ਗਰੰਥੀ ਦੀ ਹੱਤਿਆ ਦੇ ਮਾਮਲੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਬਰੀ

0
395

jagtar-singh-ha
ਰੂਪਨਗਰ/ਬਿਊਰੋ ਨਿਊਜ਼ :
ਇੱਥੋਂ ਦੀ ਅਦਾਲਤ ਨੇ ਬੱਬਰ ਖਾਲਸਾ ਦੇ ਕਾਰਕੁਨ ਭਾਈ ਜਗਤਾਰ ਸਿੰਘ  ਹਵਾਰਾ ਨੂੰ ਇੱਕ ਗ੍ਰੰਥੀ ਦੀ ਹੱਤਿਆ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਿ ਚਮਕੌਰ ਸਾਹਿਬ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਗ੍ਰੰਥੀ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਹੋਈ ਸੀ। ਉਦੋਂ ਪੁਲੀਸ ਨੇ 14 ਅਗਸਤ 1988 ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 302 ਤਹਿਤ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਬਾਅਦ ਵਿੱਚ ਜਗਤਾਰ ਸਿੰਘ ਹਵਾਰਾ ਸਮੇਤ ਭੁਪਿੰਦਰ ਸਿੰਘ ਤੇ ਜਸਵੰਤ ਸਿੰਘ ਖ਼ਿਲਾਫ਼ ਪੁਲੀਸ ਵੱਲੋਂ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ ਸੀ। ਮਾਮਲੇ ਵਿੱਚ ਹਵਾਰਾ ਤੋਂ ਇਲਾਵਾ ਜੋ ਦੋ ਮੁਲਜ਼ਮ ਸਨ, ਉਨ੍ਹਾਂ ਦੀ ਪੁਲੀਸ ਮੁਕਾਬਲੇ ਵਿੱਚ ਮੌਤ ਹੋ ਗਈ ਸੀ ਅਤੇ ਹਵਾਰਾ ਪਹਿਲਾਂ ਮਾਮਲੇ ਵਿੱਚ ਭਗੌੜਾ ਰਿਹਾ ਅਤੇ ਹੁਣ ਤਿਹਾੜ ਜੇਲ੍ਹ ਵਿੱਚ ਬੰਦ ਹੈ। ਤਿਹਾੜ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਮਾਮਲੇ ਦੀ ਸੁਣਵਾਈ ਮੁਕੰਮਲ ਹੋਣ ਮਗਰੋਂ ਵਧੀਕ ਸੈਸ਼ਨ ਜੱਜ ਰੂਪਨਗਰ ਸੁਨੀਤਾ ਕੁਮਾਰੀ ਸ਼ਰਮਾ ਨੇ ਹਵਾਰਾ ਨੂੰ ਸਬੂਤਾਂ ਦੀ ਅਣਹੋਂਦ ਕਾਰਨ ਬਰੀ ਕਰ ਦਿੱਤਾ। ਹਵਾਰਾ ਦੇ ਵਕੀਲ ਸਰਬਜੀਤ ਸਿੰਘ ਬੈਂਸ ਨੇ ਦੱਸਿਆ ਕਿ ਰੂਪਨਗਰ ਦੀ ਅਦਾਲਤ ਨੇ ਜਗਤਾਰ ਸਿੰਘ ਹਵਾਰਾ ਨੂੰ ਬਾਬਾ ਭਨਿਆਰਾਂਵਾਲੇ ਦੇ ਡੇਰੇ  ਦੇ ਬਾਹਰ ਬੰਬ ਧਮਾਕਾ ਕਰਨ  ਦੇ ਮਾਮਲੇ ਵਿੱਚ 7 ਦਸੰਬਰ 2016 ਨੂੰ  ਬਰੀ ਕਰ ਦਿੱਤਾ ਗਿਆ ਸੀ। ਉਸ ਖ਼ਿਲਾਫ਼ ਰੂਪਨਗਰ ਜ਼ਿਲ੍ਹੇ ਵਿੱਚ ਕੁੱਲ ਪੰਜ ਮਾਮਲੇ ਦਰਜ ਹਨ।