ਜਗਮੀਤ ਬਰਾੜ ਬਣੇ ਪੰਜਾਬ ਤ੍ਰਿਣਮੂਲ ਕਾਂਗਰਸ ਦੇ ਪ੍ਰਧਾਨ, ‘ਆਪ’ ਨਾਲ ਮਿਲ ਕੇ ਲੜਨਗੇ ਚੋਣ

0
383

Jagmeet Singh Brar addressing a press conference in Chandigarh on Monday. Tribune photo: Manoj Mahajan

ਨਵੀਂ ਦਿੱਲੀ/ਬਿਊਰੋ ਨਿਊਜ਼ :
ਕਾਂਗਰਸ ਦੇ ਸਾਬਕਾ ਆਗੂ ਜਗਮੀਤ ਸਿੰਘ ਬਰਾੜ ਨੂੰ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਪੰਜਾਬ ਇਕਾਈ ਦਾ ਅੰਤਰਿਮ ਪ੍ਰਧਾਨ ਥਾਪਿਆ ਗਿਆ ਹੈ। ਇਹ ਐਲਾਨ ਇਥੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਮੁਕੁਲ ਰਾਏ ਨੇ ਕੀਤਾ।
ਸ੍ਰੀ ਰਾਏ ਨੇ ਕਿਹਾ ਕਿ ਟੀਐਮਸੀ ਦੀ ਚੇਅਰਪਰਸਨ ਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਾਰਟੀ ਦੀ ਪੰਜਾਬ ਇਕਾਈ ਦਾ ਮੁੜਗਠਨ ਕਰਦਿਆਂ ਸ੍ਰੀ ਬਰਾੜ ਨੂੰ ਇਸ ਦਾ ਐਡਹਾਕ ਪ੍ਰਧਾਨ ਨਿਯੁਕਤ ਕੀਤਾ ਹੈ। ਸ੍ਰੀ ਬਰਾੜ ਨੇ ਵੀ ‘ਇਕ ਕੌਮੀ ਬਦਲ ਦੇਣ ਤੇ ਜ਼ਮੀਨੀ ਪੱਧਰ ਉਤੇ ਕੰਮ ਕਰਨ ਦੀਆਂ ਕੋਸ਼ਿਸ਼ਾਂ ਵਜੋਂ ਇਹ ਅਹਿਮ ਜ਼ਿੰਮੇਵਾਰੀ’ ਸੌਂਪਣ ਲਈ ਟਵਿੱਟਰ ਰਾਹੀਂ ਬੀਬੀ ਬੈਨਰਜੀ ਦਾ ਧੰਨਵਾਦ ਕੀਤਾ ਹੈ। ਗ਼ੌਰਤਲਬ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਲਗਾਤਾਰ ਤਿੱਖੀ ਬਿਆਨਬਾਜ਼ੀ ਕਾਰਨ ਸ੍ਰੀ ਬਰਾੜ ਨੂੰ ਬੀਤੇ ਅਪਰੈਲ ਮਹੀਨੇ ਕਾਂਗਰਸ ਵਿੱਚੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਟੀਐਮਸੀ ਨਾਲ ਮੁੱਦਿਆਂ ‘ਤੇ ਆਧਾਰਤ ਗਠਜੋੜ ਕੀਤਾ ਸੀ ਤੇ ਨਾਲ ਹੀ ਸਤੰਬਰ ਮਹੀਨੇ ‘ਆਪ’ ਨੂੰ ‘ਬਿਨਾਂ ਸ਼ਰਤ’ ਹਮਾਇਤ ਦਾ ਐਲਾਨ ਕੀਤਾ ਸੀ। ਲੋਕ ਹਿੱਤ ਅਭਿਆਨ ਦੇ ਕਨਵੀਨਰ ਸ੍ਰੀ ਬਰਾੜ ਬੀਤੇ ਦਿਨ ਇਥੇ ਵਿਰੋਧੀ ਪਾਰਟੀਆਂ ਵੱਲੋਂ ਨੋਟਬੰਦੀ ਖ਼ਿਲਾਫ਼ ਕੀਤੇ ਮੁਜ਼ਾਹਰੇ ਦੌਰਾਨ ਬੀਬੀ ਬੈਨਰਜੀ ਨੂੰ ਮਿਲੇ ਸਨ। ਆਮ ਆਦਮੀ ਪਾਰਟੀ ਵੱਲੋਂ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਮੋਰਚੇ ਨਾਲ ਗਠਜੋੜ ਤੋਂ ਬਾਅਦ ਸ੍ਰੀ ਬਰਾੜ ਨੇ ਆਪਣੀ ਨਰਾਜ਼ਗੀ ਜ਼ਾਹਰ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਵੀ ‘ਆਪ’ ਨੂੰ ਗਠਜੋੜ ਦਾ ਸੁਝਾਅ ਦਿੱਤਾ ਸੀ ਪਰ ਉਸ ਸਮੇਂ ਪਾਰਟੀ ਸਿਧਾਂਤਾਂ ਦਾ ਹਵਾਲਾ ਦੇ ਕੇ ਉਨ੍ਹਾਂ ਨਾਲ ਕੋਈ ਗਠਜੋੜ ਨਹੀਂ ਕੀਤਾ ਗਿਆ ਸੀ। ਸ੍ਰੀ ਬਰਾੜ ਕਾਂਗਰਸ ਦੀ ਟਿਕਟ ‘ਤੇ ਫਰੀਦਕੋਟ ਤੋਂ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ ਸੀ।