‘ਆਪ’ ਨੂੰ ਈ.ਵੀ.ਐਮ. ਨੇ ਨਹੀਂ ਜਨਤਾ ਨੇ ਹਰਾਇਆ : ਕੁਮਾਰ ਵਿਸ਼ਵਾਸ

0
679

kumar-vishvash
ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਦੀ ਹਾਰ ਤੋਂ ਬਾਅਦ ਪਾਰਟੀ ਦੀ ਅਗਵਾਈ ਖ਼ਿਲਾਫ਼ ਬਿਆਨਾਂ ਦਾ ਦੌਰ ਜਾਰੀ ਹੈ। ਹੁਣ ‘ਆਪ’ ਦੇ ਸੰਸਥਾਪਕ ਮੈਂਬਰਾਂ ਵਿਚੋਂ ਇਕ ਕੁਮਾਰ ਵਿਸ਼ਵਾਸ ਨੇ ਅਰਵਿੰਦ ਕੇਜਰੀਵਾਲ ‘ਤੇ ਹਮਲਾ ਬੋਲਿਆ ਹੈ। ‘ਆਪ’ ਦੇ ਰੁਖ਼ ਤੋਂ ਵੱਖ ਵਿਸ਼ਵਾਸ ਨੇ ਕਿਹਾ ਕਿ ਦਿੱਲੀ ਨਿਗਮ ਚੋਣਾਂ ਵਿਚ ਈ.ਵੀ.ਐਮ. ਨੇ ਨਹੀਂ, ਬਲਕਿ ਲੋਕਾਂ ਨੇ ਪਾਰਟੀ ਨੂੰ ਹਰਾਇਆ। ਵਿਸ਼ਵਾਸ ਨੇ ਨਾਲ ਹੀ ਕਿਹਾ ਕਿ ਕੇਜਰੀਵਾਲ ਨੂੰ ‘ਸਰਜੀਕਲ ਸਟਰਾਈਕ’ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਨਹੀਂ ਕਰਨਾ ਚਾਹੀਦਾ ਸੀ। ਵਿਸ਼ਵਾਸ ਨੇ ਇਕ ਖ਼ਬਰਾਂ ਦੇ ਟੀ.ਵੀ. ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਾਰਟੀ ਵਿਚ ਵਿਆਪਕ ਬਦਲਾਅ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਅਸੀਂ ਈ.ਵੀ.ਐਮ. ਦੇ ਕਾਰਨ ਨਹੀਂ ਹਾਰੇ ਹਾਂ, ਸਾਨੂੰ ਲੋਕਾਂ ਨੇ ਹਰਾਇਆ ਹੈ। ਸਾਨੂੰ ਲੋਕਾਂ ਦਾ ਸਮਰਥਨ ਨਹੀਂ ਮਿਲਿਆ। ਅਸੀਂ ਆਪਣੇ ਵਰਕਰਾਂ ਨਾਲ ਠੀਕ ਢੰਗ ਨਾਲ ਰਾਬਤਾ ਕਾਇਮ ਨਹੀਂ ਕਰ ਸਕੇ।
ਵਿਸ਼ਵਾਸ ਨੇ ਪਾਰਟੀ ਦੇ ਫ਼ੈਸਲੇ ਬੰਦ ਕਮਰੇ ਵਿਚ ਲੈਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਮੁਤਾਬਕ ਪਾਰਟੀ ਨੇ ਗ਼ਲਤ ਲੋਕਾਂ ਨੂੰ ਟਿਕਟ ਦਿੱਤਾ ਸੀ। ਵਿਸ਼ਵਾਸ ਮੁਤਾਬਕ ਈ.ਵੀ.ਐਮ. ਵਿਚ ਗੜਬੜੀ ਚੋਣ ਦਾ ਹਿੱਸਾ ਹੈ। ਇਸ ਲਈ ਕਈ ਪਲੇਟਪਾਰਮ ਹਨ। ਚੋਣ ਕਮਿਸ਼ਨ ਹੈ…ਅਦਾਲਤ ਹੈ…ਜਿੱਥੇ ਅਸੀਂ ਆਪਣਾ ਗੱਲ ਦਰਜ ਕਰਵਾ ਸਕਦੇ ਹਾਂ। ਉਨ੍ਹਾਂ ਕਿਹਾ, ‘ਸਾਨੂੰ ਇਹ ਤੈਅ ਕਰਨਾ ਪਏਗਾ ਕਿ ਜੰਤਰ-ਮੰਤਰ ‘ਤੇ ਅਸੀਂ ਪ੍ਰਦਰਸ਼ਨ ਈ.ਵੀ.ਐਮ. ਲਈ ਕਰੀਏ ਜਾਂ ਫਿਰ ਭ੍ਰਿਸ਼ਟਾਚਾਰ, ਮੋਦੀ ਜਾਂ ਕਾਂਗਰਸ ਨਾਲ ਲੜਨ ਲਈ ਕਰੀਏ।’ ਉਧਰ ਗੋਆ ਵਿਚ ਆਮ ਆਦਮੀ ਪਾਰਟੀ ਦੇ ਮੁਖੀ ਆਸਕਰ ਰਿਬੇਲੋ ਦਾ ਕਹਿਣਾ ਹੈ ਕਿ ‘ਆਪ’ ਦੀ ਹਾਰ ਦਾ ਮੁੱਖ ਕਾਰਨ ਮੋਦੀ ਨੂੰ ਲੈ ਕੇ ਪਾਰਟੀ ਦੀ ਸਨਕ ਹੈ। ਰਿਬੇਲੋ ਮੁਤਾਬਕ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਨੂੰ ਪਾਰਟੀ ‘ਚੋਂ ਕੱਢਣਾ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਖ਼ਿਲਾਫ਼ ਗਿਆ ਹੈ। ਜਿਸ ਕਾਰਨ ਚੋਣਾਂ ਵਿਚ ਹਾਰ ਮਿਲੀ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਕਿਸੇ ਸੂਰਜ ਛਿਪਣ ਨਾਲ ਖ਼ਤਮ ਨਹੀਂ ਹੋਣ ਵਾਲੀ।