ਜੇਠਮਲਾਨੀ ਨੇ ਕੇਜਰੀਵਾਲ ਦਾ ਕੇਸ ਲੜਨ ਤੋਂ ਕੀਤਾ ਇਨਕਾਰ

0
349

kejriwal
ਨਵੀਂ ਦਿੱਲੀ/ਬਿਊਰੋ ਨਿਊਜ਼ :
ਦੇਸ਼ ਦੇ ਸਭ ਤੋਂ ਵੱਡੇ ਵਕੀਲਾਂ ਵਿਚੋਂ ਇਕ ਰਾਮ ਜੇਠਮਲਾਨੀ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਮਣਹਾਨੀ ਕੇਸ ਨਹੀਂ ਲੜਨਗੇ। ਜੇਠਮਲਾਨੀ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਦਿੱਲੀ ਹਾਈਕੋਰਟ ਵਿਚ ਝੂਠ ਬੋਲਿਆ ਹੈ, ਉਸ ਨੇ ਜੇਤਲੀ ਬਾਰੇ ਬਹੁਤ ਕੁਝ ਕਿਹਾ ਸੀ ਪਰ ਅਦਾਲਤ ਵਿਚ ਇਸ ਤੋਂ ਇਨਕਾਰ ਕਰ ਦਿੱਤਾ, ਇਸ ਲਈ ਹੁਣ ਉਹ ਉਸ ਦਾ ਕੇਸ ਨਹੀਂ ਲੜਨਗੇ। ਇਸ ਦੇ ਨਾਲ ਹੀ ਜੇਠਮਲਾਨੀ ਨੇ ਕਿਹਾ ਕਿ ਉਨ੍ਹਾਂ ਦੀ ਫ਼ੀਸ 2 ਕਰੋੜ ਰੁਪਏ ਹੈ ਪਰ ਜੇਕਰ ਕੇਜਰੀਵਾਲ ਫ਼ੀਸ ਨਹੀਂ ਦੇਵੇਗਾ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਉਨ੍ਹਾਂ ਹਜ਼ਾਰਾਂ ਲੋਕਾਂ ਦੇ ਕੇਸ ਬਿਨਾਂ ਫ਼ੀਸ ਦੇ ਲੜੇ ਹਨ। ਇਕ ਟੀ.ਵੀ. ਚੈਨਲ ਨਾਲ ਗੱਲਬਾਤ ਦੌਰਾਨ ਜੇਠਮਲਾਨੀ ਨੇ ਕੇਜਰੀਵਾਲ ‘ਤੇ ਅਰੁਣ ਜੇਤਲੀ ਨਾਲ ਮਿਲੇ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਉਸ ਨੇ ਆਪ ਜਾ ਕੇ ਜੇਤਲੀ ਨਾਲ ਸੈਟਲਮੈਂਟ ਕਰ ਲਈ ਹੈ ਤਾਂ ਕਿ ਉਹ ਕੇਸ ਵਾਪਸ ਲੈ ਲਵੇ। ਜ਼ਿਕਰਯੋਗ ਹੈ ਕਿ ਜੇਤਲੀ ਵੱਲੋਂ ਕੇਜਰੀਵਾਲ ਖ਼ਿਲਾਫ਼ ਕੀਤੇ ਮਾਣਹਾਨੀ ਮਾਮਲੇ ਦੀ ਪੈਰਵਾਈ ਜੇਠਮਲਾਨੀ ਕਰ ਰਹੇ ਸਨ ਤੇ 17 ਮਈ 2017 ਦੀ ਸੁਣਵਾਈ ਦੌਰਾਨ ਕੇਜਰੀਵਾਲ ਵੱਲੋਂ ਦਲੀਲ ਦਿੰਦਿਆਂ ਜੇਠਮਲਾਨੀ ਨੇ ਜੇਤਲੀ ਲਈ ‘ਬਦਮਾਸ਼’ ਸ਼ਬਦ ਵਰਤਿਆ ਸੀ ਅਤੇ ਜੇਤਲੀ ਨੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਅਜਿਹੇ ਭੱਦੇ ਸ਼ਬਦ ਦੀ ਵਰਤੋਂ ਉਨ੍ਹਾਂ ਕੇਜਰੀਵਾਲ ਦੇ ਕਹਿਣ ‘ਤੇ ਕੀਤੀ ਹੈ ਤਾਂ ਜੇਠਮਲਾਨੀ ਇਸ ਦਾ ਜਵਾਬ ਹਾਂ ਵਿਚ ਦਿੱਤਾ ਸੀ। ਜਦੋਂ ਕਿ 25 ਜੁਲਾਈ ਨੂੰ ਅਦਾਲਤ ਵਿਚ ਸੁਣਵਾਈ ਦੌਰਾਨ ਕੇਜਰੀਵਾਲ ਨੇ ਕਿਹਾ ਹੈ ਕਿ ਉਨ੍ਹਾਂ ਕਦੇ ਵੀ ਆਪਣੇ ਵਕੀਲ (ਜੇਠਮਲਾਨੀ) ਨੂੰ ਜੇਤਲੀ ਖ਼ਿਲਾਫ ਅਪਮਾਨਜਨਕ ਸ਼ਬਦ ਵਰਤਣ ਲਈ ਨਹੀਂ ਕਿਹਾ ਸੀ।

