ਇੰਦਰਪ੍ਰੀਤ ਸਿੰਘ ਚੱਢਾ ਦੀ ਖ਼ੁਦਕੁਸ਼ੀ ਸਬੰਧੀ 11 ਵਿਅਕਤੀਆਂ ਵਿਰੁਧ ਪੁਲੀਸ  ਕੇਸ ਦਰਜ

0
61

inderpreet singh chadha
ਅੰਮ੍ਰਿਤਸਰ/ਬਿਊਰੋ ਨਿਊਜ਼:
ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਮਾਮਲੇ ਵਿੱਚ ਪੁਲੀਸ ਨੇ ਦੋ ਔਰਤਾਂ ਸਮੇਤ 11 ਵਿਅਕਤੀਆਂ ਨੂੰ  ਨਾਮਜ਼ਦ ਕੀਤਾ ਹੈ। ਇਨ੍ਹਾਂ ਦੋ ਔਰਤਾਂ ਵਿੱਚ ਇਤਰਾਜ਼ਯੋਗ ਵੀਡਿਓ ਮਾਮਲੇ ਵਿੱਚ ਚੀਫ਼ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਅਤੇ ਇੰਦਰਪ੍ਰੀਤ ਸਿੰਘ ਚੱਢਾ ਖ਼ਿਲਾਫ਼ ਕੇਸ ਦਰਜ ਕਰਵਾਉਣ ਵਾਲੀ ਔਰਤ ਵੀ ਸ਼ਾਮਲ ਹੈ।
ਜਾਣਕਾਰੀ ਮੁਤਾਬਕ ਪੁਲੀਸ ਕੇਸ ਮ੍ਰਿਤਕ ਦੇ ਬੇਟੇ ਪ੍ਰਭਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 306 ਤੇ 120 ਬੀ ਤਹਿਤ  ਦਰਜ ਕੀਤਾ ਗਿਆ ਹੈ। ਨਾਮਜ਼ਦ ਮੁਲਜ਼ਮਾਂ ਵਿੱਚ ਸੁਰਜੀਤ ਸਿੰਘ, ਉਮਤ, ਕੁਲਜੀਤ ਕੌਰ, ਮਾਨਿਆ, ਦਵਿੰਦਰ ਸੰਧੂ (ਡਬਲਯੂ ਡਬਲਯੂ ਆਈ ਸੀ ਐਸ), ਇੰਦਰਪ੍ਰੀਤ ਸਿੰਘ ਅਨੰਦ, ਗੁਰਸੇਵਕ ਸਿੰਘ, ਹਰੀ ਸਿੰਘ ਸੰਧੂ, ਭਾਗ ਸਿੰਘ ਅਣਖੀ, ਨਿਰਮਲ ਸਿੰਘ ਅਤੇ ਰਵਿੰਦਰ ਕੌਰ ਸ਼ਾਮਲ ਹਨ। ਆਪਣੀ ਸ਼ਿਕਾਇਤ ਵਿੱਚ ਪ੍ਰਭਦੀਪ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਦੋ ਵਜੇ ਉਸ ਦੀ ਮਾਂ ਨੇ ਜਾਣਕਾਰੀ ਦਿੱਤੀ ਸੀ ਕਿ ਉਸ ਦੇ ਪਿਤਾ ਨਾਲ ਕੋਈ ਮੰਦਭਾਗੀ ਘਟਨਾ ਵਾਪਰ ਗਈ ਹੈ ਅਤੇ ਉਹ ਏਅਰਪੋਰਟ ਰੋਡ ‘ਤੇ ਇੱਕ ਹਸਪਤਾਲ ਵਿੱਚ ਹਨ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਪਿਤਾ ਦੀ ਮੌਤ ਲਈ ਨਾਮਜ਼ਦ ਕੀਤੇ ਵਿਅਕਤੀ ਹੀ ਜ਼ਿੰਮੇਵਾਰ ਹਨ। ਇਸ ਤੋਂ ਇਲਾਵਾ ਕੁਝ ਹੋਰ ਵਿਅਕਤੀ ਵੀ ਹਨ, ਜਿਨ੍ਹਾਂ ਆਪਸ ਵਿੱਚ ਰਲ ਕੇ ਸਾਜਿਸ਼ ਕੀਤੀ ਹੈ ਅਤੇ ਅਜਿਹੇ ਹਾਲਾਤ ਬਣਾਏ ਕਿ ਉਸ ਦੇ ਪਿਤਾ ਖ਼ਿਲਾਫ਼ ਝੂਠਾ ਕੇਸ ਦਰਜ ਹੋਇਆ। ਉਸ ਨੇ ਦੋਸ਼ ਲਾਇਆ ਕਿ ਇਨ੍ਹਾਂ ਸਾਰਿਆਂ ਨੇ ਹੀ ਉਨ੍ਹਾਂ ਨੂੰ ਮਰਨ ਲਈ ਮਜਬੂਰ ਕੀਤਾ ਹੈ। ਫਿਲਹਾਲ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲੀਸ ਵੱਲੋਂ ਇਹ ਕੇਸ ਇੰਦਰਪ੍ਰੀਤ ਸਿੰਘ ਚੱਢਾ ਦੇ ਖ਼ੁਦਕੁਸ਼ੀ ਪੱਤਰਾਂ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ, ਜਿਸ ਵਿੱਚ ਨਾਮਜ਼ਦ ਵਿਅਕਤੀਆਂ ਦੇ ਨਾਵਾਂ ਦਾ ਜ਼ਿਕਰ ਹਨ। ਨਾਮਜ਼ਦ ਵਿਅਕਤੀਆਂ ਵਿੱਚ ਤਿੰਨ ਵਿਅਕਤੀ ਵਿੱਚ ਭਾਗ ਸਿੰਘ ਅਣਖੀ, ਨਿਰਮਲ ਸਿੰਘ ਤੇ ਹਰੀ ਸਿੰਘ ਚੀਫ਼ ਖ਼ਾਲਸਾ ਦੀਵਾਨ ਨਾਲ ਜੁੜੇ ਹੋਏ ਹਨ।
ਚਰਨਜੀਤ ਚੱਢਾ ਨੂੰ ਅੰਤਰਿਮ ਰਾਹਤ
ਅਦਾਲਤ ਨੇ ਚਰਨਜੀਤ ਸਿੰਘ ਚੱਢਾ ਨੂੰ  ਆਪਣੇ ਪੁੱਤਰ ਦੇ ਸਸਕਾਰ ਵਿੱਚ ਸ਼ਾਮਲ ਹੋਣ ਲਈ ਮੰਗੀ ਗਈ ਅੰਤ੍ਰਿਮ ਰਾਹਤ ਦੇ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਅੰਤ੍ਰਿਮ ਰਾਹਤ 10 ਜਨਵਰੀ ਤੱਕ ਦਿੱਤੀ ਗਈ ਹੈ, ਜਿਸ ਤਹਿਤ ਪੁਲੀਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੇਗੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸ ਵੱਲੋਂ ਜ਼ਮਾਨਤ ਲਈ ਦਾਇਰ ਕੀਤੀ ਅਰਜ਼ੀ ਦੀ ਸੁਣਵਾਈ ਵੀ 10 ਜਨਵਰੀ ਨੂੰ ਹੋਵੇਗੀ।

ਦੁਨੀਆਂ ਤੋਂ ਵਿਦਾ ਹੋਣ ਮੌਕੇ ਇੰਦਰਪ੍ਰੀਤ  ਦਾ ਇਨਸਾਫ਼ ਲਈ ਕੈਪਟਨ ਨੂੰ ਤਰਲਾ

ਅੰਮ੍ਰਿਤਸਰ/ਬਿਊਰੋ ਨਿਊਜ਼:
ਖੁਦਕੁਸ਼ੀ ਕਰਨ ਵਾਲੇ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਵੱਲੋਂ ਆਪਣੀ ਮੌਤ ਤੋਂ ਪਹਿਲਾਂ ਦੋ ਪੱਤਰ ਲਿਖੇ ਗਏ ਸਨ, ਜਿਨ੍ਹਾਂ ‘ਚ ਉਸ ਨੇ ਆਪਣੇ ਪਿਤਾ ਅਤੇ ਉਸ ਨੂੰ ਬਦਨਾਮ ਕਰਨ ਪਿੱਛੇ ਡੂੰਘੀ ਸਾਜ਼ਿਸ਼ ਰਚੇ ਜਾਣ ਦੀ ਗੱਲ ਕਹੀ ਹੈ।
ਇਹ ਦੋਵੇਂ ਪੱਤਰ ਪੁਲੀਸ ਨੂੰ ਇੰਦਰਪ੍ਰੀਤ ਸਿੰਘ ਚੱਢਾ ਦੀ ਕਾਰ ਵਿੱਚੋਂ ਪ੍ਰਾਪਤ ਹੋਏ ਹਨ। ਇਕ ਉਚ ਪੁਲੀਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਪੱਤਰ ਉਸ ਦੇ ਬੈਗ ਵਿੱਚ ਸਨ। ਵਿਸ਼ਵ ਦੇ ਨਾਂ ਲਿਖਿਆ ਪੱਤਰ (ਟੂ ਦਿ ਵਰਲਡ) 14 ਸਫਿਆਂ ਦਾ ਹੈ, ਜਿਸ ਉਪਰ ਉਸ ਦੇ ਦਸਤਖ਼ਤ ਨਹੀਂ ਹਨ, ਜਦਕਿ ਮੁੱਖ ਮੰਤਰੀ ਦੇ ਨਾਂ ਲਿਖਿਆ ਪੱਤਰ 4 ਸਫਿਆਂ ਦਾ ਹੈ, ਜਿਸ ਵਿੱਚ ਉਸ ਦੇ ਦਸਤਖ਼ਤ ਵੀ ਹਨ। 14 ਸਫਿਆਂ ਦੇ ਪੱਤਰ ਵਿੱਚ ਉਸ ਨੇ ਲਿਖਿਆ ਹੈ ਕਿ ਉਹ ਵਾਇਰਲ ਹੋਈ ਵੀਡਿਓ ਦੇ ਮਾਮਲੇ ਵਿੱਚ ਬਣਾਈ ਗਈ ਵਿਸ਼ੇਸ਼ ਜਾਂਚ ਕਮੇਟੀ ਕੋਲ ਬੀਤੇ ਦਿਨ ਪੇਸ਼ ਹੋਇਆ ਸੀ, ਪਰ ਉਥੇ ਉਸ ਨੇ ਇਹ ਵੀਡਿਓ ਬਣਾਉਣ ਦੀ ਸਾਜ਼ਿਸ਼ ਰਚਣ ਵਾਲਿਆਂ ਦੇ ਨਾਂ ਨਹੀਂ ਦੱਸੇ ਸਨ। ਉਸ ਨੇ ਇਸ ਪੱਤਰ ਵਿੱਚ ਕਈ ਵਿਅਕਤੀਆਂ ਦੇ ਨਾਵਾਂ ਦਾ ਜ਼ਿਕਰ ਕੀਤਾ ਹੈ। ਉਸ ਨੇ ਆਪਣੇ ਪੱਤਰ ਵਿੱਚ ਆਪਣੇ ਭਰਾ ਹਰਜੀਤ ਸਿੰਘ, ਚੀਫ ਖਾਲਸਾ ਦੀਵਾਨ ਨਾਲ ਜੁੜੇ ਕੁਝ ਵਿਅਕਤੀਆਂ, ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗੁਰਸੇਵਕ ਸਿੰਘ, ਇਕ ਏਡੀਜੀਪੀ ਪੱਧਰ ਦੇ ਅਧਿਕਾਰੀ, ਇੱਕ ਸਾਬਕਾ ਕਾਂਗਰਸੀ ਆਗੂ ਦੇ ਨਾਂ ਦਾ ਜ਼ਿਕਰ ਕੀਤਾ ਹੈ। ਉਸ ਨੇ ਲਿਖਿਆ ਕਿ ਇਸ ਵੀਡਿਓ ਲਈ ਉਸ ਦੇ ਪਿਤਾ ਕੋਲੋਂ ਸਾਢੇ 4 ਕਰੋੜ ਰੁਪਏ ਮੰਗੇ ਗਏ ਸਨ। ਪੈਸੇ ਮੰਗਣ ਵਾਲਿਆਂ ਦੇ ਨਾਂ ਵੀ ਪੱਤਰ ਵਿੱਚ ਸ਼ਾਮਲ ਹਨ। ਆਪਣੇ ਭਰਾ ਬਾਰੇ ਉਸ ਨੇ ਆਖਿਆ ਕਿ ਉਸ ਨੂੰ ਮੇਰੇ ਖੁਦਕੁਸ਼ੀ ਮਾਮਲੇ ਵਿੱਚ ਨਾਮਜ਼ਦ ਨਾ ਕੀਤਾ ਜਾਵੇ। ਦੂਜੇ ਪੱਤਰ ਵਿੱਚ ਉਸ ਨੇ ਮੁੱਖ ਮੰਤਰੀ ਨੂੰ ਲਿਖਿਆ ਕਿ ਇਸ ਮਾਮਲੇ ਦੀ ਜਾਂਚ ਕਿਸੇ ਵਿਸ਼ੇਸ਼ ਜਾਂਚ ਟੀਮ ਤੋਂ ਕਰਾਈ ਜਾਵੇ ਅਤੇ ਇਸ ਮਾਮਲੇ ਵਿੱਚ ਸ਼ਹਿਰ ਦੇ ਮੌਜੂਦਾ ਕਮਿਸ਼ਨਰ ਤੇ ਇਕ ਡੀਜੀਪੀ ਨੂੰ ਦੂਰ ਰੱਖਿਆ ਜਾਵੇ। ਦੂਜੇ ਪਾਸੇ ਉਸ ਦੇ ਭਰਾ ਹਰਜੀਤ ਸਿੰਘ ਨੇ ਪੱਤਰ ਵਿੱਚ ਉਸ ਖ਼ਿਲਾਫ਼ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਇੰਦਰਪ੍ਰੀਤ ਸਿੰਘ ਚੱਢਾ ਦਾ ਸਸਕਾਰ ਭਲਕੇ ਹੋਵੇਗਾ ।

ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਵਿਸ਼ੇਸ਼ ਜਾਂਚ ਦੀ ਮੰਗ ਕੀਤੀ
ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਭੇਜ ਕੇ ਚੱਢਾ ਮਾਮਲੇ ਦੀ ਜਾਂਚ ਡੀਜੀਪੀ ਪੱਧਰ ਦੇ ਅਧਿਕਾਰੀ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ ਕੋਲੋਂ ਕਰਾਉਣ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਆਗੂ ਸਰਬਜੀਤ ਸਿੰਘ ਵੇਰਕਾ ਵੱਲੋਂ ਭੇਜੇ ਇਸ ਪੱਤਰ ਵਿੱਚ ਉਨ੍ਹਾਂ ਆਖਿਆ ਕਿ ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਮਾਮਲੇ ਵਿੱਚ ਪੁਲੀਸ ਵਲੋਂ ਉਸ ਦੇ ਬੇਟੇ ਪ੍ਰਭਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਪੁਲੀਸ ਕੇਸ ਦਰਜ ਕੀਤਾ ਗਿਆ ਹੈ, ਜਦੋਂਕਿ ਉਹ ਇਸ ਘਟਨਾ ਸਬੰਧੀ ਤੱਥਾਂ ਨੂੰ ਨਹੀਂ ਜਾਣਦਾ ਤੇ ਐਫਆਈਆਰ ਵਿੱਚ ਦੋ ਖ਼ੁਦਕੁਸ਼ੀ ਨੋਟਾਂ ਬਾਰੇ ਕੁਝ ਵੀ ਜ਼ਿਕਰ ਨਹੀਂ ਕੀਤਾ ਹੈ ਅਤੇ ਜਾਣਬੁੱਝ ਕੇ ਇਨ੍ਹਾਂ ਤੱਥਾਂ ਨੂੰ ਦੂਰ ਰੱਖਿਆ ਹੈ।