ਜੇਲ੍ਹ ਅਧਿਕਾਰੀਆਂ ਅਤੇ ਸਮਗਲਰਾਂਂ ਦੀ ‘ਜੁਗਲਬੰਦੀ’

0
201

jail-fail
ਚੰਡੀਗੜ੍ਹ/ ਬਿਊਰੋ ਨਿਊਜ਼
ਜੇਲ੍ਹ ਅਧਿਕਾਰੀਆਂ ਅਤੇ ਬੰਦੀਆਂ ਦੀ ‘ਜੁਗਲਬੰਦੀ’ ਦਾ ਕੇਸ ਸਾਹਮਣੇ ਆਇਆ ਹੈ। ਇਕ ਜੇਲ੍ਹ ਅਧਿਕਾਰੀ ਵੱਲੋਂ ਭ੍ਰਿਸ਼ਟਾਚਾਰ ਵਾਲੀ ਮਾਇਆ ਲਈ ਇਕ ਕੈਦੀ ਦੇ ਪਿਤਾ ਦਾ ਬੈਂਕ ਖਾਤਾ ਵਰਤਣ ਬਾਰੇ ਪਤਾ ਲੱਗਾ ਹੈ। ਇਹ ਕਮਾਈ ਇਸ ਅਧਿਕਾਰੀ ਤੇ ਕੈਦੀ ਵੱਲੋਂ ਫ਼ਰੀਦਕੋਟ ਜੇਲ੍ਹ ਵਿੱਚ ਨਸ਼ਿਆਂ ਦੀ ਤਸਕਰੀ ਨਾਲ ਕੀਤੀ ਸੀ।
ਸਹਾਇਕ ਸੁਪਰਡੈਂਟ (ਜੇਲ੍ਹ) ਕਰਮਜੀਤ ਭੁੱਲਰ ਖ਼ਿਲਾਫ਼ ਬੈਂਕ ਖਾਤਾ ਖੁੱਲਵਾਉਣ ਅਤੇ ਇਸ ਦੀ ਨਿਗਰਾਨੀ ਕਰਨ ਸਬੰਧੀ ਦੋਸ਼ ਆਇਦ ਹੋਏ ਹਨ। ਜਸਟਿਸ (ਰਿਟਾ.) ਐਮ ਐਸ ਰੱਤੂ ਨੇ ਪੜਤਾਲ ਵਿੱਚ ਪਾਇਆ ਕਿ ਇਸ ਅਧਿਕਾਰੀ ਨੇ ਨਸ਼ਾ ਤਸਕਰ ਪ੍ਰਗਟ ਸਿੰਘ ਨਾਲ ਮਿਲ ਕੇ ਉਸ ਦੇ ਪਿਤਾ ਗੁਰਦੇਵ ਸਿੰਘ ਦੇ ਨਾਂ ਉਤੇ ਖਾਤਾ ਖੋਲ੍ਹਿਆ। ਉਹ ਜੇਲ੍ਹ ਅੰਦਰ ਨਸ਼ੇ ਵੇਚਦੇ ਸਨ ਅਤੇ ਇਸ ਖਾਤੇ ‘ਚ ਸਿੱਧੇ ਪੈਸੇ ਪੈਂਦੇ ਸਨ। ਜਾਂਚ ਦੌਰਾਨ ਪਤਾ ਲੱਗਾ ਕਿ ਰਾਜਸਥਾਨ ਤੇ ਪੰਜਾਬ ‘ਚ ਕਈ ਥਾਵਾਂ ਤੋਂ ਇਸ ਖਾਤੇ ‘ਚ ਰਾਸ਼ੀ ਜਮ੍ਹਾਂ ਹੋਈ ਹੈ। ਗੁਰਦੇਵ ਸਿੰਘ ਇਕ ਗ਼ਰੀਬ ਕਿਸਾਨ ਹੈ ਪਰ ਉਸ ਦੇ ਖਾਤੇ ‘ਚੋਂ 5.5 ਲੱਖ ਰੁਪਏ ਮਿਲੇ ਹਨ।
ਇਹ ਸਹਾਇਕ ਜੇਲ੍ਹ ਸੁਪਰਡੈਂਟ ਹਰੇਕ ਜਗ੍ਹਾ ਤਾਇਨਾਤੀ ਸਮੇਂ ਡਿਊਟੀ ‘ਚ ਅਣਗਹਿਲੀ ਵਰਤਣ, ਗੈਂਗਸਟਰਾਂ ਤੇ ਤਸਕਰਾਂ ਨਾਲ ਸਾਜ਼ਬਾਜ਼ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਜੇਲ੍ਹ ਵਿਭਾਗ ਇਸ ਨਵੀਂ ਕਾਰਜ ਪ੍ਰਣਾਲੀ ਤੋਂ ਪ੍ਰੇਸ਼ਾਨ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੋਰ ਅਫ਼ਸਰਾਂ ਵੱਲੋਂ ਵੀ ਇਸ ਤਰ੍ਹਾਂ ਦੇ ਹੱਥ-ਕੰਡੇ ਵਰਤੇ ਜਾਣ ਦੀਆਂ ਰਿਪੋਰਟਾਂ ਮਿਲੀਆਂ ਹਨ।
ਏਡੀਜੀਪੀ (ਜੇਲ੍ਹਾਂ) ਆਈਪੀਐਸ ਸਹੋਤਾ ਨੇ ਕਿਹਾ ਕਿ ਇਸ ਅਧਿਕਾਰੀ ਖ਼ਿਲਾਫ਼ ਭ੍ਰਿਸ਼ਟਾਚਾਰ ਤੇ ਤਸਕਰ ਨਾਲ ਮਿਲ ਕੇ ਗਰੋਹ ਚਲਾਉਣ ਦੇ ਦੋਸ਼ ਆਇਦ ਹੋਏ ਹਨ। ਇਸ ਅਧਿਕਾਰੀ ਖ਼ਿਲਾਫ਼ ਜੇਲ੍ਹ ‘ਚ ਗੈਂਗਸਟਰਾਂ ਅਤੇ ਤਸਕਰਾਂ ਨਾਲ ਮਿਲਣ ਦੇ ਦੋਸ਼ ਵੀ ਲੱਗੇ ਹਨ। ਜੇਲ੍ਹ ਵਿਭਾਗ ਦੇ ਸੂਤਰਾਂ ਮੁਤਾਬਕ ਇਹ ਇਕਲੌਤਾ ਕੇਸ ਨਹੀਂ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਦੇ ਖੁਫੀਆ ਵਿੰਗ ਨੇ ਇਸ ਅਧਿਕਾਰੀ ਤੇ ਦੋਸ਼ੀ ਦੀਆਂ ਗਤੀਵਿਧੀਆਂ ਅਤੇ ਲੈਣ ਦੇਣ ‘ਤੇ ਨਜ਼ਰ ਰੱਖੀ। ਖੁਫੀਆ ਵਿਭਾਗ ਨੇ ਜੇਲ੍ਹ ਵਿਭਾਗ ਨੂੰ ਦੱਸਿਆ ਸੀ ਕਿ ਕਰਮਜੀਤ ਭੁੱਲਰ ਇਹ ਖਾਤਾ ਚਲਾ ਰਿਹਾ ਹੈ ਅਤੇ ਉਸ ਕੋਲ ਏਟੀਐਮ ਕਾਰਡ ਵੀ ਹੈ।