ਪੰਥਕ ਦਰਦੀਆਂ ਨੂੰ ਆਪਸੀ ਟਕਰਾਅ ਤੋਂ ਬਚਣ ਦੀ ਸਲਾਹ

0
66

jatha-randhawa
ਜਥਾ ਰੰਧਾਵਾ ਦੀ ਵਿਸ਼ੇਸ਼ ਮੋਬਾਈਲ ਐੱਪ ਲਾਂਚ
ਕੈਪਸ਼ਨ- ਜਥਾ ਰੰਧਾਵਾ ਦੀ ਵਿਸ਼ੇਸ਼ ਮੋਬਾਈਲ ਐੱਪ ਲਾਂਚ ਕੀਤੇ ਜਾਣ ਦਾ ਦ੍ਰਿਸ਼।
ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ :
ਜਥਾ ਰੰਧਾਵਾ ਫਤਹਿਗੜ੍ਹ ਸਾਹਿਬ ਦੇ ਮੁੱਖ ਸਥਾਨ ਵਿਖੇ ਜਥਾ ਰੰਧਾਵਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਦਿਹਾੜੇ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਜਥਾ ਰੰਧਾਵਾ ਦੀ ਵਿਸ਼ੇਸ਼ ਮੋਬਾਈਲ ਐੱਪ ਬਾਬਾ ਲਖਵੀਰ ਸਿੰਘ ਹੱਥੋਂ ਲਾਂਚ ਕਰਵਾਈ ਗਈ। ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਰਣਜੀਤ ਸਿੰਘ ਨੇ ਸਾਂਝੇ ਤੌਰ ‘ਤੇ ਜਥਾ ਰੰਧਾਵਾ ਦੀਆਂ ਪੰਥਕ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਪੰਥਕ ਦਰਦੀਆਂ ਨੂੰ ਆਪਸੀ ਟਕਰਾਅ ਤੋਂ ਬਚਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਗੁਰਮਤਿ ਵਿਦਿਆਲਾ ਜਥਾ ਰੰਧਾਵਾ ਵੱਲੋਂ ਲਿਖੇ ਗੁਰਬਾਣੀ ਅਰਥ ਭੰਡਾਰ ਸੰਪੂਰਨ ਗੁਰਬਾਣੀ ਸਟੀਕ ਦੇ ਲੇਖਕ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਵੱਲੋਂ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਵਿਸ਼ੇਸ਼ ਪ੍ਰਕਾਸ਼ਨ ਅਰਦਾਸ ਉਪਰੰਤ ਜਥੇਦਾਰ ਬਾਬਾ ਕੁਲਵੰਤ ਸਿੰਘ ਦੇ ਹੱਥੋਂ ਖ਼ਾਲਸਾ ਪੰਥ ਨੂੰ ਸਮਰਪਿਤ ਕਰ ਦਿੱਤਾ ਗਿਆ।
ਸਮਾਗਮ ਦੀ ਸਮਾਪਤੀ ਮੌਕੇ ਬਾਬਾ ਲਖਵੀਰ ਸਿੰਘ ਰਤਵਾੜੇ ਵਾਲਿਆਂ ਨੇ ਬਾਬਾ ਹਰੀ ਸਿੰਘ ਰੰਧਾਵਾ ਵਾਲਿਆਂ ਵੱਲੋਂ ਸਿੱਖੀ ਪ੍ਰਚਾਰ-ਪ੍ਰਸਾਰ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਬਾਬਾ ਕਸ਼ਮੀਰਾ ਸਿੰਘ, ਬਾਬਾ ਗੁਰਜੰਟ ਸਿੰਘ ਮੰਡਵੀ, ਬਾਬਾ ਮਹਿੰਦਰ ਸਿੰਘ ਭੜੀ ਵਾਲੇ, ਬਾਬਾ ਚਰਨਜੀਤ ਸਿੰਘ ਭੇਡਵਾਲ ਵਾਲੇ ਹਾਜ਼ਰ ਸਨ।