ਭਾਈ ਹਰਿਸਿਮਰਨ ਸਿੰਘ ਦੀ ‘ਜਾਪ ਸਾਹਿਬ’ ਬਾਰੇ ਲਿਖੀ ਪੁਸਤਕ ਰਿਲੀਜ਼

0
387

jaap-sahib-pustak
ਕੈਪਸ਼ਨ-ਪੁਸਤਕ ‘ਸਿੱਖ ਨਵਚੇਤਨਾ ਮਿਸ਼ਨ’ ਨੂੰ ਰਿਲੀਜ਼ ਕਰਦੇ ਹੋਏ ਭਾਈ ਹਰਿਸਿਮਰਨ ਸਿੰਘ ਅਤੇ ਹੋਰ।
ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ :
ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼ ਦੇ ਡਾਇਰੈਕਟਰ ਅਤੇ ‘ਸਿੱਖ ਨਵਚੇਤਨਾ ਮਿਸ਼ਨ’ ਦੇ ਕਨਵੀਨਰ ਭਾਈ ਹਰਿਸਿਮਰਨ ਸਿੰਘ ਨੇ ਆਪਣੀ ਨਵੀਂ ਪੁਸਤਕ ‘ਜਾਪੁ ਸਾਹਿਬ’ (ਸਿਰਜਕ ਅਤੇ ਸਿਰਜਣਾ ਦੇ ਰਿਸ਼ਤਿਆਂ ਦਾ ਦਰਸ਼ਨ ਸ਼ਾਸਤਰ- ਅਨੁਭਵ ਅਤੇ ਪ੍ਰਗਟਾਉ) ਨੂੰ ਪੰਥ ਲਈ ਅਰਪਣ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜਾਪੁ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਵਾਹਿਗੁਰੂ ਦੀ ਸ਼ਕਤੀ, ਉਸ ਦੇ ਵਿਹਾਰਾਂ ਅਤੇ ਪ੍ਰਭੂਸੱਤਾ ਨੂੰ ਵੱਖ-ਵੱਖ ਛੰਦਾਂ ਵਿਚ ਬਿਆਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸ੍ਰੀ ਦਸਮ ਗ੍ਰੰਥ ਬਾਰੇ ਪਿਛਲੀਆਂ ਸਦੀਆਂ ਤੋਂ ਚਲਦੇ ਆ ਰਹੇ ਵਿਵਾਦ ਨੂੰ ਹੱਲ ਕਰਨ ਲਈ ਇਨ੍ਹਾਂ ਰਚਨਾਵਾਂ ਦਾ ਦਾਰਸ਼ਨਿਕ ਅਧਿਐਨ ਕਰਨ ਦਾ ਯਤਨ 2015 ਤੋਂ ਆਰੰਭਿਆ ਹੋਇਆ ਹੈ ਅਤੇ ਜਾਪੁ ਸਾਹਿਬ ਦਾ ਦਾਰਸ਼ਨਿਕ ਅਧਿਐਨ ਇਸੇ ਲੜੀ ਵਿੱਚ ਪਹਿਲੀ ਪੁਸਤਕ ਹੈ। ਇਸ ਮੌਕੇ ‘ਸਿੱਖ ਨਵਚੇਤਨਾ ਮਿਸ਼ਨ’ ਦੇ ਜਨਰਲ ਸਕੱਤਰ ਡਾ. ਭਗਵਾਨ ਸਿੰਘ ਨੇ ਕਿਹਾ ਕਿ ਜਾਪੁ ਸਾਹਿਬ ਬਾਣੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਮਾਨਵਤਾ ਦੇ ਉਧਾਰ ਲਈ ਜੋ ਵੱਡਾ ਖਿਆਲ ਦਰਜ ਕੀਤਾ ਹੈ, ਭਾਈ ਸਾਹਿਬ ਨੇ ਉਸ ਨੂੰ ਸਾਹਮਣੇ ਲਿਆਂਦਾ ਹੈ। ਇਸ ਮੌਕੇ ਬੀਰਦਵਿੰਦਰ ਸਿੰਘ, ਅਵਤਾਰ ਸਿੰਘ ਘਰਿਆਲਾ, ਹਰਸ਼ਰਨ ਕੌਰ ਅਤੇ ਰਾਮ ਸਿੰਘ ਸ਼ਾਮਲ ਸਨ।