ਪੁਲੀਸ ਦੀ ਦਹਿਸ਼ਤ ਨੇ ਪੰਜਾਬ ‘ਚੋਂ ਕਸ਼ਮੀਰੀ ਵਿਦਿਆਰਥੀ ਦੌੜਾਏ

0
44

kashmiri-student
ਜਲੰਧਰ/ਬਿਊਰੋ ਨਿਊਜ਼ :
ਪੰਜਾਬ ਪੁਲਿਸ ਦਾ ਖੌਫ ਅੱਜਕੱਲ੍ਹ ਪੰਜਾਬ ਵਿਚ ਪੜ੍ਹਨ ਲਈ ਆਏ ਕਸ਼ਮੀਰੀ ਵਿਦਿਆਰਥੀਆਂ ਨੂੰ ਕੁਝ ਜ਼ਿਆਦਾ ਹੀ ਸਤਾਉਣ ਲੱਗਾ ਹੈ। ਉਨ੍ਹਾਂ ਦੇ ਮਨਾਂ ਵਿਚ ਦਹਿਸ਼ਤ ਪੈਦਾ ਹੋ ਗਈ ਹੈ ਕਿ ਪਤਾ ਨਹੀਂ ਕਦੋਂ ਕਿਸ ਵਿਦਿਆਰਥੀ ਨੂੰ ਪੰਜਾਬ ਪੁਲੀਸ ਚੁੱਕ ਕੇ ਲੈ ਜਾਵੇ।
ਪੰਜਾਬ ਪੁਲਿਸ ਨੇ ਪਿੱਛੇ ਜਿਹੇ ਜਲੰਧਰ ਦੇ ਮਕਸੂਦਾਂ ਥਾਣੇ ਬਾਹਰ ਹੋਏ ਚਾਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਦੋ ਕਸ਼ਮੀਰੀ ਵਿਦਿਆਰਥੀਆਂ ਦੀ ਕਥਿਤ ਸ਼ਮੂਲੀਅਤ ਦਾ ਦਾਅਵਾ ਕੀਤਾ ਹੈ। ਇਸ ਦਾ ਅਸਰ ਇਹ ਹੋਇਆ ਹੈ ਕਿ ਬਹੁਤ ਸਾਰੇ ਕਸ਼ਮੀਰੀ ਵਿਦਿਆਰਥੀ ਪੰਜਾਬ ਛੱਡ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਕਈ ਵਿਦਿਆਰਥੀ ਤਾਂ ਪੀਜੀ ਵਿੱਚੋਂ ਆਪਣਾ ਸਾਰਾ ਸਾਮਾਨ ਵੀ ਚੁੱਕ ਕੇ ਲੈ ਗਏ ਹਨ, ਜਿਵੇਂ ਕਿ ਉਹ ਵਾਪਸ ਕਦੇ ਵੀ ਨਾ ਮੁੜਨ ਦਾ ਮਨ ਬਣਾ ਕੇ ਗਏ ਹੋਣ। ਛੁੱਟੀਆਂ ‘ਤੇ ਗਏ ਕਈ ਕਸ਼ਮੀਰੀ ਵਿਦਿਆਰਥੀਆਂ ਨੇ ਆਪਣੀਆਂ ਛੁੱਟੀਆਂ ਵਧਾ ਲਈਆਂ ਹਨ।
ਪੰਜਾਬ ਪੁਲੀਸ ਦੇ ਡੀਜੀਪੀ. ਸੁਰੇਸ਼ ਅਰੋੜਾ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਹੀ ਨਿਸ਼ਾਨਾ ਬਣਾਏ ਜਾਣ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕੀਤਾ ਸੀ। ਇਸ ਦੇ ਬਾਵਜੂਦ ਕਸ਼ਮੀਰੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਮਨਾਂ ਵਿਚ ਪੰਜਾਬ ਪੁਲੀਸ ਦੀ ਦਹਿਸ਼ਤ ਹੈ। ਜਿੱਥੇ-ਜਿੱਥੇ ਵੀ ਕਸ਼ਮੀਰੀ ਵਿਦਿਆਰਥੀ ਰਹਿ ਰਹੇ ਹਨ, ਉਥੇ-ਉਥੇ ਉਨ੍ਹਾਂ ਕੋਲੋਂ ਪੰਜਾਬ ਪੁਲੀਸ ਦੇ ਅਫ਼ਸਰ ਜਾ ਕੇ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛਦੇ ਹਨ ਜਿਸ ਕਰ ਕੇ ਕਸ਼ਮੀਰੀ ਵਿਦਿਆਰਥੀ ਪ੍ਰੇਸ਼ਾਨ ਦੱਸੇ ਜਾਂਦੇ ਹਨ। ਦੋ ਹਫਤਿਆਂ ਬਾਅਦ ਹੀ ਇਨ੍ਹਾਂ ਕਿੱਤਾ-ਮੁਖੀ ਕਾਲਜਾਂ ਵਿਚ ਪ੍ਰੀਖਿਆਵਾਂ ਸ਼ੁਰੂ ਹੋਣ ਵਾਲੀਆਂ ਹਨ।
ਸੇਂਟ ਸੋਲਜਰ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਦੋ ਵਿਦਿਆਰਥੀਆਂ ਨੂੰ ਪੰਜਾਬ ਪੁਲੀਸ ਨੇ ਗ੍ਰਿਫ਼ਤਾਰ ਕਰ ਕੇ ਇਹ ਦਾਅਵਾ ਕੀਤਾ ਸੀ ਕਿ ਇਹ ਮਕਸੂਦਾਂ ਥਾਣੇ ਦੇ ਬਾਹਰ 14 ਸਤੰਬਰ ਨੂੰ ਹੋਏ ਬੰਬ ਧਮਾਕਿਆਂ ਵਿਚ ਕਥਿਤ ਤੌਰ ‘ਤੇ ਸ਼ਾਮਿਲ ਸਨ।
ਮਕਸੂਦਾਂ ਇਲਾਕੇ ਦੇ 8 ਪੀਜੀ. ਹਨ ਜਿਨ੍ਹਾਂ ਵਿਚ ਬਹੁਤ ਸਾਰੇ ਕਸ਼ਮੀਰੀ ਵਿਦਿਆਰਥੀ ਰਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਘਟਨਾ ਤੋਂ ਬਾਅਦ ਉਹ ਬਹੁਤ ਘੱਟ ਬਾਹਰ ਨਿਕਲਦੇ ਹਨ ਕਿਉਂਕਿ ਲੋਕ ਉਨ੍ਹਾਂ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਦੇ ਹਨ। ਪੀਜੀ ਮਾਲਕ ਬਲਵਿੰਦਰ ਕੌਰ ਦਾ ਕਹਿਣਾ ਸੀ ਕਿ ਉਹ ਵੀ ਡਰ ਗਏ ਸਨ ਕਿ ਜਿਹੜੇ ਕਸ਼ਮੀਰੀ ਵਿਦਿਆਰਥੀ ਉਨ੍ਹਾਂ ਕੋਲ ਰਹਿ ਰਹੇ ਹਨ, ਕਿਧਰੇ ਉਹ ਵੀ ਅਤਿਵਾਦੀ ਸਰਗਰਮੀਆਂ ਵਿਚ ਸ਼ਾਮਿਲ ਨਾ ਹੋਣ। ਕਈ ਪੀਜੀ ਵਿਚ ਤਾਂ ਵਿਦਿਆਰਥੀ ਪਿਛਲੇ ਪੰਜ-ਛੇ ਸਾਲਾਂ ਤੋਂ ਰਹਿੰਦੇ ਆ ਰਹੇ ਹਨ। ਕੁਝ ਪੀਜੀ ਵਾਲਿਆਂ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਕੱਢ ਦਿਤਾ ਹੈ। ਕਸ਼ਮੀਰੀ ਵਿਦਿਆਰਥੀਆਂ ਦੇ ਮਾਪੇ ਵੀ ਬੜੇ ਪ੍ਰੇਸ਼ਾਨ ਹਨ । ਉਹ ਵਿਦਿਆਕ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਵਾਰ-ਵਾਰ ਫੋਨ ਕਰ ਕੇ ਆਪਣੇ ਬੱਚਿਆਂ ਬਾਰੇ ਪੁੱਛਦੇ ਹਨ ।
ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮਨਵੀਰ ਸਿੰਘ ਚੰਨੀ ਨੇ ਦੱਸਿਆ ਕਿ ਕਾਲਜਾਂ ਵਿਚ ਕਸ਼ਮੀਰੀ ਵਿਦਿਆਰਥੀਆਂ ਦੀ ਹਾਜ਼ਰੀ 50 ਫ਼ੀਸਦੀ ਰਹਿ ਗਈ ਹੈ। ਕਈ ਵਿਦਿਆਰਥੀ ਲੰਮੀ ਛੁੱਟੀ ‘ਤੇ ਚਲੇ ਗਏ ਹਨ। ਉਨ੍ਹਾਂ ਦੱਸਿਆ ਕਿ ਜੋ ਹਾਲਾਤ ਬਣਦੇ ਜਾ ਰਹੇ ਹਨ ਇਸ ਨਾਲ ਵਿਦਿਅਕ ਅਦਾਰਿਆਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਵੇਗਾ ਤੇ ਅਗਲੇ ਸਾਲ ਤੋਂ ਕਸ਼ਮੀਰੀ ਵਿਦਿਆਰਥੀਆਂ ਦੇ ਦਾਖ਼ਲੇ ਹੋਰ ਘਟ ਜਾਣਗੇ।
ਇਕ ਹੋਰ ਕਾਲਜ ਪ੍ਰਬੰਧਕ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ‘ਤੇ ਦੱਸਿਆ ਕਿ ਉਨ੍ਹਾਂ ਦੇ ਕਾਲਜ ਕੋਲੋਂ ਸਿਰਫ ਕਸ਼ਮੀਰੀ ਵਿਦਿਆਰਥੀਆਂ ਦਾ ਰਿਕਾਰਡ ਹੀ ਪੁੱਛਿਆ ਜਾ ਰਿਹਾ ਹੈ ਜਦਕਿ ਉਨ੍ਹਾਂ ਨੇ ਪੁਲੀਸ ਅਧਿਕਾਰੀਆਂ ਨੂੰ ਇਹ ਕਿਹਾ ਸੀ ਕਿ ਅਜਿਹਾ ਕਰਨ ਨਾਲ ਵਿਦਿਆਰਥੀਆਂ ਵਿਚ ਦਹਿਸ਼ਤ ਪੈਦਾ ਹੋਵੇਗੀ। ਬਾਹਰਲੇ ਸੂਬਿਆਂ ਦੇ ਸਾਰੇ ਵਿਦਿਆਰਥੀਆਂ ਬਾਰੇ ਸਾਂਝੀ ਜਾਣਕਾਰੀ ਦਾ ਸੁਝਾਅ ਦੇਣ ਦੇ ਬਾਵਜੂਦ ਪੁਲੀਸ ਅਧਿਕਾਰੀ ਟੱਸ ਤੋਂ ਮੱਸ ਨਹੀਂ ਹੋਏ।
ਉਧਰ ਮਕਸੂਦਾਂ ਥਾਣੇ ਮੂਹਰੇ ਬੰਬ ਧਮਾਕੇ ਦੇ ਕੇਸ ਸਬੰਧੀ ਗ੍ਰਿਫ਼ਤਾਰ ਕੀਤੇ ਗਏ ਕਸ਼ਮੀਰੀ ਵਿਦਿਆਰਥੀ ਰਿਮਾਂਡ ਉਤੇ ਹਨ।