ਜਥੇਦਾਰ ਕੋਲਿਆਂਵਾਲੀ ਦਾ ਕਾਂਗਰਸ ਸਰਕਾਰ ਵਿਚ ‘ਦਬ-ਦਬਾ’ ਕਾਇਮ

0
777

ਖੇਤਾਂ ਤਕ ਪਾਣੀ ਪਹੁੰਚਾਉਣ ਲਈ ਜੰਗਲਾਤ ਵਿਭਾਗ ਦੀ ਜ਼ਮੀਨ ‘ਤੇ ਪਾਈਆਂ ਜਾ ਰਹੀਆਂ ਨੇ ਪਾਈਪਾਂ

jathedar-kolianwali

ਕੈਪਸ਼ਨ-ਖੇਤਾਂ ਤੱਕ ਪਾਣੀ ਲਿਜਾਣ ਲਈ ਪਾਈ ਜ਼ਮੀਨਦੋਜ਼ ਪਾਈਪ।
ਲੰਬੀ/ਬਿਊਰੋ ਨਿਊਜ਼ :
ਬਾਦਲਾਂ ਦੇ ਨੇੜਲੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦਾ ਅਕਾਲੀ ਸਰਕਾਰ ਵਾਲਾ ਜਾਹੋ ਜਲਾਲ ਕਾਂਗਰਸ ਸਰਕਾਰ ਵਿੱਚ ਵੀ ਕਾਇਮ ਹੈ। ਜਥੇਦਾਰ ਕੋਲਿਆਂਵਾਲੀ ਤੇ ਹੋਰਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਜੰਗਲਾਤ ਵਿਭਾਗ ਦੀ ਜ਼ਮੀਨ ਵਿਚ ਤੇਜ਼ੀ ਨਾਲ ਦੋ-ਦੋ ਫੁੱਟ ਚੌੜੀਆਂ ਜ਼ਮੀਨਦੋਜ਼ ਪਾਈਪਾਂ ਪੁਆਈਆਂ ਜਾ ਰਹੀਆਂ ਹਨ, ਜਿਸ ਸਬੰਧੀ ਜੰਗਲਾਤ ਵਿਭਾਗ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ।
ਇਹ ‘ਪ੍ਰਾਜੈਕਟ’ ਮਲੋਟ-ਲਾਲਗੜ੍ਹ ਡਿਫੈਂਸ ਸੜਕ ਕੰਢੇ ਚੱਲ ਰਿਹਾ ਹੈ। ਭੂਮੀ ਅਤੇ ਜਲ ਸੰਭਾਲ ਵਿਭਾਗ ਦਾ ਅਮਲਾ ਬਿਨਾਂ ਲੋੜੀਂਦੀ ਮਨਜ਼ੂਰੀ ਦੇ 3450 ਮੀਟਰ ਲੰਮਾ ਪ੍ਰਾਜੈਕਟ ਚੁਪ-ਚੁਪੀਤੇ ਪੂਰਾ ਕਰਵਾਉਣ ਦੇ ਰੌਂਅ ਵਿੱਚ ਹੈ। ਡਿਫੈਂਸ ਸੜਕ ‘ਤੇ ਨਿਹੰਗ ਤਰਲੋਕ ਸਿੰਘ ਦੇ ਘਰ ਅੱਗੇ ਕਈ ਸੌ ਫੁੱਟ ਲੰਮੀ ਜ਼ਮੀਨਦੋਜ਼ ਪਾਈਪ ਪਾਈ ਜਾ ਚੁੱਕੀ ਹੈ। ਨਿਯਮਾਂ ਮੁਤਾਬਕ ਜੰਗਲਾਤ ਵਿਭਾਗ ਦੀ ਜ਼ਮੀਨ ਵਰਤਣ ਦੀ ਚਾਰ ਲੱਖ ਰੁਪਏ ਪ੍ਰਤੀ ਏਕੜ ਸਰਕਾਰੀ ਫ਼ੀਸ ਹੈ। ਇਸ ‘ਪ੍ਰਾਜੈਕਟ’ ਨੂੰ ਅਮਲੀ ਰੂਪ ਦੇਣ ਲਈ ਮਲੋਟ-ਲਾਲਗੜ੍ਹ ਡਿਫੈਂਸ ਸੜਕ ਥੱਲਿਓਂ ਪਾਈਪ ਲੰਘਾਈ ਜਾਣੀ ਹੈ, ਜਿਸ ਦੀ ਮਨਜ਼ੂਰੀ ਦਾ ਕੋਈ ਅਤਾ-ਪਤਾ ਨਹੀਂ ਹੈ।
