‘ਆਪ’ ਨਾਲ ਨਹੀਂ ਬਣੀ ਗੱਲ, ਬਰਾੜ ਨੇ ਐਲਾਨੇ ਪੰਜ ਉਮੀਦਵਾਰ

0
444

jagmeet-brar
ਚੰਡੀਗੜ੍ਹ/ਬਿਊਰੋ ਨਿਊਜ਼ :
ਤ੍ਰਿਣਮੂਲ ਕਾਂਗਰਸ ਦੇ ਸੂਬਾਈ ਪ੍ਰਧਾਨ ਜਗਮੀਤ ਸਿੰਘ ਬਰਾੜ ਨੇ ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਫ਼ਤਹਿਗੜ੍ਹ ਸਾਹਿਬ ਤੋਂ ਸਾਬਕਾ ਮੰਤਰੀ ਡਾ. ਹਰਬੰਸ ਲਾਲ, ਮਾਲੇਰਕੋਟਲਾ ਤੋਂ ਬੇਗ਼ਮ ਪ੍ਰਵੀਨ ਨੁਸਰਤ, ਮੋਗਾ ਤੋਂ ਸਾਬਕਾ ਵਿਧਾਇਕ ਵਿਜੈ ਸਾਥੀ, ਬਾਘਾਪੁਰਾਨਾ ਤੋਂ ਪ੍ਰੋ. ਮਨਪ੍ਰੀਤ ਕੌਰ ਬਰਾੜ ਰਾਜੀਆਨਾ ਤੇ ਬੱਲੂਆਨਾ (ਰਾਖਵੀਂ) ਤੋਂ ਗਿਰੀਰਾਜ ਰਜੋਰਾ ਸ਼ਾਮਲ ਹਨ। ਹਾਲਾਂਕਿ ਸ੍ਰੀ ਬਰਾੜ ਨੇ ਇਹ ਪੁਸ਼ਟੀ ਨਹੀਂ ਕੀਤੀ ਹੈ ਕਿ ਟੀ.ਐਮ.ਸੀ. ਕਿੰਨੀਆਂ ਸੀਟਾਂ ‘ਤੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਉਹ ਹੋਰ ਨਾਵਾਂ ਦਾ ਐਲਾਨ ਕਰਨਗੇ। ਆਗੂਆਂ ਦਾ ਕਹਿਣਾ ਹੈ ਕਿ ਕੌਮੀ ਮੀਤ ਪ੍ਰਧਾਨ ਤੇ ਰਾਜ ਸਭਾ ਮੈਂਬਰ ਮੁਕੁਲ ਰਾਏ ਦੀ ਨਿਗਰਾਨੀ ਹੇਠ ਟੀ.ਐਮ.ਸੀ. ਦੀ ਕੇਂਦਰੀ ਚੋਣ ਅਬਜ਼ਰਵਰਾਂ ਦੀ ਇੱਕ ਟੀਮ ਨਿਯੁਕਤ ਕੀਤੀ ਗਈ ਹੈ ਤੇ ਆਉਂਦੇ ਦਿਨਾਂ ਵਿਚ ਮਮਤਾ ਬੈਨਰਜੀ ਟੀ.ਐਮ.ਸੀ. ਉਮੀਦਵਾਰਾਂ ਲਈ ਪ੍ਰਚਾਰ ਕਰਨਗੇ। ‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਟੀ.ਐਮ.ਸੀ. ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਤੋਂ ਪਿੱਛੇ ਹਟਣ ਤੋਂ ਬਾਅਦ ਜਗਮੀਤ ਸਿੰਘ ਬਰਾੜ ਨੇ ਇਸ ਨੂੰ ਕੇਜਰੀਵਾਲ ਵੱਲੋਂ ਨਾਸਮਝੀ ਭਰਿਆ ਆਪਣੇ ਹੀ ਵੱਲ ਕੀਤਾ ਗੋਲ ਕਰਾਰ ਦਿੱਤਾ ਹੈ।