ਕਾਮਾਗਾਟਾਮਾਰੂ ਮੁਸਾਫ਼ਰਾਂ ਨੂੰ ‘ਸਿੱਖ ਨਹੀਂ’ ਕਰਾਰ ਦੇਣ ਵਾਲੇ ਹੁਕਮਨਾਮੇ ‘ਤੇ ਹੋਵੇਗਾ ਮੁੜ ਵਿਚਾਰ

0
517

arur_singh
ਚੰਡੀਗੜ੍ਹ/ਬਿਊਰੋ ਨਿਊਜ਼ :
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਸਮੇਤ ਪੰਜ ਤਖ਼ਤਾਂ ਦੇ ਜਥੇਦਾਰ 102 ਸਾਲ ਪਹਿਲਾਂ (6 ਅਕਤੂਬਰ 1914) ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫ਼ਰਾਂ ਨੂੰ ‘ਸਿੱਖ ਨਹੀਂ’ ਕਰਾਰ ਦੇਣ ਵਾਲੇ ਹੁਕਮਨਾਮੇ ਉਪਰ ਮੁੜ ਵਿਚਾਰ ਕਰਨਗੇ। ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਵੱਲੋਂ ਇਹ ਮੁੱਦਾ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਅੱਗੇ ਉਠਾਉਣ ਬਾਅਦ ਇਸ ‘ਤੇ ਮੁੜ ਵਿਚਾਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਹ ਫਾਊਂਡੇਸ਼ਨ ਕਾਮਾਗਾਟਾਮਾਰੂ ਕਾਂਡ ਉਪਰ ਕੈਨੇਡੀਅਨ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਲੋਂ ਸੰਸਦ ਵਿੱਚ ਮੁਆਫ਼ੀ ਮੰਗਵਾ ਚੁੱਕੀ ਹੈ। ਜਥੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਇਹ ਮੁੱਦਾ ਉਨ੍ਹਾਂ ਦੇ ਵਿਚਾਰ ਅਧੀਨ ਹੈ। ਇਸ ਮੁੱਦੇ ਉਤੇ ਜਥੇਦਾਰਾਂ ਦੀ ਮੀਟਿੰਗ ਵਿਚ ਵਿਚਾਰ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਥਿੰਦ ਵੱਲੋਂ ਜਥੇਦਾਰ ਗੁਰਬਚਨ ਸਿੰਘ ਨੂੰ ਦਿੱਤੇ ਮੈਮੋਰੰਡਮ ਵਿੱਚ ਕਿਹਾ ਗਿਆ ਹੈ ਕਿ ਖਾਸ ਕਰਕੇ ਉੱਤਰੀ ਅਮਰੀਕਾ ਵਿੱਚ ਸਥਾਪਤ ਹੋਈ ਗ਼ਦਰ ਪਾਰਟੀ ਅਤੇ ਗ਼ਦਰ ਲਹਿਰ ਵਿੱਚ ਸਿੱਖਾਂ ਦੀ ਭੂਮਿਕਾ ਇਤਿਹਾਸਕ ਰਹੀ ਹੈ। ਉਨ੍ਹਾਂ ਅਫਸੋਸ ਜ਼ਾਹਰ ਕੀਤਾ ਕਿ ਸਾਲ 1914 ਵਿੱਚ ਅਕਾਲ ਤਖਤ ਦੇ ਜਥੇਦਾਰ ਅਰੂੜ ਸਿੰਘ ਵੱਲੋਂ ਜਾਰੀ ਕੀਤਾ ਫ਼ਰਮਾਨ ਇਸ ਲਹਿਰ ਦੇ ਸ਼ਹੀਦਾਂ ਖਾਸ ਕਰਕੇ ਸਿੱਖਾਂ ਲਈ ਅਫਸੋਸਨਾਕ ਤੱਥ ਬਣ ਗਿਆ ਹੈ। ਉਨ੍ਹਾਂ ਮੈਮੋਰੰਡਮ ਰਾਹੀਂ ਜਾਣਕਾਰੀ ਦਿੱਤੀ ਕਿ ਤਤਕਾਲੀ ਜਥੇਦਾਰ ਅਰੂੜ ਸਿੰਘ ਨੇ 6 ਅਕਤੂਬਰ, 1914 ਨੂੰ ਕਾਮਾਗਾਟਾਮਾਰੂ ਜਹਾਜ਼ ਦੇ ਸਾਰੇ ਮੁਸਾਫਰਾਂ ਨੂੰ ‘ਸਿੱਖ ਨਹੀਂ’ ਕਰਾਰ ਦਿੱਤਾ ਸੀ ਅਤੇ ਗ਼ਦਰੀਆਂ ਬਾਰੇ ਗਲਤ ਸ਼ਬਦਾਵਲੀ ਵਰਤ ਕੇ ਇਨ੍ਹਾਂ ਤੋਂ ਦੂਰ ਰਹਿਣ ਦੀਆਂ ਹਦਾਇਤਾਂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਨਾਂ ‘ਤੇ ਕੀਤਾ ਇਹ ਫੈਸਲਾ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਕਾਮਾਗਾਟਾਮਾਰੂ ਅਤੇ ਗ਼ਦਰ ਲਹਿਰ ਵਿੱਚ ਸਿੱਖਾਂ ਵੱਲੋਂ ਪਾਏ ਯੋਗਦਾਨ ਦੀ ਬੇਕਦਰੀ ਕਰਨ ਵਾਲਾ ਹੈ। ਇਸ ਨਾਲ ਖਾਸ ਕਰ ਕੇ ਕੈਨੇਡਾ ਵਸਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਪਏ ਹਨ। ਫਾਊਂਡੇਸ਼ਨ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਫੈਸਲੇ ਉਪਰ ਮੁੜ ਵਿਚਾਰ ਕਰਕੇ ਆਜ਼ਾਦੀ ਸੰਗਰਾਮ ਲਈ ਉਠੀਆਂ ਲਹਿਰਾਂ ਵਿੱਚ ਹਿੱਸਾ ਲੈਣ ਵਾਲੇ ਸਿੱਖਾਂ ਦਾ ਸਤਿਕਾਰ ਤੇ ਗੌਰਵ ਬਹਾਲ ਕੀਤਾ ਜਾਵੇ। ਉਨ੍ਹਾਂ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦਾ ਮੁੱਦਾ ਵੀ ਅਕਾਲ ਤਖ਼ਤ ਸਾਹਿਬ ਕੋਲ ਉਠਾਇਆ ਹੈ। ਉਨ੍ਹਾਂ ਜਥੇਦਾਰ ਦੇ ਧਿਆਨ ਵਿੱਚ ਲਿਆਂਦਾ ਕਿ ਕੈਨੇਡਾ ਵਿੱਚ ਵਸਦੇ ਸਿੱਖਾਂ ਤੇ ਪੰਜਾਬੀ ਭਾਈਚਾਰੇ ਦੇ ਹਿੱਤਾਂ ਲਈ ਸੰਘਰਸ਼ ਕਰਦਿਆਂ ਭਾਈ ਮੇਵਾ ਸਿੰਘ ਲੋਪੋਕੇ ਨੇ 11 ਜਨਵਰੀ, 1915 ਨੂੰ ਵੈਨਕੂਵਰ ਵਿਖੇ ਫਾਂਸੀ ਦਾ ਰੱਸਾ ਚੁੰਮਿਆ ਸੀ। ਇਸ ਸ਼ਹੀਦ ਦਾ ਨਾਂ ਅੱਜ ਵੀ ਕੈਨੇਡਾ ਸਰਕਾਰ ਦੇ ਕਾਨੂੰਨੀ ਤੇ ਇਤਿਹਾਸਕ ਰਿਕਾਰਡ ਵਿਚ ਅਪਰਾਧੀਆਂ ਵਾਲੀ ਸੂਚੀ ਵਿਚ ਦਰਜ ਹੈ। ਸ੍ਰੀ ਥਿੰਦ ਨੇ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਭਾਈ ਲੋਪੋਕੇ ਦੇ ਨਾਂ ਅੱਗੇ ਦਰਜ ਅਪਰਾਧੀ ਸ਼ਬਦ ਨੂੰ ਦਰੁਸਤ ਕਰਨ ਲਈ ਕੈਨੇਡਾ ਸਰਕਾਰ ਨੂੰ ਵਿਸ਼ੇਸ਼ ਅਪੀਲ ਕੀਤੀ ਜਾਵੇ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੂੰ ਵੀ ਮੈਮੋਰੰਡਮ ਦੇ ਕੇ ਇਸ ਮੁੱਦੇ ਬਾਰੇ ਕੈਨੇਡਾ ਸਰਕਾਰ ਕੋਲ ਪਹੁੰਚ ਕਰਨ ਦੀ ਮੰਗ ਕੀਤੀ ਹੈ।
ਸਿੱਧੂ ਦੀਆਂ ਟਿੱਪਣੀਆਂ ‘ਤੇ ਸ਼੍ਰੋਮਣੀ ਕਮੇਟੀ ਹੋਈ ਸਖ਼ਤ :
