ਪਿੰਡ ਰੰਘੜਿਆਲ ਦੇ ਖੇਤਾਂ ਵਿੱਚ ਉੱਗੀ ਖ਼ੁਦਕੁਸ਼ੀਆਂ ਦੀ ਫਸਲ

0
234

kissan-khudkushi
ਕੈਪਸ਼ਨ-ਮ੍ਰਿਤਕ ਬੇਅੰਤ ਸਿੰਘ ਦੀ ਮਾਤਾ ਛੋਟੀ ਕੌਰ, ਬੇਟੀ ਮਨਦੀਪ ਕੌਰ ਅਤੇ ਪਤਨੀ ਕਰਮਜੀਤ ਕੌਰ।
ਚੰਡੀਗੜ੍ਹ/ ਹਮੀਰ ਸਿੰਘ :
ਦਸਵੀਂ ਤੱਕ ਪੜ੍ਹੇ 45 ਸਾਲਾ ਬੇਅੰਤ ਸਿੰਘ ਨੂੰ ਕਿਸਾਨਾਂ ਦੀ ਇਕਜੁੱਟਤਾ ਨਾਲ ਸਮੱਸਿਆਵਾਂ ਨੂੰ ਠੱਲ੍ਹ ਦੇਣ ਦੀ ਆਸ ਸੀ ਪਰ ਭਾਰਤੀ ਕਿਸਾਨ ਯੂਨੀਅਨ ਦੇ ਧਰਨਿਆਂ ਵਿੱਚ ਜਾ ਕੇ ਵੀ ਉਸ ਦੀ ਨਾਉਮੀਦੀ ਉਮੀਦ ਵਿੱਚ ਨਾ ਬਦਲ ਸਕੀ। ਆਖਰ 4 ਮਈ 2017 ਨੂੰ ਖ਼ੁਦਕੁਸ਼ੀਆਂ ਵਾਲਿਆਂ ਦੀ ਕਤਾਰ ਵਿੱਚ ਸ਼ਾਮਲ ਹੋ ਕੇ ਉਹ ਤਾਂ ਪਿੱਛਾ ਛੁਡਵਾ ਗਿਆ ਪਰ ਪਿੱਛੇ ਪਤਨੀ ਕਰਮਜੀਤ ਕੌਰ, ਬੁੱਢੀ ਮਾਂ ਛੋਟੀ ਕੌਰ ਅਤੇ ਦੋ ਬੱਚਿਆਂ ਉੱਤੇ ਦੁੱਖਾਂ ਦਾ ਪਹਾੜ ਛੱਡ ਗਿਆ। ਮਾਨਸਾ ਜ਼ਿਲ੍ਹੇ ਦੇ ਕਰੀਬ ਸਾਢੇ ਕੁ ਤਿੰਨ ਹਜ਼ਾਰ ਦੀ ਆਬਾਦੀ ਵਾਲੇ ਪਿੰਡ ਰੰਘੜਿਆਲ ਵਿੱਚ ਜਿਵੇਂ ਖ਼ੁਦਕੁਸ਼ੀਆਂ ਦੀ ਖੇਤੀ ਹੋ ਰਹੀ ਹੋਵੇ। 12 ਮਈ ਨੂੰ ਬੇਅੰਤ ਸਿੰਘ ਦੇ ਭੋਗ ਉੱਤੇ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਦੋ ਦਿਨ ਤੋਂ ਭੋਗ ਉੱਤੇ ਹੀ ਆ ਰਹੇ ਹਨ। ਇਕ ਦਿਨ ਪਹਿਲਾਂ ਮਿੱਠੂ ਸਿੰਘ ਦਾ ਭੋਗ ਸੀ।
ਬੇਅੰਤ ਸਿੰਘ ਸਾਢੇ ਤਿੰਨ ਏਕੜ ਜ਼ਮੀਨ ਦਾ ਮਾਲਕ ਸੀ। ਉਹ ਆਪਣੇ ਬੱਚਿਆਂ ਨੂੰ ਅੱਗੇ ਪੜ੍ਹਾਉਣਾ ਵੀ ਲੋਚਦਾ ਸੀ ਪਰ ਬੇਟੀ ਮਨਦੀਪ ਬਾਰ੍ਹਵੀਂ ਕਰ ਕੇ ਅੱਗੋਂ ਕਾਲਜ ਵਿੱਚ ਦਾਖ਼ਲੇ ਦੇ ਸਮਰੱਥ ਨਹੀਂ ਹੋ ਸਕੀ। ਕਰਮਜੀਤ ਕੌਰ ਦੀਆਂ ਅੱਖਾਂ ਵਿੱਚ ਹੰਝੂ ਹੀ ਮਨਦੀਪ ਦੇ ਪੜ੍ਹਾਈ ਛੱਡ ਦੇਣ ਦੇ ਕਾਰਨ ਬਿਆਨਣ ਲਈ ਕਾਫ਼ੀ ਸਨ ਪਰ ਉਸ ਦੇ ਲਫ਼ਜ਼ਾਂ ਦਾ ਦਰਦ ਤਾਂ ਰੂਹ ਨੂੰ ਧੁਰ ਅੰਦਰ ਤੱਕ ਹਿਲਾ ਦੇਣ ਵਾਲਾ ਸੀ। ਉਸ ਨੇ ਕਿਹਾ,  ”ਫੀਸਾਂ ਜ਼ਿਆਦਾ ਨੇ, ਕੀ ਕਰੀਏ ਲਾ ਹੀ ਨਹੀਂ ਸਕੇ।” ਪਿੰਡ ਦੀ ਸਰਪੰਚ ਗੁਰਵਿੰਦਰ ਕੌਰ ਦੇ ਪਤੀ ਨਾਇਬ ਸਿੰਘ ਮੁਤਾਬਕ ਬੇਅੰਤ ਸਿੰਘ ਸਿਰ ਤਿੰਨ ਲੱਖ ਰੁਪਏ ਦੇ ਕਰੀਬ ਕਰਜ਼ਾ ਸੀ। ਧਰਤੀ ਹੇਠਲਾ ਪਾਣੀ ਖ਼ਰਾਬ ਹੈ। ਡੂੰਘੇ ਬੋਰ ਉੱਤੇ ਸਾਢੇ ਤਿੰਨ ਲੱਖ ਰੁਪਏ ਲਾਏ ਤਾਂ ਤਿੰਨ ਲੱਖ ਰੁਪਏ ਵਿੱਚ ਜ਼ਮੀਨ ਗਹਿਣੇ ਰੱਖਣੀ ਪਈ। ਛੇ ਏਕੜ ਵਾਹਣ ਠੇਕੇ ਉੱਤੇ ਲੈ ਕੇ ਆਮਦਨ ਨਾਲ ਕਰਜ਼ਾ ਲਾਹੁਣ ਦੀ ਕੋਸ਼ਿਸ਼ ਉਲਟੀ ਪੈ ਗਈ। ਪਾਣੀ ਮਾੜਾ ਹੋਣ ਕਾਰਨ ਫਸਲ ਦਾ ਝਾੜ ਘਟ ਗਿਆ ਅਤੇ ਕਰਜ਼ਾ ਮੋੜਨ ਦੀ ਉਮੀਦ ਪੂਰੀ ਨਹੀਂ ਹੋਈ। ਜਿਗਰ ਵਿੱਚ ਖ਼ਰਾਬੀ ਹੋਣ ਕਾਰਨ ਦਵਾਈਆਂ ਦਾ ਖਰਚ ਵੀ ਆਰਥਿਕ ਤੌਰ ਉੱਤੇ ਲੋਕ ਤੋੜ ਦੇਣ ਵਾਲਾ ਸੀ। ਬੇਅੰਤ ਸਿੰਘ ਨੇ ਪਰਿਵਾਰ ਤੋਂ ਚੋਰੀ ਇਕ ਏਕੜ ਜ਼ਮੀਨ ਵੀ ਵੇਚ ਦਿੱਤੀ ਪਰ ਫਿਰ ਵੀ ਤਾਣੀ ਸੂਤ ਨਹੀਂ ਆਈ।
ਕਰਮਜੀਤ ਕੌਰ ਨਾਲ ਬੈਠੇ ਪਿੰਡ ਰੰਘੜਿਆਲ ਦੇ ਹੀ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਦੇਵੀ ਰਾਮ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਨ੍ਹਾਂ ਨਾਲ ਬੇਅੰਤ ਸਿੰਘ ਗੱਲਬਾਤ ਕਰ ਲੈਂਦਾ ਸੀ, ਇਨ੍ਹਾਂ ਨੂੰ ਹੀ ਪਤਾ ਹੋਣੈ। ਪਰ ਬੇਅੰਤ ਨੇ ਕਰਜ਼ੇ ਦੀ ਪ੍ਰੇਸ਼ਾਨੀ ਦੀ ਸਾਂਝ ਯੂਨੀਅਨ ਆਗੂ ਨਾਲ ਵੀ ਨਹੀਂ ਪਾਈ ਸੀ। ਪਿਤਾ ਦੀ ਬਿਮਾਰੀ ਕਾਰਨ ਬੇਟਾ ਗੁਰਸੇਵਕ ਵੀ ਬਾਰ੍ਹਵੀਂ ਤੋਂ ਬਾਅਦ ਪਿਤਾ ਨਾਲ ਖੇਤੀ ਵਿੱਚ ਹੱਥ ਵਟਾਉਣ ਲੱਗ ਪਿਆ।
55 ਸਾਲਾ ਮਿੱਠੂ ਸਿੰਘ 3 ਮਈ ਨੂੰ ਸਦਾ ਲਈ ਕੂਚ ਕਰ ਗਿਆ। ਉਸ ਦੀ ਵਿਧਵਾ ਕੁਲਦੀਪ ਕੌਰ ਇਸ ਨੂੰ ਕਿਸਾਨੀ ਖ਼ੁਦਕੁਸ਼ੀ ਦੇ ਖਾਤੇ ਪਾ ਕੇ ਖ਼ੁਦਕੁਸ਼ੀ ਪੀੜਤ ਪਰਿਵਾਰ ਲਈ ਸਕੀਮ ਵਿੱਚੋਂ ਰਾਸ਼ੀ ਲੈਣ ਦੇ ਲਾਲਚ ਵਿੱਚ ਨਹੀਂ ਪਈ। ਕੁਲਦੀਪ ਕੌਰ ਨੇ ਸਾਫਗੋਈ ਨਾਲ ਕਿਹਾ, ਉਸ ਦਾ ਪਤੀ ਨਸ਼ਾ ਕਰਦਾ ਸੀ। ਪਿਛਲੇ ਦਿਨਾਂ ਤੋਂ ਨਸ਼ੇ ਦੀ ਤੰਗੀ ਕਾਰਨ ਜ਼ਹਿਰੀਲੀ ਚੀਜ਼ ਖਾ ਲਈ। ਅੱਧ ਟੁੱਟੇ ਦਰਵਾਜ਼ਿਆਂ ਵਾਲੀ ਦਲਾਨ ਵਿੱਚ ਬੈਠੀ ਕੁਲਦੀਪ ਕੌਰ ਨੇ ਦੱਸਿਆ ਕਿ ਉਹ ਪਤੀ ਦੇ ਹੁੰਦਿਆਂ ਵੀ ਲੋਕਾਂ ਦਾ ਤਾਣੀ-ਤਾਘਾ, ਗੋਹਾ ਲਵਾਉਣ ਵਰਗੇ ਕੰਮ ਕਰ ਕੇ ਗੁਜ਼ਾਰਾ ਚਲਾਉਂਦੀ ਆ ਰਹੀ ਹੈ। ਹੁਣ ਤਾਂ ਪੰਜ ਸੌ ਰੁਪਏ ਪੈਨਸ਼ਨ ਦੇ ਵੀ ਮਿਲ ਗਏ ਅਤੇ ਇਕ ਮਹੀਨਾ ਮਗਨਰੇਗਾ ਵਿੱਚ ਕੰਮ ਵੀ ਮਿਲ ਗਿਆ ਸੀ, ਇਸ ਲਈ ਕੰਮ ਠੀਕ ਚੱਲ ਗਿਆ। ਅਜੇ ਬੱਚਿਆਂ ਦੀ ਪੈਨਸ਼ਨ ਨਹੀਂ ਲੱਗੀ।  ਆਪਣੀ ਭੈਣ ਦਾ ਦੁੱਖ ਦਰਦ ਵੰਡਾਉਣ ਹਰਿਆਣੇ ਦੇ ਪਿੰਡ ਸਧਾਣੀ ਤੋਂ ਆਈ ਬਲਜੀਤ ਕੌਰ ਝੱਟ ਹਰਿਆਣਾ ਅਤੇ ਪੰਜਾਬ ਸਰਕਾਰਾਂ ਵਿਚਲਾ ਅੰਤਰ ਦੱਸ ਦਿੰਦੀ ਹੈ। ਉਸ ਨੇ ਕਿਹਾ ਕਿ ਸਾਡੇ ਤਾਂ ਬਜ਼ੁਰਗਾਂ ਅਤੇ ਵਿਧਵਾਵਾਂ ਨੂੰ ਬਿਨਾਂ ਨਾਗਾ 1600 ਰੁਪਏ ਪੈਨਸ਼ਨ ਮਿਲਦੀ ਹੈ।