ਜਾਧਵ ਦੀ ਮਾਂ ਨੂੰ ਵੀਜ਼ਾ ਦੇਣ ਬਾਰੇ ਵਿਚਾਰ ਕਰ ਰਿਹੈ ਪਾਕਿਸਤਾਨ

0
223

kulbhushan-yadhav
ਇਸਲਾਮਾਬਾਦ/ਬਿਊਰੋ ਨਿਊਜ਼ :
ਪਾਕਿਸਤਾਨ ਨੇ ਕਿਹਾ ਹੈ ਕਿ ਉਹ ਮੁਲਕ ਦੀ ਫ਼ੌਜੀ ਅਦਾਲਤ ਵੱਲੋਂ ਮੌਤ ਦੀ ਸਜ਼ਾ ਯਾਫ਼ਤਾ ਕੁਲਭੂਸ਼ਨ ਜਾਧਵ ਦੀ ਮਾਂ ਨੂੰ ਵੀਜ਼ਾ ਦੇਣ ਦੀ ਭਾਰਤੀ ਅਪੀਲ ‘ਤੇ ਵਿਚਾਰ ਕਰ ਰਿਹੈ। ਭਾਰਤ ਨੇ ਗੁਆਂਢੀ ਮੁਲਕ ਨੂੰ ਅਪੀਲ ਕੀਤੀ ਸੀ ਕਿ ਉਹ ਜਾਧਵ ਦੀ ਮਾਂ ਅਵੰਤਿਕਾ ਜਾਧਵ ਨੂੰ ਆਪਣੇ ਪੁੱਤ ਨਾਲ ਮਿਲਣ ਦੀ ਇਜਾਜ਼ਤ ਦੇਵੇ। ਪਾਕਿ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ‘ਅਜ਼ੀਜ਼ ਦੀ ਸਿਫ਼ਾਰਿਸ਼’ ਸਬੰਧੀ ਸ਼ਰਤ ਨੂੰ ‘ਸਫ਼ਾਰਤੀ ਨੇਮਾਂ’ ਖ਼ਿਲਾਫ਼ ਦੱਸਿਆ ਹੈ।
ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਬੁਲਾਰੇ ਨਫ਼ੀਸ ਜ਼ਕਾਰੀਆ ਨੇ ਕਿਹਾ,’ਪਾਕਿਸਤਾਨ ਕੁਲਭੂਸ਼ਨ ਜਾਧਵ ਦੀ ਮਾਂ ਨੂੰ ਵੀਜ਼ਾ ਦੇਣ ਬਾਰੇ ਭਾਰਤੀ ਅਪੀਲ ਨੂੰ ਵਿਚਾਰ ਰਿਹਾ ਹੈ।’ ਯਾਦ ਰਹੇ ਕਿ ਜ਼ਕਾਰੀਆ ਦੀਆਂ ਇਹ ਟਿੱਪਣੀਆਂ ਨਵੀਂ ਦਿੱਲੀ ਵਿੱਚ ਦੋ ਦਿਨ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਦਿੱਤੇ ਉਸ ਬਿਆਨ ਤੋਂ ਬਾਅਦ ਆਈਆਂ ਹਨ, ਜਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਸਰਤਾਜ ਅਜ਼ੀਜ਼ ਨੂੰ ‘ਨਿੱਜੀ ਚਿੱਠੀ’ ਲਿਖ ਕੇ ਅਵੰਤਿਕਾ ਦੀ ਵੀਜ਼ਾ ਅਰਜ਼ੀ ਨੂੰ ਪ੍ਰਵਾਨਗੀ ਦਿੱਤੇ ਜਾਣ ਦੀ ਮੰਗ ਕੀਤੀ ਸੀ। ਸ੍ਰੀਮਤੀ ਸਵਰਾਜ ਨੇ ਕਿਹਾ ਸੀ ਕਿ ਅਜ਼ੀਜ਼ ਨੇ ਉਨ੍ਹਾਂ ਨੂੰ ਚਿੱਠੀ ਦਾ ਜਵਾਰ ਦੇਣਾ ਵੀ ਮੁਨਾਸਿਬ ਨਹੀਂ ਸਮਝਿਆ। ਜ਼ਕਾਰੀਆ ਨੇ ਕਿਹਾ ਕਿ ਭਾਰਤ, ਪਾਕਿਸਤਾਨੀ ਮਰੀਜ਼ ਨੂੰ ਆਪਣੇ ਮੁਲਕ ਵਿਚ ਇਲਾਜ ਕਰਾਉਣ ਲਈ ਮੈਡੀਕਲ ਵੀਜ਼ਾ ਦੇਣ ਲਈ ‘ਸ਼ਰਤਾਂ’ ਲਾ ਰਿਹੈ, ਜੋ ਕਿ ‘ਸਫ਼ਾਰਤੀ ਨੇਮਾਂ’ ਖ਼ਿਲਾਫ਼ ਹੈ।
ਇਸੇ ਦੌਰਾਨ ਭਾਰਤ ਨੇ ਕਿਹਾ ਹੈ ਕਿ ਕੁਲਭੂਸ਼ਨ ਜਾਧਵ ਤਕ ਭਾਰਤ ਨੂੰ ਸਫ਼ਾਰਤੀ ਰਸਾਈ ਅਤੇ ਉਸ ਦੀ ਮਾਂ ਨੂੰ ਵੀਜ਼ਾ ਦੇਣ ਸਬੰਧੀ ਪਾਕਿਸਤਾਨ ਦੇ ਰੁਖ਼ ਵਿਚ ਕੋਈ ਤਬਦੀਲੀ ਨਹੀਂ ਆਈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੋਪਾਲ ਬਾਗਲੇ ਨੇ ਕਿਹਾ ਕਿ ਕੇਸ ਹੁਣ ਕੌਮਾਂਤਰੀ ਨਿਆਂ ਅਦਾਲਤ ਵਿੱਚ ਹੈ ਅਤੇ ਭਾਰਤ ਵੱਲੋਂ 13 ਸਤੰਬਰ ਦੀ ਨਿਰਧਾਰਿਤ ਮਿਆਦ ਤਕ ਆਪਣਾ ਜਵਾਬ ਦਾਅਵਾ ਦਾਖ਼ਲ ਕਰੇਗਾ। ਜਾਧਵ ਦੀ ਮਾਂ ਅਵੰਤਿਕਾ ਜਾਧਵ ਨੂੰ ਭਾਰਤ ਦੀ ਅਪੀਲ ‘ਤੇ ਵੀਜ਼ਾ ਦੇਣ ਦਾ ਮਾਮਲਾ ਪਾਕਿਸਤਾਨ ਵੱਲੋਂ ਵਿਚਾਰੇ ਜਾਣ ਬਾਰੇ ਪੁੱਛੇ ਜਾਣ ‘ਤੇ ਬਾਗਲੇ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ।