ਪਿੰਡ ਕੱਟਿਆਂਵਾਲੀ ਤੇ ਰਸੂਲਪੁਰ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ

0
544

katyanwali-ch-beadbi
ਕੈਪਸ਼ਨ-ਪਿੰਡ ਕੱਟਿਆਂਵਾਲੀ ਵਿੱਚ ਗੁਟਕੇ ਦੇ ਨੁਕਸਾਨੇ ਅੰਗਾਂ ਨੂੰ ਲਿਜਾਂਦਾ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ।
ਲੰਬੀ/ਬਿਊਰੋ ਨਿਊਜ਼ :
ਇਸ ਵਿਧਾਨ ਸਭਾ ਹਲਕੇ ਦੇ ਪਿੰਡ ਕੱਟਿਆਂਵਾਲੀ ਵਿੱਚ ਗੁਟਕੇ ਦੀ ਬੇਅਦਬੀ ਹੋ ਗਈ। ਗੁਟਕੇ ਦੇ ਪਾੜੇ ਹੋਏ ਅੰਗ ਇੱਕ ਦੁਕਾਨ ਮੂਹਰੋਂ ਮਿਲੇ ਹਨ। ਕਬਰਵਾਲਾ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 295ਏ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਕੱਟਿਆਂਵਾਲੀ ਵਿੱਚ ਦੁਕਾਨਦਾਰ ਗੁਰਦੇਵ ਸਿੰਘ ਸਵੇਰੇ ਆਪਣੀ ਦੁਕਾਨ ’ਤੇ ਪੁੱਜਿਆ। ਉਸ ਨੇ ਵੇਖਿਆ ਕਿ ਦੁਕਾਨ ਅੱਗੇ ਗੁਟਕੇ ਦੇ ਅੰਗ ਪਾੜ ਕੇ ਸੁੱਟੇ ਹੋਏ ਹਨ। ਉਨ੍ਹਾਂ ਨੇ ਪਿੰਡ ਵਾਸੀਆਂ ਅਤੇ ਪੁਲੀਸ ਨੂੰ ਸੂਚਨਾ ਦਿੱਤੀ। ਥਾਣਾ ਕਬਰਵਾਲਾ ਦੇ ਮੁਖੀ ਬਲਕਰਨ ਸਿੰਘ ਅਤੇ ਮਲੋਟ ਦੇ ਐਸਪੀ ਭਾਗੀਰਥ ਮੀਨਾ ਵੀ ਮੌਕੇ ’ਤੇ ਪੁੱਜ ਗਏੇ। ਜਾਣਕਾਰੀ ਮਿਲਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਿਆਲ ਸਿੰਘ ਕੋਲਿਆਂਵਾਲੀ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਵੀ ਪੁੱਜ ਗਏ। ਪੁਲੀਸ ਨੇ ਗੁਟਕੇ ਦੇ ਅੰਗ ਇਕੱਠੇ ਕਰਕੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਸੌਂਪ ਦਿੱਤੇ। ਪੁਲੀਸ ਨੇ ਨਾਲ ਲਗਦੀ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਵੀ ਖੰਗਾਲਿਆ ਹੈ। ਇਸ ਮੌਕੇ ਦੁਕਾਨਦਾਰ ਗੁਰਦੇਵ ਸਿੰਘ ਖ਼ਿਲਾਫ਼ ਕੇਸ ਦੇ ਖ਼ਦਸ਼ੇ ਤਹਿਤ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰ ਪੁੱਜ ਗਏ ਤੇ ਬੇਕਸੂਰ ਦੇ ਹੱਕ ਵਿੱਚ ਸੜਕੀ ਆਵਾਜਾਈ ਠੱਪ ਕਰਨ ਦੀ ਚਿਤਾਵਨੀ ਦਿੱਤੀ। ਐਸ.ਪੀ. ਭਾਗੀਰਥ ਮੀਨਾ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਰਹੀ ਹੈ ਤੇ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲੀਸ ਨੇ 295-ਏ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਗਰਾਉਂ : ਪਿੰਡ ਰਸੂਲਪੁਰ (ਮੱਲ੍ਹਾ) ਵਿੱਚ ਵੀ ਗੁਟਕੇ ਦੀ ਬੇਅਦਬੀ ਹੋ ਗਈ। ਸ਼ਰਾਰਤੀ ਅਨਸਰਾਂ ਨੇ ਗੁਟਕੇ ਦੇ ਅੰਗ ਪਾੜ ਕੇ ਚਾਰ ਪੱਤਰਿਆਂ ਸਮੇਤ ਗੁਟਕਾ ਗਲੀ ਵਿੱਚ ਸੁੱਟ ਦਿੱਤਾ ਸੀ। ਜਗਰਾਉਂ ਤੋਂ ਡੀਐੱਸਪੀ ਰਛਪਾਲ ਸਿੰਘ ਢੀਂਡਸਾ ਅਤੇ ਥਾਣਾ ਹਠੂਰ ਦੇ ਮੁਖੀ ਓਂਕਾਰ ਸਿੰਘ ਨੇ ਪੁਲੀਸ ਪਾਰਟੀ ਸਮੇਤ ਪਿੰਡ ਰਸੂਲਪੁਰ ਮੱਲ੍ਹਾ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਡੀਐੱਸਪੀ ਰਛਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।