ਪਾਕਿ ਨੇ ਫੇਰ ਕੀਤੀ ਜਵਾਨ ਦੀ ਲਾਸ਼ ਦੀ ਵੱਢ-ਟੁੱਕ, ਦੋ ਹੋਰ ਜਵਾਨ ਸ਼ਹੀਦ

0
608

ਸ੍ਰੀਨਗਰ/ਬਿਊਰੋ ਨਿਊਜ਼ :
ਕਸ਼ਮੀਰ ਦੇ ਮਾਛਿਲ ਸੈਕਟਰ ਵਿਚ ਕੰਟਰੋਲ ਰੇਖਾ ‘ਤੇ ਪਾਕਿਸਤਾਨ ਦੇ ਸ਼ੱਕੀ ਦਹਿਸ਼ਤਗਰਦਾਂ ਦੇ ਹਮਲੇ ਵਿਚ ਫ਼ੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ, ਜਿਨ੍ਹਾਂ ਵਿਚੋਂ ਇਕ ਸੈਨਿਕ ਦੀ ਲਾਸ਼ ਦੀ ਉਨ੍ਹਾਂ ਨੇ ਵੱਢ ਟੁੱਕ ਕੀਤੀ। 29 ਅਕਤੂਬਰ ਪਿੱਛੋਂ ਕੰਟਰੋਲ ਰੇਖਾ ‘ਤੇ ਕਿਸੇ ਭਾਰਤੀ ਸੈਨਿਕ ਦੀ ਲਾਸ਼ ਟੁਕੜੇ ਕਰਨ ਦੀ ਦੂਸਰੀ ਘਟਨਾ ਹੈ। ਫ਼ੌਜ ਨੇ ਦੱਸਿਆ ਕਿ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਮਾਛਿਲ ਸੈਕਟਰ ਦੀ ਜੰਗਲੀ ਪੱਟੀ ਵਿਚ ਕੰਟਰੋਲ ਰੇਖਾ ਦੇ ਨਾਲ ਨਾਲ ਘੁਸਪੈਠ ਰੋਕਣ ਲਈ ਗਸ਼ਤ ਕਰ ਰਹੀ ਫ਼ੌਜ ਦੀ ਟੁਕੜੀ ‘ਤੇ ਅੱਤਵਾਦੀਆਂ ਨੇ ਘਾਤ ਲਾ ਕੇ ਹਮਲਾ ਕੀਤਾ। ਇਸ ਹਮਲੇ ਵਿਚ ਤਿੰਨ ਜਵਾਨ ਸ਼ਹੀਦ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਲਾਸ਼ ਉਨ੍ਹਾਂ ਨੇ ਵੱਢ ਟੁੱਕ ਦਿੱਤੀ। ਇਸ ਤੋਂ ਪਹਿਲਾਂ ਫ਼ੌਜ ਦੀ ਉੱਤਰੀ ਕਮਾਨ ਦੇ ਬੁਲਾਰੇ ਨੇ ਟਵਿੱਟਰ ‘ਤੇ ਕਿਹਾ ਕਿ ਮਾਛਿਲ ਵਿਚ ਕੰਟਰੋਲ ਰੇਖਾ ‘ਤੇ ਕਾਰਵਾਈ ਵਿਚ ਤਿੰਨ ਸੈਨਿਕ ਸ਼ਹੀਦ ਹੋ ਗਏ ਹਨ। ਸ਼ਹੀਦ ਹੋਣ ਵਾਲੇ ਸੈਨਿਕਾਂ ਦੀ ਪਛਾਣ ਰਾਜਸਥਾਨ ਦੀ ਸ਼ੇਰਗੜ੍ਹ ਤਹਿਸੀਲ ਦੇ ਪਿੰਡ ਖਿਰ ਜਮਖਾਸ ਵਾਸੀ 25 ਸਾਲਾ ਪ੍ਰਭੂ ਸਿੰਘ, ਉੱਤਰ ਪ੍ਰਦੇਸ਼ ਵਿਚ ਗਾਜ਼ੀਪੁਰ ਵਿਚ ਪੈਂਦੇ ਦਾਦੂਪੁਰ ਪਿੰਡ ਦੇ 31 ਸਾਲਾ ਕੇ ਕੁਸ਼ਵਾਹ ਅਤੇ ਉੱਤਰ ਪ੍ਰਦੇਸ਼ ਦੇ ਹੀ ਗਾਜ਼ੀਪੁਰ ਜ਼ਿਲ੍ਹੇ ਦੀ ਮੁਹੰਮਦਾਬਾਦ ਤਹਿਸੀਲ ਦੇ ਪਿੰਡ ਨਸੀਰੂਦੀਨਪੁਰ ਦੇ ਵਾਸੀ ਸ਼ਸ਼ਾਂਕ ਕੇ ਸਿੰਘ ਵਜੋਂ ਕੀਤੀ ਗਈ। ਫ਼ੌਜ ਦੇ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਪ੍ਰਭੂ ਸਿੰਘ ਦੀ ਲਾਸ਼ ਵੱਢ ਟੁੱਕ ਦਿੱਤੀ। ਫ਼ੌਜ ਨੇ ਕਿਹਾ ਕਿ ਪਾਕਿਸਤਾਨ ਦੀ ਇਸ ਘਿਨੌਣੀ ਹਰਕਤ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਸਮਝਿਆ ਜਾ ਰਿਹਾ ਕਿ ਇਹ ਕਾਰਨਾਮਾ ਪਾਕਿਸਤਾਨ ਬਾਰਡਰ ਐਕਸ਼ਨ ਟੀਮ (ਬੈਟ) ਨੇ ਕੀਤਾ ਹੈ, ਜਿਸ ਵਿਚ ਅੱਤਵਾਦੀਆਂ ਦੇ ਨਾਲ ਫ਼ੌਜ ਦੇ ਜਵਾਨ ਵੀ ਸ਼ਾਮਲ ਹੁੰਦੇ ਹਨ। ਬੈਟ ਟੀਮ ਦੇ ਬਚਾਅ ਲਈ ਪਾਕਿਸਤਾਨੀ ਫ਼ੌਜ ਗੋਲੀਬਾਰੀ ਕਰਦੀ ਹੈ। ਇਸ ਘਟਨਾ ਪਿੱਛੋਂ ਭਾਰਤੀ ਫ਼ੌਜ ਨੇ ਮਾਛਿਲ ਸੈਕਟਰ ਵਿਚ ਭਾਰੀ ਗੋਲੀਬਾਰੀ ਕੀਤੀ ਅਤੇ ਪਾਕਿਸਤਾਨ ਵਲੋਂ ਵੀ ਗੋਲੀਬਾਰੀ ਕੀਤੀ ਜਾ ਰਹੀ ਹੈ। ਪਾਕਿਸਤਾਨ ਵੱਲੋਂ ਇਨਕਾਰ :
ਇਸਲਾਮਾਬਾਦ : ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਇਸ ਬਿਆਨ ਨੂੰ ਬੇਬੁਨਿਆਦ ਤੇ ਝੂਠਾ ਕਰਾਰ ਦਿੰਦਿਆ ਕਿਸੇ ਵੀ ਭਾਰਤੀ ਜਵਾਨ ਦੀ ਲਾਸ਼ ਨਾਲ ਬੇਹੁਰਮਤੀ ਕਰਨ ਤੋਂ ਇਨਕਾਰ ਕੀਤਾ ਹੈ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਨਫੀਸ ਜ਼ਕਰੀਆ ਨੇ ਸਪਸ਼ਟ ਕੀਤਾ ਹੈ ਕਿ ਪਾਕਿਸਤਾਨੀ ਸੈਨਾ ਅਜਿਹੇ ਘਿਨਾਉਣੀ ਕਾਰਵਾਈ ਵਿਚ ਸ਼ਾਮਲ ਨਹੀਂ ਹੈ।
ਮਾਰੇ ਗਏ ਅੱਤਵਾਦੀਆਂ ਕੋਲੋਂ ਗੋਲੀ-ਸਿੱਕਾ ਤੇ ਦੋ ਹਜ਼ਾਰ ਦੇ ਨੋਟ ਮਿਲੇ :
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਬਾਂਦੀਪੋਰ ਵਿਚ ਸੁਰੱਖਿਆ ਬਲਾਂ ਦੇ ਨਾਲ ਹੋਏ ਮੁਕਾਬਲੇ ਵਿਚ 2 ਅੱਤਵਾਦੀ ਮਾਰੇ ਗਏ। ਮਿਲੀ ਜਾਣਕਾਰੀ ਅਨੁਸਾਰ ਫ਼ੌਜ ਨੂੰ ਹੰਜਨ ਪਿੰਡ ਦੇ ਅਬਾਦੀ ਵਾਲੇ ਖੇਤਰ ਵਿਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲੀ ਸੀ। ਜਿਸ ਦੇ ਬਾਅਦ 13 ਰਾਸ਼ਟਰੀ ਰਾਈਫਲਜ਼ ਦੀ ਟੁਕੜੀ ਅਤੇ ਪੁਲਿਸ ਵੱਲੋਂ ਇਲਾਕੇ ਵਿਚ ਵਿਸ਼ੇਸ਼ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਜਿਵੇਂ ਹੀ ਫ਼ੌਜ ਦੇ ਜਵਾਨਾਂ ਅੱਤਵਾਦੀਆਂ ਦੇ ਟਿਕਾਣਿਆਂ ਦੇ ਕੋਲ ਪਹੁੰਚੇ ਤਾਂ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਕਾਬਲਾ ਦੋਵੇਂ ਅੱਤਵਾਦੀ ਮਾਰੇ ਜਾਣ ਤੱਕ ਜਾਰੀ ਰਿਹਾ। ਉਨ੍ਹਾਂ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਅੱਤਵਾਦੀ ਲਸ਼ਕਰ-ਏ-ਤਾਇਬਾ (ਐਲ.ਈ.ਟੀ.) ਨਾਲ ਸਬੰਧਤ ਸਨ। ਮੁਕਾਬਲੇ ਤੋਂ ਬਾਅਦ ਜਦੋਂ ਫ਼ੌਜ ਦੇ ਜਵਾਨਾਂ ਨੇ ਉਕਤ ਅੱਤਵਾਦੀਆਂ ਦੇ ਸਾਮਾਨ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਹਥਿਆਰ, ਗੋਲਾ ਬਾਰੂਦ, 2000 ਰੁਪਏ ਦੇ ਨਵੇਂ ਨੋਟ ਅਤੇ 100 ਰੁਪਏ ਦੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਤੋਂ 2000 ਰੁਪਏ ਦੇ 2 ਨਵੇਂ ਨੋਟ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਵੀਂ ਕਰੰਸੀ ਦੇ ਨੋਟ ਪੁਲਿਸ ਨੂੰ ਸੌਂਪ ਦਿੱਤੇ ਗਏ ਹਨ ਅਤੇ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਕਿ ਉਕਤ ਨੋਟ ਅੱਤਵਾਦੀਆਂ ਨੂੰ ਕਿਸ ਤਰ੍ਹਾਂ ਮਿਲੇ।