ਪੰਜਾਬ-ਹਰਿਆਣਾ ‘ਚ ਕਿਸਾਨ-ਅੰਦੋਲਨ ਨੂੰ ਰਲਿਆ-ਮਿਲਿਆ ਹੁੰਗਾਰਾ

0
242
kisaan-strike-02-june
ਚੰਡੀਗੜ੍ਹ/ਬਿਊਰੋ ਨਿਊਜ਼ :
ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਦੇਸ਼-ਵਿਆਪੀ ਹੜਤਾਲ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ‘ਚ ਕਿਸਾਨਾਂ ਨੇ ਸਬਜ਼ੀਆਂ, ਫਲਾਂ, ਦੁੱਧ ਅਤੇ ਹੋਰ ਵਸਤੂਆਂ ਦੀ ਸਪਲਾਈ ਰੋਕ ਦਿੱਤੀ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦਾਅਵਾ ਕੀਤਾ ਕਿ ਇਸ ਅੰਦੋਲਨ ਲਈ ਸਾਨੂੰ ਕਿਸਾਨਾਂ ਦਾ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ। ਸੂਬੇ ਦੀਆਂ ਬਹੁਤੀਆਂ ਥਾਵਾਂ ‘ਤੇ ਕਿਸਾਨਾਂ ਨੇ ਸਬਜ਼ੀਆਂ, ਦੁੱਧ ਅਤੇ ਹੋਰ ਵਸਤੂਆਂ ਨੂੰ ਵਿਕਰੀ ਲਈ ਸ਼ਹਿਰਾਂ ‘ਚ ਨਹੀਂ ਲਿਆਂਦਾ।
ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਨੇ ਵੀ ਆਪਣੀ ਉਪਜ ਲਿਆਉਣ ਤੋਂ ਨਹੀਂ ਰੋਕਿਆ। ਕਿਸਾਨਾਂ ਵਿਚ ਕੇਂਦਰ ਸਰਕਾਰ ਖ਼ਿਲਾਫ਼ ਏਨਾ ਗ਼ੁੱਸਾ ਹੈ ਕਿ ਉਹ ਆਪ ਹੀ ਇਸ ਅੰਦੋਲਨ ਦਾ ਹਿੱਸਾ ਬਣੇ ਹਨ। 1 ਜੂਨ ਤੋਂ 10 ਜੂਨ ਤਕ ਸਪਲਾਈ ਰੋਕਣ ਦਾ ਫ਼ੈਸਲਾ ਕਿਸਾਨ ਏਕਤਾ ਮੰਚ ਅਤੇ ਰਾਸ਼ਟਰੀ ਕਿਸਾਨ ਮਹਾ ਸੰਘ ਦੇ ਬੈਨਰ ਹੇਠ ਲਿਆ ਗਿਆ। ਰਾਜੇਵਾਲ ਨੇ ਦਾਅਵਾ ਕੀਤਾ ਕਿ ਸਿਰਫ਼ ਪੰਜਾਬ ਅਤੇ ਹਰਿਆਣਾ ‘ਚ ਹੀ ਨਹੀਂ ਕਿਸਾਨਾਂ ਨੇ ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਕੁਝ ਹੋਰਨਾਂ ਸੂਬਿਆਂ ‘ਚ ਵੀ ਸ਼ਹਿਰਾਂ ‘ਚ ਆਪਣੀਆਂ ਵਸਤੂਆਂ ਨਹੀਂ ਵੇਚੀਆਂ। ਉਨ੍ਹਾਂ ਕਿਹਾ ਕਿ ਇਸ 10 ਦਿਨ ਲੰਬੇ ਅੰਦੋਲਨ ਦੌਰਾਨ ਕਿਸਾਨ ਆਪਣੇ ਪਿੰਡਾਂ ‘ਚ ਹੀ ਰਹਿਣਗੇ ਅਤੇ ਆਪਣੀ ਉਪਜ ਨੂੰ ਸਪਲਾਈ ਕਰਨ ਲਈ ਸ਼ਹਿਰਾਂ ‘ਚ ਨਹੀਂ ਲੈ ਕੇ ਜਾਣਗੇ। ਹਾਲਾਂਕਿ ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਉਪਜ ਨੂੰ ਪਿੰਡ ਵਾਸੀਆਂ ਨੂੰ ਵੇਚ ਸਕਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੇ ਅੰਦੋਲਨ ਦਾ ਪਹਿਲਾ ਦਿਨ ਸ਼ਾਂਤਮਈ ਰਿਹਾ। ਇਸੇ ਤਰ੍ਹਾਂ ਦੀਆਂ ਰਿਪੋਰਟਾਂ ਗੁਆਂਢੀ ਸੂਬੇ ਹਰਿਆਣਾ ਤੋਂ ਮਿਲੀਆਂ ਹਨ, ਜਿਥੇ ਕਿਸਾਨਾਂ ਨੇ ਬਹੁਤ ਸਾਰੀਆਂ ਥਾਵਾਂ ਤੇ ਸ਼ਹਿਰਾਂ ‘ਚ ਵਸਤੂਆਂ ਨਹੀਂ ਵੇਚੀਆਂ। ਰਾਜੇਵਾਲ ਨੇ ਕਿਹਾ ਕਿ ਅਸੀਂ ਘੱਟੋ-ਘੱਟ ਆਮਦਨ ਗਾਰੰਟੀ ਯੋਜਨਾ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਅਤੇ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਦੀ ਵੀ ਮੰਗ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀ ਮਦਦ ਕਰਨ ‘ਚ ਅਸਫਲ ਰਹਿਣ ‘ਤੇ ਉਹ ਇਹ ਫ਼ੈਸਲਾ ਲੈਣ ਲਈ ਮਜਬੂਰ ਹੋਏ ਹਨ।
ਬੀ. ਕੇ. ਯੂ. ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੰਦੁਨੀ ਨੇ ਵੀ  ਕਿਹਾ ਕਿ ਹਰਿਆਣਾ ‘ਚ ਕਿਸਾਨ ਸਾਡਾ ਸਮਰਥਨ ਕਰ ਰਹੇ ਹਨ ਤੇ ਉਨ੍ਹਾਂ ਨੇ ਸਬਜ਼ੀਆਂ, ਦੁੱਧ ਅਤੇ ਹੋਰਨਾਂ ਵਸਤੂਆਂ ਸ਼ਹਿਰਾਂ ‘ਚ ਸਪਲਾਈ ਲਈ ਨਹੀਂ ਲਿਆਂਦੀਆਂ। ਉਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕਰਨ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ।
ਪੰਜਾਬ ਅਤੇ ਹਰਿਆਣਾ ‘ਚ ਕਿਸਾਨ ਸੰਗਠਨ ਜਿਵੇਂ ਕਿ ਬੀਕੇਯੂ. ਰਾਜੇਵਾਲ, ਬੀਕੇਯੂ. ਸਿੱਧੂਪੁਰ, ਬੀਕੇਯੂ. ਹਰਿਆਣਾ ਨੇ ਅੰਦੋਲਨ ‘ਚ ਹਿੱਸਾ ਲਿਆ। ਹਾਲਾਂਕਿ ਦੋਵੇਂ ਸੂਬਿਆਂ ਦੇ ਸਬਜ਼ੀ ਵਿਕਰੇਤਾਵਾਂ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਜੇਕਰ ਤਾਜ਼ਾ ਸਬਜ਼ੀਆਂ ਦੀ ਸਪਲਾਈ ਨਾ ਆਈ ਤਾਂ ਸਬਜ਼ੀਆਂ ਦੀਆਂ ਕੀਮਤਾਂ ਵਧ ਜਾਣਗੀਆਂ। ਪੰਜਾਬ ਦੀਆਂ ਕੁਝ ਥਾਵਾਂ ਤੋਂ ਇਹ ਵੀ ਰਿਪੋਰਟਾਂ ਹਨ ਕਿ ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਲੋਕਾਂ ਨੇ ਜ਼ਿਆਦਾ ਮਾਤਰਾ ‘ਚ ਸਬਜ਼ੀਆਂ ਦੀ ਖ਼ਰੀਦ ਕਰਨੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੀਆਂ ਕੁਝ ਥਾਵਾਂ ‘ਤੇ ਕਿਸਾਨਾਂ ਨੇ ਪ੍ਰਤੀਕਆਤਮਕ ਵਿਰੋਧ ਵਜੋਂ ਸਬਜ਼ੀਆਂ ਅਤੇ ਦੁੱਧ ਸੜਕਾਂ ‘ਤੇ ਵੀ ਰੋੜ੍ਹੇ।