ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਵਲੋਂ ਲੁਧਿਆਣਾ ਦਾ ਦੌਰਾ

0
358
Commission of Inquiry, headed by former Punjab and Haryana High Court judge, justice Ranjit Singh, visited different areas of the city on Thursday to probe into the incidents of sacrilege of Holy Books . tribunephoto with nikhil story
 ਪੜਤਾਲ ਕਰਦੇ ਹੋਏ ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਦੇ ਮੈਂਬਰ। 

 

ਲੁਧਿਆਣਾ/ਬਿਊਰੋ ਨਿਊਜ਼:
ਸੂਬੇ ਵਿੱਚ ਪਿਛਲੇ ਸਮੇਂ ਦੌਰਾਨ ਧਾਰਮਿਕ ਗ੍ਰੰਥਾਂ ਦੀ ਹੋਈ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਸੂਬਾ ਸਰਕਾਰ ਵੱਲੋਂ ਬਣਾਏ ਗਏ ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਦੇ ਮੈਂਬਰਾਂ ਨੇ ਵੀਰਵਾਰ ਨੂੰ ਸਨਅਤੀ ਸ਼ਹਿਰ ਦਾ ਦੌਰਾ ਕੀਤਾ ਹੈ। ਅੱਜ ਕਮਿਸ਼ਨ ਦੀ ਟੀਮ ਉਨ੍ਹਾਂ ਥਾਵਾਂ ‘ਤੇ ਪੁੱਜੀ ਜਿੱਥੇ ਪਿਛਲੇ ਸਮੇਂ ਦੌਰਾਨ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ ਸੀ, ਉਥੇ ਟੀਮ ਨੇ ਪੂਰਾ ਮੌਕਾ ਜਾਂਚਿਆ ਤੇ ਮੌਕੇ ‘ਤੇ ਹੀ ਇਨ੍ਹਾਂ ਮਾਮਲਿਆਂ ਸੰਬੰਧੀ ਗਵਾਹਾਂ ਦੇ ਬਿਆਨ ਕਲਮਬੱਧ ਕੀਤੇ ਗਏ। ਇਸ ਕਮਿਸ਼ਨ ਦੀ ਅਗਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਕਰ ਰਹੇ ਹਨ। ਕਮਿਸ਼ਨ ਨੇ ਸਵੇਰੇ ਸਭ ਤੋਂ ਪਹਿਲਾਂ ਚੰਦਰ ਨਗਰ ਸਥਿਤ ਮੱਲ੍ਹੀ ਫਾਰਮ ਹਾਊਸ ਵਿੱਚ ਉਸ ਘਟਨਾ ਦੀ ਜਾਂਚ ਕੀਤੀ ਜਿਸ ਤਹਿਤ ਇਥੇ ਸਾਲ 2016 ਦਸੰਬਰ ਮਹੀਨੇ ਧਾਰਮਿਕ ਗ੍ਰੰਥ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।
ਜਸਟਿਸ ਰਣਜੀਤ ਸਿੰਘ ਆਪਣੇ ਸਾਥੀਆਂ ਸੰਯੁਕਤ ਡਾਇਰੈਕਟਰ ਪ੍ਰੋਸੀਕਿਊਸ਼ਨ ਅੰਗਰੇਜ਼ ਸਿੰਘ ਅਤੇ ਰਜਿਸਟਰਾਰ ਜੇ. ਪੀ. ਮਹਿਮੀ ਨਾਲ ਲੋਕਾਂ ਨੂੰ ਮਿਲੇ ਅਤੇ ਘਟਨਾਵਾਂ ਬਾਰੇ ਵੇਰਵੇ ਇਕੱਤਰ ਕੀਤੇ। ਇਸ ਮੌਕੇ ਨਾਲ ਹਾਜ਼ਰ ਪੁਲੀਸ ਅਧਿਕਾਰੀਆਂ ਦੇ ਵੀ ਬਿਆਨ ਲਏ ਗਏ। ਇਸ ਤੋਂ ਬਾਅਦ ਕਮਿਸ਼ਨ ਦੇ ਮੈਂਬਰਾਂ ਨੇ ਸ਼ਹਿਰ ਦੇ ਹੀ ਇਲਾਕੇ ਮੁਹੱਲਾ ਫਤਹਿਗੜ੍ਹ, ਪ੍ਰਤਾਪ ਸਿੰਘ ਵਾਲਾ ਸੜਕ ਸਥਿਤ ਗਲੀ ਨੰਬਰ 6 ਅਤੇ ਬਾਬਾ ਨੰਦ ਸਿੰਘ ਨਗਰ ਵੀ ਘਟਨਾ ਸਥਾਨਾਂ ਦਾ ਦੌਰਾ ਕਰਕੇ ਲੋਕਾਂ ਦੇ ਬਿਆਨ ਲਏ। ਇਨ੍ਹਾਂ ਖੇਤਰਾਂ ਵਿੱਚ ਵੀ ਸਾਲ 2015 ਤੋਂ 2017 ਦੌਰਾਨ ਅਜਿਹੇ ਮਾਮਲੇ ਸਾਹਮਣੇ ਆਏ ਸਨ।ਕਮਿਸ਼ਨ ਵੱਲੋਂ 12 ਫਰਵਰੀ ਨੂੰ ਪਿੰਡ ਰੁੜਕਾ ਨੇੜੇ ਮੁੱਲਾਂਪੁਰ, ਜਗਰਾਉਂ ਸਥਿਤ ਗਲੀ ਨੰਬਰ 5 ਨੇੜੇ ਗੁਰਦੁਆਰਾ ਸਾਹਿਬ ਮੁਹੱਲਾ ਅਜੀਤ ਨਗਰ, ਪਿੰਡ ਕਮਾਲਪੁਰਾ ਨੇੜੇ ਜਗਰਾਉਂ, ਪਿੰਡ ਜੰਡੀ ਪੁਲੀਸ ਸਟੇਸ਼ਨ ਸਿੱਧਵਾਂ ਬੇਟ, ਪਿੰਡ ਅਕਾਲਗੜ੍ਹ ਅੱਬੂਵਾਲ ਰੋਡ ਸੁਧਾਰ ਵਿੱਚ ਅਤੇ 15 ਫਰਵਰੀ ਨੂੰ ਪਿੰਡ ਰਸੂਲਪੁਰ, ਪਿੰਡ ਲੰਮਾ, ਪਿੰਡ ਪਮਾਲ, ਮੁਹੱਲਾ ਅਜੀਤ ਕਲੋਨੀ ਗਿਆਸਪੁਰਾ ਅਤੇ ਪਿੰਡ ਲਿਬੜਾ ਵਿੱਚ ਘਟਨਾ ਸਥਾਨਾਂ ਦਾ ਦੌਰਾ ਕੀਤਾ ਜਾਵੇਗਾ।