ਪਿਛਲੀ ਅਕਾਲੀ ਸਰਕਾਰ ਸਮੇਂ 18 ਨਵੰਬਰ 2016 ਨੂੰ ਮੁੱਖ ਭੂਮੀ ਪਾਲ, ਪੰਜਾਬ ਵੱਲੋਂ ਨਹਿਰੀ ਪਾਣੀ ਸਬੰਧੀ 52.43 ਲੱਖ ਰੁਪਏ ਦਾ ਪ੍ਰਾਜੈਕਟ ਪਾਸ ਕੀਤਾ ਗਿਆ ਸੀ। ਇਸ ਨਾਲ ਜਥੇਦਾਰ ਕੋਲਿਆਂਵਾਲੀ ਦੇ ਪੁੱਤਰ ਪਰਮਿੰਦਰ ਸਿੰਘ ਕੋਲਿਆਂਵਾਲੀ ਸਮੇਤ 76 ਕਿਸਾਨਾਂ ਦਾ 83.14 ਹੈਕਟੇਅਰ ਰਕਬਾ ਸਿੰਜਿਆ ਜਾਣਾ ਹੈ। ਮਾਮਲਾ ਭਖ਼ਣ ‘ਤੇ ਭੂਮੀ ਅਤੇ ਜਲ ਸੰਭਾਲ ਵਿਭਾਗ ਨੇ ਹਾਲ ਦੀ ਘੜੀ ਇੱਕ ਵਾਰ ਤਾਂ ‘ਪ੍ਰਾਜੈਕਟ’ ਨੂੰ ਬਰੇਕਾਂ ਲਾ ਦਿੱਤੀਆਂ ਹਨ।
ਜੰਗਲਾਤ ਵਿਭਾਗ ਮਲੋਟ ਰੇਂਜ ਦੇ ਅਫ਼ਸਰ ਬਲਜੀਤ ਸਿੰਘ ਕੰਗ ਨੇ ਕਿਹਾ ਕਿ ਵਿਭਾਗ ਕੋਲ ਪਰਮਿੰਦਰ ਸਿੰਘ ਤੇ ਹੋਰ ਕਿਸੇ ਵੀ ਕਿਸਾਨ ਵੱਲੋਂ ਮਨਜ਼ੂਰੀ ਲਈ ਕੋਈ ਦਰਖ਼ਾਸਤ ਨਹੀਂ ਆਈ। ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਐਸਡੀਓ ਇੰਦਰਜੀਤ ਸਿੰਘ ਨੇ ਕਿਹਾ ਕਿ ਇਹ ਪ੍ਰਾਜੈਕਟ ਕਿਸਾਨ ਦੇ ਨਾਂ ‘ਤੇ ਪਾਸ ਹੁੰਦਾ ਹੈ। 90 ਫ਼ੀਸਦੀ ਹਿੱਸਾ ਸਰਕਾਰ ਅਤੇ 10 ਫ਼ੀਸਦੀ ਕਿਸਾਨ ਅਦਾ ਕਰਦੇ ਹਨ। ਜੰਗਲਾਤ ਅਤੇ ਸੜਕ ਪੁਟਾਈ ਸਬੰਧੀ ਮਨਜ਼ੂਰੀ ਕਿਸਾਨ ਨੇ ਲੈਣੀ ਹੁੰਦੀ ਹੈ। ਪਰਮਿੰਦਰ ਸਿੰਘ ਕੋਲਿਆਂਵਾਲੀ ਨੇ ਲਗਭਗ ਡੇਢ ਲੱਖ ਰੁਪਏ ਭਰੇ ਹਨ।
ਕੋਲਿਆਂਵਾਲੀ ਪਿਓ-ਪੁੱਤਰ ਦੀ ਸਫ਼ਾਈ :
ਪਰਮਿੰਦਰ ਸਿੰਘ ਕੋਲਿਆਂਵਾਲੀ ਨੇ ਆਖਿਆ ਸਰਕਾਰੀ ਮਨਜ਼ੂਰੀ ਨਾਲ ਪਾਈਪਾਂ ਦਾ ਕੰਮ ਤਾਂ ਚੱਲ ਰਿਹਾ ਹੈ ਪਰ ਮਨਜ਼ੂਰੀ ਬਾਰੇ ਉਸ ਨੂੰ ਕੁਝ ਨਹੀਂ ਪਤਾ, ਇਹ ਤਾਂ ਮਹਿਕਮੇ ਦਾ ਕੰਮ ਹੈ। ਬਾਅਦ ਵਿੱਚ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੇ ਕਿਹਾ ਕਿ ਇਹ ਪਾਈਪਾਂ ਗ਼ਲਤੀ ਨਾਲ ਜੰਗਲਾਤ ਜ਼ਮੀਨ ਵਿੱਚੋਂ ਲੰਘ ਗਈਆਂ। ਇਨ੍ਹਾਂ ਨੂੰ ਪੁਟਵਾ ਕੇ ਕਿਸਾਨਾਂ ਦੇ ਖੇਤਾਂ ਵਿਚੋਂ ਲੰਘਾਇਆ ਜਾਵੇਗਾ।