ਅੰਮ੍ਰਿਤਸਰ : ‘ਜਬ ਤਕ ਸੂਬੇ ਮੇਂ ਕਾਂਗਰਸ ਕੀ ਸਰਕਾਰ ਬਹਾਲ ਨਾ ਕਰ ਲੂੰ, ਤਬ ਤਕ ਸਿੱਧੂ ਨਾਮ ਨਾ ਕਹਾਊਂ’ ਦਾ ਮਾਮਲਾ ਜਲਦੀ ਹੀ ਅਕਾਲ ਤਖ਼ਤ ‘ਤੇ ਪੁੱਜੇਗਾ। ਸ਼੍ਰੋਮਣੀ ਕਮੇਟੀ ਵੱਲੋਂ ਇਹ ਮਾਮਲਾ ਅਕਾਲ ਤਖ਼ਤ ਦੇ ਜਥੇਦਾਰ ਕੋਲ ਕਾਰਵਾਈ ਲਈ ਭੇਜਿਆ ਜਾ ਰਿਹਾ ਹੈ।’ ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਬਸੀ ਪਠਾਣਾਂ ਵਿੱਚ ਕੁਝ ਕਾਂਗਰਸੀ ਆਗੂਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ‘ਮਰਦ ਅਗੰਮੜਾ’ ਕਰਾਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਨਵਜੋਤ ਸਿੱਧੂ ਵੱਲੋਂ ਆਪਣੀ ਇੱਕ ਰੈਲੀ ਦੌਰਾਨ ‘ਜਬ ਤਕ ਸੂਬੇ ਮੇਂ ਕਾਂਗਰਸ ਕੀ ਸਰਕਾਰ ਬਹਾਲ ਨਾ ਕਰ ਲੂੰ, ਤਬ ਤਕ ਸਿੱਧੂ ਨਾਮ ਨਾ ਕਹਾਊਂ’ ਸ਼ਬਦ ਵਰਤੇ ਗਏ ਹਨ ਜੋ ਕਿ ਦਸਵੇਂ ਗੁਰੂ ਨਾਲ ਸਬੰਧਤ ਹਨ। ਉਨ੍ਹਾਂ ਆਖਿਆ ਕਿ ਕਾਂਗਰਸੀ ਆਗੂਆਂ ਵੱਲੋਂ ਸਿੱਖ ਸ਼ਬਦਾਵਲੀ ਮਰਿਆਦਾ ਅਤੇ ਸਿਧਾਂਤ ਨੂੰ ਆਪਣੇ ਨਾਲ ਜੋੜ ਕੇ ਅਜਿਹੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਜੋ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਵੀ ਸਿੱਖੀ ਨਾਲ ਸਬੰਧਤ ਵਿਵਾਦਤ ਬਿਆਨ ਦੇ ਚੁੱਕੇ ਹਨ ਤੇ ਹੁਣ ਦੂਜੀ ਵਾਰ ਉਨ੍ਹਾਂ ਵੱਲੋਂ ਅਜਿਹੀ ਟਿੱਪਣੀ ਕਰ ਕੇ ਸਿੱਖੀ ਨੂੰ ਢਾਹ ਲਾਉਣ ਦਾ ਯਤਨ ਕੀਤਾ ਗਿਆ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਇਨ੍ਹਾਂ ਦੋਵੇਂ ਵਿਵਾਦਤ ਬਿਆਨਾਂ ਸਬੰਧੀ ਅਗਲੀ ਕਾਰਵਾਈ ਲਈ ਮਾਮਲਾ ਅਕਾਲ ਤਖ਼ਤ ਦੇ ਜਥੇਦਾਰ ਕੋਲ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸ੍ਰੀ ਸਿੱਧੂ ਵੱਲੋਂ ਇਹ ਸ਼ਬਦ ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਦੇ ਕੋਰਟ ਰੋਡ ਸਥਿਤ ਦਫ਼ਤਰ ਵਿੱਚ ਕਾਂਗਰਸੀ ਵਰਕਰਾਂ ਨਾਲ ਕੀਤੀ ਰੈਲੀ ਸਮੇਂ ਵਰਤੇ ਗਏ ਸਨ ਜਿਸ ਨੂੰ ਇੱਕ ਚੈਨਲ ਵੱਲੋਂ ਵੱਡੇ ਪੱਧਰ ‘ਤੇ ਪ੍ਰਚਾਰਿਆ ਵੀ ਜਾ ਰਿਹਾ ਹੈ।