ਜਵਾਬ ਦਾਖ਼ਲ  ਨਾ ਕਰਨ ‘ਤੇ ਕੇਜਰੀਵਾਲ ਨੂੰ 10 ਹਜ਼ਾਰ ਰੁਪਏ ਜੁਰਮਾਨਾ

ਨਵੀਂ ਦਿੱਲੀ/ਬਿਊਰੋ ਨਿਊਜ਼ :
ਕੇਂਦਰੀ ਮੰਤਰੀ ਅਰੁਣ ਜੇਤਲੀ ਵੱਲੋਂ ਦਾਇਰ ਕੀਤੇ 10 ਕਰੋੜ ਰੁਪਏ ਦੇ ਨਵੇਂ ਮਾਣਹਾਨੀ ਕੇਸ ਵਿੱਚ ਜਵਾਬ ਦਾਖ਼ਲ ਕਰਨ ਵਿੱਚ ਨਾਕਾਮ ਰਹਿਣ ਉਤੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਹਾਈ ਕੋਰਟ ਨੇ ਖਰਚੇ ਵਜੋਂ 10 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ। ਦਿੱਲੀ ਦੇ ਮੁੱਖ ਮੰਤਰੀ ਦੇ ਵਕੀਲ ਰਾਮ ਜੇਠਮਲਾਨੀ ਵੱਲੋਂ ਕਥਿਤ ਤੌਰ ‘ਤੇ ਇਤਰਾਜ਼ਯੋਗ ਸ਼ਬਦ ਵਰਤੇ ਜਾਣ ਉਤੇ ਸ੍ਰੀ ਜੇਤਲੀ ਨੇ ਇਹ ਕੇਸ ਠੋਕਿਆ ਸੀ। ਜੁਆਇੰਟ ਰਜਿਸਟਰਾਰ ਪੰਕਜ ਗੁਪਤਾ ਨੇ ਜਵਾਬ ਦਾਖ਼ਲ ਕਰਨ ਲਈ ਦੋ ਹਫ਼ਤੇ ਹੋਰ ਦਿੰਦਿਆਂ ਮੁੱਖ ਮੰਤਰੀ ਨੂੰ ਖਰਚ ਅਦਾ ਕਰਨ ਦਾ ਹੁਕਮ ਦਿੱਤਾ ਹੈ। ਹਾਈ ਕੋਰਟ ਨੇ 23 ਮਈ ਨੂੰ ਕੇਜਰੀਵਾਲ ਤੋਂ ਜਵਾਬ ਮੰਗਿਆ ਸੀ ਕਿ ਕਿਉਂ ਨਾ ਉਸ ਖ਼ਿਲਾਫ਼ ਮਾਣਹਾਣੀ ਮੁਕੱਦਮਾ ਚਲਾਇਆ ਜਾਵੇ।
ਸ੍ਰੀ ਕੇਜਰੀਵਾਲ ਦੇ ਵਕੀਲ ਰਿਸ਼ੀਕੇਸ਼ ਕੁਮਾਰ ਨੇ ਜਵਾਬ ਦਾਖ਼ਲ ਕਰਨ ਲਈ ਹੋਰ ਸਮਾਂ ਮੰਗਿਆ, ਜਿਸ ਦਾ ਕੇਂਦਰੀ ਮੰਤਰੀ ਦੇ ਵਕੀਲ ਮਾਨਿਕ ਡੋਗਰਾ ਨੇ ਵਿਰੋਧ ਕੀਤਾ। ਦੱਸਣਯੋਗ ਹੈ ਕਿ ਸ੍ਰੀ ਜੇਤਲੀ ਨੇ ਆਮ ਆਦਮੀ ਪਾਰਟੀ ਦੇ ਮੁਖੀ ਤੇ ਪੰਜ ਹੋਰ ਆਗੂਆਂ ਰਾਘਵ ਚੱਢਾ, ਕੁਮਾਰ ਵਿਸ਼ਵਾਸ, ਆਸ਼ੂਤੋਸ਼, ਸੰਜੈ ਸਿੰਘ ਤੇ ਦੀਪਕ ਬਾਜਪਾਈ ਖ਼ਿਲਾਫ਼ ਮਾਣਹਾਨੀ ਕੇਸ ਦਰਜ ਕਰਾਇਆ ਸੀ ਅਤੇ ਇਸ ‘ਤੇ ਖੁੱਲ੍ਹੀ ਅਦਾਲਤ ਵਿਚ ਸੁਣਵਾਈ ਦੌਰਾਨ ਕੇਜਰੀਵਾਲ ਦੇ ਵਕੀਲ ਰਾਮ ਜੇਠਮਲਾਨੀ ਵੱਲੋਂ ਕਥਿਤ ਤੌਰ ‘ਤੇ ‘ਮੰਦੇ ਸ਼ਬਦ’ ਬੋਲੇ ਜਾਣ ਉਤੇ ਸ੍ਰੀ ਜੇਤਲੀ ਨੇ ਮਾਣਹਾਨੀ ਦਾ ਇਕ ਹੋਰ ਕੇਸ ਠੋਕ ਦਿੱਤਾ ਸੀ।