ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹੁਸੈਨਪੁਰ ‘ਆਪ’ ਵਿਚ ਸ਼ਾਮਲ

0
456

jathedar-husainpurtarlochan-singh-dupal-pur
ਨਵਾਂ ਸ਼ਹਿਰ/ਬਿਊਰੋ ਨਿਊਜ਼ :
ਜ਼ਿਲ੍ਹਾ ਨਵਾਂ ਸ਼ਹਿਰ ਵਿਚ ਅਕਾਲੀ ਦਲ ਬਾਦਲ ਨੂੰ ਉਦੋਂ ਝਟਕਾ ਵੱਜਿਆ, ਜਦੋਂ ਇਸ ਜ਼ਿਲ੍ਹੇ ਦੇ ਹਲਕਾ ਬਲਾਚੌਰ ਤੋਂ ਚੁਣੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ‘ਆਪ’ ਦੇ ਪੰਜਾਬ ਵਿਚਲੇ ਇੰਚਾਰਜ ਸ੍ਰੀ ਸੰਜੇ ਸਿੰਘ ਨੇ ਜਥੇਦਾਰ ਹੁਸੈਨਪੁਰ, ਜਥੇਦਾਰ ਜੈ ਸਿੰਘ ਦਿਲਾਵਰਪੁਰ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਦਾ ਪਾਰਟੀ ਵਿਚ ਸ਼ਾਮਲ ਹੋਣ ‘ਤੇ ਸਵਾਗਤ ਕੀਤਾ। ਸ੍ਰੀ ਹੁਸੈਨਪੁਰ ਨੇ ਬੀਤੇ ਵਰ੍ਹੇ ਬਰਗਾੜੀ ਕਾਂਡ ਮੌਕੇ ਰੋਸ ਵਜੋਂ ਬਾਦਲ ਦਲ ਤੋਂ ਤਿਆਗ ਪੱਤਰ ਦੇ ਦਿੱਤਾ ਸੀ। ਕਈ ਦਹਾਕੇ ਬਾਦਲ ਦਲ ਦੇ ਜ਼ਿਲ੍ਹਾ ਪ੍ਰਧਾਨ ਰਹੇ ਜਥੇਦਾਰ ਹੁਸੈਨਪੁਰ ਸਿੱਖ ਸਿਆਸਤ ਵਿਚ ਟਕਸਾਲੀ ਆਗੂ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੇ ‘ਆਪ’ ਵਿਚ ਚਲੇ ਜਾਣ ਨਾਲ, ਪਹਿਲਾਂ ਤੋਂ ਹੀ ਪੰਥਕ ਵੋਟਰਾਂ ਦੇ ਤਕੜੇ ਵਿਰੋਧ ਦਾ ਸਾਹਮਣਾ ਕਰ ਰਹੇ ਬਾਦਲ ਦਲ ਦੀ ਹਾਲਤ ਹੋਰ ਵੀ ਪਤਲੀ ਹੋ ਗਈ ਹੈ। ਤਾਜ਼ਾ ਹਾਲਾਤ ਮੁਤਾਬਕ ਨਵਾਂ ਸ਼ਹਿਰ ਜ਼ਿਲ੍ਹੇ ਦਾ ਇਕੋ ਸ਼੍ਰੋਮਣੀ ਕਮੇਟੀ ਮੈਂਬਰ ਬਾਦਲ ਦਲ ਸਮਰਥਕ ਰਹਿ ਗਿਆ ਹੈ। ਤੀਜੇ ਮੈਂਬਰ ਜਥੇਦਾਰ ਸੁਖਦੇਵ ਸਿੰਘ ‘ਭੌਰ’ ਵੀ ਬਰਗਾੜੀ ਕਾਂਡ ਮੌਕੇ ਬਾਦਲ ਦਲ ਨੂੰ ਅਲਵਿਦਾ ਕਹਿ ਚੁੱਕੇ ਹਨ। ਤੀਜੇ ਮੈਂਬਰ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਵੀ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਕਾਰਨ ਬਾਦਲ ਦਲ ਤੋਂ ਅਸਤੀਫਾ ਦੇ ਦਿੱੱਤਾ ਸੀ, ਪਰ ਕੁਝ ਮਹੀਨਿਆਂ ਬਾਅਦ ਹੀ ਉਹ ਬਾਦਲ ਦਲ ਵਿਚ ਛੜੱਪਾ ਮਾਰ ਗਿਆ ਸੀ।