ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਕੀਤਾ ਤੇਜ਼, ਬਰਨਾਲਾ ‘ਚ 22 ਅਗਸਤ ਨੂੰ ਮਹਾਂ ਰੈਲੀ

0
247
Hundreds of farmers under the Seven farmer unions hold huge convention in the seeking freedom from debts levied on farmers by the government in Jalandhar on Friday. Photo Sarabjit Singh
ਕੈਪਸ਼ਨ-ਜਲੰਧਰ ਵਿੱਚ ਸੱਤ ਕਿਸਾਨ ਜਥੇਬੰਦੀਆਂ ਦੀ ਕਨਫੈਨਸ਼ਨ ਵਿੱਚ ਪੁੱਜੇ ਸੈਂਕੜੇ ਕਿਸਾਨ। 

ਜਲੰਧਰ/ਬਿਊਰੋ ਨਿਊਜ਼ :
ਸੱਤ ਕਿਸਾਨ ਜਥੇਬੰਦੀਆਂ ਨੇ ਇੱਥੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਸਾਂਝੀ ਕਨਵੈਨਸ਼ਨ ਦੌਰਾਨ ਕਿਸਾਨੀ ਕਰਜ਼ੇ ‘ਤੇ ਲੀਕ ਫਿਰਵਾਉਣ ਲਈ 22 ਅਗਸਤ ਨੂੰ ਬਰਨਾਲਾ ਵਿੱਚ ਮਹਾਂ ਰੈਲੀ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਇਕਜੁੱਟ ਹੁੰਦਿਆਂ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਵਾਅਦੇ ਮੁਤਾਬਕ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰੇ, ਨਾ ਕਿ ਇਸ ਨੂੰ ਫ਼ਸਲੀ ਕਰਜ਼ਾ ਦੱਸ ਕੇ ਉਲਝਾਏ। ਜਥੇਬੰਦੀਆਂ ਨੇ ਇਹ ਮੰਗ ਵੀ ਕੀਤੀ ਕਿ ਪੰਜ ਏਕੜ ਵਾਲੇ ਕਿਸਾਨਾਂ ਦੇ ਮੁਆਫ਼ ਕੀਤੇ ਦੋ ਲੱਖ ਰੁਪਏ ਦੇ ਕਰਜ਼ੇ ਦਾ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ।
ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਬਰਨਾਲਾ ਵਿੱਚ ਕੀਤੀ ਜਾਣ ਵਾਲੀ ਮਹਾਂ ਰੈਲੀ ਦੌਰਾਨ ਜਿੱਥੇ ਕਰਜ਼ਾ ਮੁਕਤੀ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ, ਉਥੇ ਤਿੱਖੇ ਸੰਘਰਸ਼ ਦਾ ਐਲਾਨ ਵੀ ਕੀਤਾ ਜਾਵੇਗਾ। ਕਨਵੈੱਨਸ਼ਨ ਵਿੱਚ ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਕਿ ਖਾਦਾਂ, ਕੀਟਨਾਸ਼ਕਾਂ ਤੇ ਖੇਤੀ ਸੰਦਾਂ ਸਣੇ ਖੇਤੀ ਲਾਗਤਾਂ ‘ਤੇ ਲਾਇਆ ਜੀਐਸਟੀ ਤੁਰੰਤ ਖ਼ਤਮ ਕੀਤਾ ਜਾਵੇ। ਉਨ੍ਹਾਂ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਉਹ ਫ਼ਸਲੀ ਕਰਜ਼ੇ ਦੀ ਮੁਆਫ਼ੀ ਦਾ ਰੌਲਾ ਪਾ ਕੇ ਕਿਸਾਨਾਂ ਨੂੰ ਗੁੰਮਰਾਹ ਨਾ ਕਰਨ ਸਗੋਂ ਸਮੁੱਚੇ ਕਰਜ਼ੇ ਨੂੰ ਆਪਣੇ ਵਾਅਦੇ ਮੁਤਾਬਕ ਮੁਆਫ਼ ਕਰਨ। ਆਗੂਆਂ ਨੇ ਕਿਹਾ ਕਿ ਸਵਾਮੀਨਾਥਨ ਰਿਪੋਰਟ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ ਤੇ ਜਿਣਸਾਂ ਦੇ ਲਾਹੇਵੰਦ ਭਾਅ ਮਿੱਥੇ ਜਾਣ, ਸ਼ਾਹੂਕਾਰਾਂ ਦੇ ਸਾਰੇ ਦਸਤਾਵੇਜ਼ ਅਤੇ ਵਹੀ-ਖਾਤਿਆਂ ਦੀ ਕਾਨੂੰਨੀ ਮਾਨਤਾ ਰੱਦ ਕੀਤੀ ਜਾਵੇ, ਅਦਾਲਤਾਂ ਵਿੱਚ ਕਿਸਾਨਾਂ ਵਿਰੁੱਧ ਚੱਲ ਰਹੇ ਕੇਸ ਵਾਪਸ ਲਏ ਜਾਣ ਤੇ ਜਬਰੀ ਕਰਜ਼ਾ ਵਸੂਲਣ ਲਈ ਕੁਰਕੀਆਂ ਅਤੇ ਨਿਲਾਮੀਆਂ ਤੇ ਗ੍ਰਿਫ਼ਤਾਰੀਆਂ ਬੰਦ ਕੀਤੀਆਂ ਜਾਣ। ਉਨ੍ਹਾਂ ਖ਼ੁਦਕੁਸ਼ੀ ਪੀੜਤ ਕਿਸਾਨਾਂ ਦੇ ਪਰਿਵਾਰਾਂ ਨੂੰ 10-10 ਲੱਖ ਦਾ ਮੁਆਵਜ਼ਾ, ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਤੇ ਸਾਰੇ ਕਰਜ਼ੇ ‘ਤੇ ਬਿਨਾਂ ਦੇਰੀ ਲੀਕ ਫੇਰਨ ਦੀ ਮੰਗ ਕੀਤੀ।