਬਾਅ ਬਣਿਆ ਹੋਇਆ ਹੈ। ਇਨ੍ਹੀਂ ਦਿਨੀਂ ਸੱਤਾ ਪੱਖ ਦੇ ਬਹੁਗਿਣਤੀ ਆਗੂ ਜ਼ਿਆਦਾ ਸਮਾਂ ਬੀਡੀਪੀਓ ਦਫ਼ਤਰ ਵਿੱਚ ਹੀ ਬਿਤਾਉਂਦੇ ਹਨ। ਦੂਜੇ ਪਾਸੇ ਚੈੱਕਾਂ ਤੋਂ ਵਾਂਝੇ ਲੋਕਾਂ ਦਾ ਰੋਹ ਸਰਕਾਰੀ ਤੰਤਰ ‘ਤੇ ਬੋਝ ਬਣਦਾ ਜਾ ਰਿਹਾ ਹੈ। ਅਜਿਹੇ ਚਹੁੰਤਰਫ਼ੇ ਦਬਾਅ ਕਾਰਨ ਅਮਲਾ ਪ੍ਰੇਸ਼ਾਨ ਹੈ ਤੇ ਬੀਡੀਪੀਓ ਦੇ ਅਸਤੀਫ਼ੇ ਨੂੰ ਇਸ ਮਾਮਲੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
ਪਿਛਲੇ ਦਿਨੀਂ ਬੀਡੀਪੀਓ ਬਲਵਿੰਦਰ ਸਿੰਘ ਨੇ ਘੁਮਿਆਰਾ ਦੇ ਚੈੱਕਾਂ ਤੋਂ ਵਾਂਝੇ ਲੋੜਵੰਦ ਲੋਕਾਂ ਵੱਲੋਂ ਦਫ਼ਤਰ ਦੇ ਘਿਰਾਓ ਸਮੇਂ ਜਨਤਕ ਤੌਰ ‘ਤੇ ਆਪਣੇ ਹੱਥ ਬੰਨ੍ਹੇ ਹੋਣ ਦੀ ਗੱਲ ਆਖੀ ਸੀ। ਇਸ ਦੌਰਾਨ ਪਤਾ ਲੱਗਿਆ ਕਿ ਐਨ ਚੋਣਾਂ ਸਮੇਂ ਬੀਡੀਪੀਓ ਲੰਬੀ ਦੇ ਅਸਤੀਫ਼ੇ ਕਾਰਨ ਹਰਕਤ ਵਿੱਚ ਆਈ ਅਕਾਲੀ ਸਰਕਾਰ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਬਲਵਿੰਦਰ ਸਿੰਘ ਦਾ ਅਸਤੀਫ਼ਾ ਨਾ-ਮਨਜ਼ੂਰ ਕਰਕੇ ਉਨ੍ਹਾਂ ਦੀਆਂ ਵਾਧੂ ਸੇਵਾਵਾਂ ਨੂੰ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਬੀਡੀਪੀਓ ਦਫ਼ਤਰ ਲੰਬੀ ਦੇ ਸੂਤਰਾਂ ਮੁਤਾਬਕ ਬਲਵਿੰਦਰ ਸਿੰਘ ਨੂੰ ਸੋਮਵਾਰ ਨੂੰ ਚੰਡੀਗੜ੍ਹ ਸੱਦਿਆ ਗਿਆ ਹੈ।

ਬੀਡੀਪੀਓ ਵੱਲੋਂ ਸਿਆਸੀ ਦਬਾਅ ਦੀ ਗੱਲ ਖ਼ਾਰਜ
ਬੀਡੀਪੀਓ ਬਲਵਿੰਦਰ ਸਿੰਘ ਨੇ ਅਸਤੀਫ਼ੇ ਦੀ ਪੁਸ਼ਟੀ ਕਰਦਿਆਂ ਸਿਆਸੀ ਦਬਾਅ ਦੀ ਗੱਲ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਤਨੀ ਦੀ ਤਬੀਅਤ ਠੀਕ ਨਹੀਂ ਰਹਿੰਦੀ। ਪਿਛਲੇ ਦਿਨੀਂ ਲੜਕੀ ਦਾ ਵਿਆਹ ਕਰਨ ਮਗਰੋਂ ਉਹ ਹੁਣ ਆਪਣੇ ਪੁੱਤ ਦੀ ਪੜ੍ਹਾਈ ਪੂਰੀ ਕਰਵਾਉਣ ‘ਤੇ ਧਿਆਨ ਦੇਣਾ ਚਾਹੁੰਦੇ ਹਨ।