ਸੀਨੀਆਰ ਪੱਤਰਕਾਰ ਕੇਜੇ ਸਿੰਘ ਤੇ ਮਾਤਾ ਗੁਰਚਰਨ ਕੌਰ ਦਾ ਸਸਕਾਰ

0
396
K J S Singh and Mother  at cremation  in Mohali on Sunday. Tribune photo Vicky Gharu
K J S Singh and Mother at cremation in Mohali on Sunday. Tribune photo Vicky Gharu

ਫ਼ੋਟੋ ਕੈਪਸ਼ਨ : ਕੇਜੇ ਸਿੰਘ ਅਤੇ ਮਾਤਾ ਗੁਰਚਰਨ ਕੌਰ ਦੀ ਚਿਖ਼ਾ ਨੂੰ ਅਗਨੀ ਦਿਖਾਉਂਦੇ ਹੋਏ ਵਿਜੇਪਾਲ ਸਿੰਘ।
ਐਸ.ਏ.ਐਸ. ਨਗਰ (ਮੁਹਾਲੀ)/ਬਿਊਰੋ ਨਿਊਜ਼:
ਇੱਥੋਂ ਦੇ ਫੇਜ਼-3ਬੀ2 ਵਿੱਚ ਰਹਿੰਦੇ ਸੀਨੀਅਰ ਪੱਤਰਕਾਰ ਕੇ.ਜੇ. ਸਿੰਘ (65 ਸਾਲ) ਅਤੇ ਉਨ੍ਹਾਂ ਦੀ ਮਾਂ ਗੁਰਚਰਨ ਕੌਰ (92 ਸਾਲ) ਜਿਨ੍ਹਾਂ ਦਾ ਸ਼ੁੱਕਰਕਾਰ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਦਾ ਐਤਵਾਰ ਨੂੰ ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਤੋਂ ਪਹਿਲਾਂ ਸਵੇਰੇ ਸਰਕਾਰੀ ਹਸਪਤਾਲ ਵਿੱਚ ਤਿੰਨ ਡਾਕਟਰਾਂ ਦੇ ਮੈਡੀਕਲ ਬੋਰਡ ਵੱਲੋਂ ਪੋਸਟ ਮਾਰਟਮ ਕੀਤਾ ਗਿਆ।
ਐਸਐਮਓ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਤੋਂ ਬਾਅਦ ਪੁਲੀਸ ਰਾਹੀਂ ਮਾਂ ਪੁੱਤ ਦੀਆਂ ਲਾਸਾਂ ਵਾਰਸਾਂ ਨੂੰ ਸੌਂਪੀਆਂ ਗਈਆਂ। ਇਸ ਮਗਰੋਂ ਮੁਹਾਲੀ ਵਿੱਚ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਇਸ ਘਟਨਾ ਕਾਰਨ ਸ਼ਹਿਰ ਵਿੱਚ ਸੋਗ ਹੈ। ਮ੍ਰਿਤਕ ਦੇਹਾਂ ਨੂੰ ਅਗਨੀ ਕੇ ਜੇ ਸਿੰਘ ਦੇ ਵੱਡੇ ਭਰਾ ਵਿਜੇਪਾਲ ਸਿੰਘ ਨੇ ਦਿਖਾਈ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਮ੍ਰਿਤਕ ਦੇਹਾਂ ‘ਤੇ ਰੀਥਾਂ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਕਾਤਲ ਜਲਦੀ ਹੀ ਪੁਲੀਸ ਦੀ ਗ੍ਰਿਫ਼ਤ ਵਿੱਚ ਹੋਣਗੇ। ਸ੍ਰੀ ਠੁਕਰਾਲ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪਹਿਲਾਂ ਹੀ ਇਸ ਦੋਹਰੇ ਹੱਤਿਆ ਕਾਂਡ ਲਈ ਆਈਜੀ (ਅਪਰਾਧ)  ਸ਼ਸ਼ੀ ਪ੍ਰਭਾ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ ਅਤੇ ਪੁਲੀਸ ਵੱਖ ਵੱਖ ਪਹਿਲੂਆਂ ‘ਤੇ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਪੁਲੀਸ ਅਤੇ ਵਿਸ਼ੇਸ਼ ਜਾਂਚ ਟੀਮ ਨੂੰ ਆਦੇਸ਼ ਦਿੱਤੇ ਗਏ ਹਨ ਕਿ ਇਸ ਕੇਸ ਨੂੰ ਜਿੰਨੀ ਜਲਦੀ ਹੋ ਸਕੇ ਸੁਲਝਾ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਇਸ ਮੌਕੇ ਆਰਟੀਆਈ ਕਾਰਕੁਨ ਤੇ ਕੌਂਸਲਰ ਕੁਲਜੀਤ ਸਿੰਘ ਬੇਦੀ, ਇੰਡੀਅਨ ਐਕਸਪ੍ਰੈਸ ਦੇ ਸਾਬਕਾ ਰੈਜ਼ੀਡੈਂਟ ਐਡੀਟਰ  ਵਿਪਨ ਪੱਬੀ, ਡੇਲੀ ਪੋਸਟ ਦੇ ਸਾਬਕਾ ਸੰਪਾਦਕ ਸਰਬਜੀਤ ਪੰਧੇਰ, ਬਾਬੂ ਸਾਹੀ ਡਾਟ ਕਾਮ ਦੇ ਐਡੀਟਰ ਬਲਜੀਤ ਬੱਲੀ ਸਮੇਤ ਚੰਡੀਗੜ੍ਹ ਅਤੇ ਮੁਹਾਲੀ ਦੇ ਪੱਤਰਕਾਰ ਅਤੇ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਤੇ ਨਜ਼ਦੀਕੀ ਰਿਸ਼ੇਤਦਾਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਹੈਰਾਨੀ ਦੀ ਗੱਲ ਹੈ ਕਿ ਅੰਤਿਮ ਸੰਸਕਾਰ ਮੌਕੇ ਇਲਾਕੇ ਦੇ ਕੌਂਸਲਰ ਨੂੰ ਛੱਡ ਕੇ ਕਿਸੇ ਸਿਆਸੀ ਪਾਰਟੀ ਦਾ ਆਗੂ ਜਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਹਾਜ਼ਰ ਨਹੀਂ ਸੀ। ਇਸ ਦਾ ਮੀਡੀਆ ਕਰਮੀਆਂ ਨੇ ਕਾਫੀ ਬੂਰਾ ਮਨਾਇਆ।

ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਨਾਲ ਕੀਤੇ ਸਨ ਪੰਦਰਾਂ ਵਾਰ
ਐਸ.ਏ.ਐਸ. ਨਗਰ (ਮੁਹਾਲੀ)/ਬਿਊਰੋ ਨਿਊਜ਼
ਇੱਥੋਂ ਦੇ ਫੇਜ਼-3ਬੀ2 ਵਿੱਚ ਕਤਲ ਕੀਤੇ ਸੀਨੀਅਰ ਪੱਤਰਕਾਰ ਕੇ. ਜੇ. ਸਿੰਘ (65 ਸਾਲ) ਦੇ ਸਰੀਰ ‘ਤੇ ਤੇਜ਼ਧਾਰ ਹਥਿਆਰ ਨਾਲ ਲਗਪਗ 14-15 ਵਾਰ ਕੀਤੇ ਗਏ ਤੇ ਉਨ੍ਹਾਂ ਦੀ ਲਾਸ਼ ਪੂਰੀ ਤਰ੍ਹਾਂ ਵਿੰਨੀ ਹੋਈ ਸੀ, ਪਰ ਉਨ੍ਹਾਂ ਦੀ ਮੌਤ ਗਲੇ ਦੀ ਨਾੜ ਕੱਟੇ ਜਾਣ ਨਾਲ ਹੋਈ ਹੈ ਅਤੇ ਉਨ੍ਹਾਂ ਦੀ ਮਾਂ ਗੁਰਚਰਨ ਕੌਰ (90 ਸਾਲ) ਦੀ ਮੌਤ ਗਲਾ ਘੁੱਟਣ ਕਾਰਨ ਹੋਈ ਹੈ। ਇਹ ਖ਼ੁਲਾਸਾ ਪੋਸਟਮਾਰਟਮ ਦੀ ਰਿਪੋਰਟ ਵਿੱਚ ਹੋਇਆ ਹੈ। ਸਰਕਾਰੀ ਹਸਪਤਾਲ ਫੇਜ਼-6 ਵਿੱਚ ਫੌਰੈਂਸਿਕ ਮਾਹਿਰ ਡਾ. ਕਰਮਜੀਤ ਸਿੰਘ, ਮੈਡੀਸਿਨ ਦੇ ਡਾਕਟਰ ਪਰਮਿੰਦਰਜੀਤ ਸਿੰਘ ਤੇ ਡਾ. ਮਨੋਹਰ ਲਾਲ ‘ਤੇ ਆਧਾਰਿਤ ਡਾਕਟਰਾਂ ਦੇ ਮੈਡੀਕਲ ਬੋਰਡ ਵੱਲੋਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਗਿਆ।
ਮੈਡੀਕਲ ਬੋਰਡ ਦੇ ਮੈਂਬਰ ਡਾ. ਪਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਮਾਂ ਦੀ ਮੌਤ ਸ਼ੁੱਕਰਵਾਰ ਰਾਤ ਕਰੀਬ ਦੋ ਤੋਂ ਢਾਈ ਵਜੇ ਦੇ ਦਰਮਿਆਨ ਹੋਈ ਜਾਪਦੀ ਹੈ। ਉਨ੍ਹਾਂ ਦੱਸਿਆ ਕਿ ਪੱਤਰਕਾਰ ‘ਤੇ ਤੇਜ਼ਧਾਰ ਹਥਿਆਰ ਨਾਲ ਕਰੀਬ 14 ਤੋਂ 15 ਵਾਰ ਕੀਤੇ ਗਏ ਹਨ, ਪਰ ਉਨ੍ਹਾਂ ਦੀ ਮੌਤ ਗਲੇ ‘ਤੇ ਹੋਏ ਵਾਰ ਨਾਲ ਸਾਹ ਦੀ ਨਾਲੀ ਕੱਟਣ ਕਾਰਨ ਹੋਈ ਹੈ। ਪੱਤਰਕਾਰ ਦੀ ਪਿੱਠ ਅਤੇ ਛਾਤੀ ਅਤੇ ਪੇਟ ਵਿੱਚ ਵਾਰ ਕੀਤੇ ਗਏ ਸਨ, ਜਦੋਂਕਿ ਉਨ੍ਹਾਂ ਦੇ ਹੱਥ ਵੀ ਜ਼ਖ਼ਮੀ ਸਨ। ਉਨ੍ਹਾਂ ਮਾਂ ਦੀ ਮੌਤ ਸਾਹ ਨਾ ਆਉਣ ਕਾਰਨ ਭਾਵ ਗਲਾ ਘੁੱਟਣ ਕਾਰਨ ਹੋਈ ਹੈ। ਉਧਰ, ਇਸ ਕਤਲ ਕੇਸ ਨੂੰ ਸੁਲਝਾਉਣ ਲਈ ਮੁਹਾਲੀ ਪੁਲੀਸ ਨੂੰ ਕੋਈ ਅਹਿਮ ਸੁਰਾਗ ਨਹੀਂ ਮਿਲਿਆ ਹੈ। ਉਂਜ ਪੁਲੀਸ ਦੀ ਪਹਿਲੀ ਨਜ਼ਰ ਵਿੱਚ ਇਹ ਮਾਮਲਾ ਲੁੱਟ-ਖੋਹ ਦਾ ਲੱਗ ਰਿਹਾ ਹੈ। ਪੁਲੀਸ ਇਹ ਮੰਨ ਕੇ ਚੱਲ ਰਹੀ ਹੈ ਕਿ ਕਿਸੇ ਭੇਤੀ ਬੰਦੇ ਦਾ ਕੰਮ ਹੈ। ਪੁਲੀਸ ਅਧਿਕਾਰੀ ਇਹ ਕਹਿ ਕੇ ਪੱਲਾ ਛੁਡਾ ਰਹੇ ਹਨ ਕਿ ਵੱਖ ਵੱਖ ਪਹਿਲੂਆਂ ‘ਤੇ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਦੱਪਰ ਵੱਲ ਮ੍ਰਿਤਕ ਦੀ ਕਾਰ ਲਾਵਾਰਸ ਖੜੀ ਮਿਲਣ ਦੀ ਗੱਲ ਵੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਪੈਟਰੋਲ ਖਤਮ ਹੋਣ ਕਾਰਨ ਕਾਤਲ ਕਾਰ ਨੂੰ ਛੱਡ ਕੇ ਅੰਬਾਲਾ ਵੱਲ ਫ਼ਰਾਰ ਹੋ ਗਏ, ਪਰ ਐਸਪੀ (ਸਿਟੀ) ਜਗਜੀਤ ਸਿੰਘ ਜੱਲ੍ਹਾ ਦਾ ਕਹਿਣਾ ਹੈ ਕਿ ਇਹ ਅਫ਼ਵਾਹ ਝੂਠੀ ਹੈ। ਪੁਲੀਸ ਵੱਲੋਂ ਪੱਤਰਕਾਰ ਦੇ ਮੁਹੱਲੇ ਦੇ ਤਿੰਨ ਘਰਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜ ਹਾਸਲ ਕਰ ਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਚਾਰ ਜਣੇ ਹਿਰਾਸਤ ‘ਚ ਲਏ
ਸੂਤਰਾਂ ਦੀ ਜਾਣਕਾਰੀ ਮੁਤਾਬਕ ਪੁਲੀਸ ਨੇ ਇਸ ਮਾਮਲੇ ਸਬੰਧੀ ਪੁੱਛ-ਪੜਤਾਲ ਲਈ ਚਾਰ ਜਣਿਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਹ ਵਿਅਕਤੀ ਕਤਲ ਕੀਤੇ ਪੱਤਰਕਾਰ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਹਨ।