ਅਕਾਲੀ ਆਗੂ ਬੁਲਾਰੀਆ ਤੇ ਉਪਕਾਰ ਸੰਧੂ ਕਾਂਗਰਸ ਵਿਚ ਹੋਣਗੇ ਸ਼ਾਮਲ

0
608

punjab page; Inderbir Bolaria  MLA Amritsar South  give his reachin after being suspanded from  the S A D   in Amritsar on July20.photo by vishal kumar

ਕਾਂਗਰਸੀਆਂ ਅੰਦਰ ਬੁਲਾਰੀਆ ਨੂੰ ਲੈ ਕੇ ਵਿਰੋਧ ਸ਼ੁਰੂ
ਚੰਡੀਗੜ੍ਹ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਅਤੇ ਅਕਾਲੀ ਦਲ ਦੇ ਅੰਮ੍ਰਿਤਸਰ ਸ਼ਹਿਰੀ ਦੇ ਸਾਬਕਾ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਦਿੱਲੀ ਵਿੱਚ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਪਰ ਇਸ ਦਾ ਰਸਮੀ  ਐਲਾਨ 11 ਅਕਤੂਬਰ ਨੂੰ ਸਮਾਗਮ ਵਿੱਚ ਕੀਤਾ ਜਾਵੇਗਾ। ਇਸ ਦੇ ਨਾਲ ਉੱਤਰ ਪ੍ਰਦੇਸ਼ ਦੀ ਤਰਜ਼ ‘ਤੇ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਤੇ ਇਸ ਦਾ ਜਲਦੀ ਐਲਾਨ ਕਰ ਦਿੱਤਾ ਜਾਵੇਗਾ।
ਜਾਣਕਾਰੀ ਅਨੁਸਾਰ ਸ੍ਰੀ ਬੁਲਾਰੀਆ ਤੇ ਸ੍ਰੀ ਸੰਧੂ ਨੇ ਨਵੀਂ ਦਿੱਲੀ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਸਹਾਇਕ ਇੰਚਾਰਜ ਹਰੀਸ਼ ਚੌਧਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਉਣ ਵਿੱਚ ਸੀਨੀਅਰ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਅਹਿਮ ਭੂਮਿਕਾ ਨਿਭਾਈ ਤੇ ਉਹ ਹੀ ਇਨ੍ਹਾਂ ਨੂੰ ਨਾਲ ਲੈ ਕੇ ਦਿੱਲੀ ਪਹੁੰਚੇ ਸਨ। ਕੈਪਟਨ ਨੇ ਕਿਹਾ ਕਿ ਉਨ੍ਹਾਂ ਕਿਸਾਨਾਂ ਦੇ ਮੁੱਦਿਆਂ ਬਾਰੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਲਈ ਪ੍ਰੋਗਰਾਮ ਬਣਾ ਕੇ ਭੇਜ ਦਿੱਤਾ ਹੈ ਤੇ ਹਾਈ ਕਮਾਂਡ ਵੱਲੋਂ ਪ੍ਰਵਾਨਗੀ ਮਿਲਦੇ ਸਾਰ ਸਰਗਰਮੀਆਂ ਸ਼ੁਰੂ ਹੋ ਜਾਣਗੀਆਂ। ਕਾਂਗਰਸ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੇ ਕਿਸਾਨਾਂ ਦੇ ਮੁੱਦਿਆਂ ਸਬੰਧੀ ਕਾਂਗਰਸ ਮੀਤ ਪ੍ਰਧਾਨ ਦਾ ਉੱਤਰ ਪ੍ਰਦੇਸ਼ ਦੀ ਤਰਜ਼ ਵਾਲਾ ਪ੍ਰੋਗਰਾਮ ਬਣਾ ਲਿਆ ਹੈ। ਉਹ ਆਪਣੀ ਫੇਰੀ ਸਮੇਂ ਕਿਸਾਨਾਂ ਦੇ ਕਰਜ਼ਿਆਂ, ਖ਼ੁਦਕੁਸ਼ੀਆਂ, ਕਰਜ਼ਾ ਮੁਆਫ਼ੀ ਦੇ ਮੁੱਦਿਆਂ ਨੂੰ ਉਭਾਰਨਗੇ। ਇਸ ਦੌਰਾਨ ਕ੍ਰਿਕਟਰ ਨਵਜੋਤ ਸਿੱਧੂ ਤੇ ਆਵਾਜ਼-ਏ-ਪੰਜਾਬ ਦੇ ਆਗੂਆਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਰੇੜਕਾ ਅਜੇ ਵੀ ਜਾਰੀ ਹੈ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਹਰਿਆਣਾ ਦੇ ਸੂਬਾ ਪ੍ਰਧਾਨ ਅਸ਼ੋਕ ਤੰਵਰ ਦੇ ਸਮਰਥਕਾਂ ਵਿਚਕਾਰ ਝਗੜਾ ਹੋ ਗਿਆ। ਇਸ ਵਿਚ ਅਸ਼ੋਕ ਤੰਵਰ ਦੇ ਸੱਟਾਂ ਲੱਗੀਆਂ ਅਤੇ ਉਹ ਜ਼ਖ਼ਮੀ ਹੋ ਗਏ।
ਕਾਂਗਰਸ ਵਿਚ ਬੁਲਾਰੀਆ ਦਾ ਵਿਰੋਧ ਸ਼ੁਰੂ :
ਇੰਦਰਬੀਰ ਸਿੰਘ ਬੁਲਾਰੀਆ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਮੁੱਦੇ ਨੂੰ ਲੈ ਕੇ ਅੰਮ੍ਰਿਤਸਰ ਦੇ ਕਾਂਗਰਸੀਆਂ ਵਿੱਚ ਰੋਸ ਹੈ। ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਬੁਲਾਰੀਆ ਨੇ ਕਾਂਗਰਸ ਵਰਕਰਾਂ ਵਿਰੁੱਧ ਕਈ ਕੇਸ ਦਰਜ ਕਰਵਾਏ ਸਨ। ਵਿਰੋਧ ਕਰਨ ਵਾਲੇ ਆਗੂਆਂ ਵਿੱਚ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਅਤੇ ਟਿਕਟ ਦੇ ਦਾਅਵੇਦਾਰ ਰਿੰਕੂ ਨਰੂਲਾ ਸ਼ਾਮਲ ਹਨ। ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਹੈ ਕਿ ਕਾਂਗਰਸ ਨੇ ਬਾਹਰਲਿਆਂ ਦੀ ਕੀਮਤ ‘ਤੇ ਕਾਂਗਰਸ ਵਰਕਰਾਂ ਨੂੰ ਅਣਗੌਲਿਆਂ ਨਹੀਂ ਕੀਤਾ ਜਾਣਾ ਚਾਹੀਦਾ।
ਰਾਹੁਲ ਨਾਲ ਬੱਸ ਵਿੱਚ ਸਵਾਰ ਹੋਏ ਕੈਪਟਨ
ਰਾਹੁਲ ਗਾਂਧੀ ਦੀ ਯਾਤਰਾ ਦਿੱਲੀ ਦੇ ਵਿਜੈ ਘਾਟ ਪਹੁੰਚੀ ਤਾਂ ਪੰਜਾਬ ਦੇ ਕਾਂਗਰਸੀਆਂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ, ਆਸ਼ਾ ਕੁਮਾਰੀ ਅਤੇ ਅੰਬਿਕਾ ਸੋਨੀ ਨੂੰ ਵੀ ਬੱਸ ਵਿੱਚ ਬਿਠਾ ਲਿਆ ਪਰ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਬਾਹਰ ਰਹਿ ਗਏ। ਇਸ ਮਗਰੋਂ ਰਾਹੁਲ ਨੇ ਆਪਣੇ ਸੁਰੱਖਿਆ ਅਮਲੇ ਰਾਹੀਂ ਉਨ੍ਹਾਂ ਨੂੰ ਬੁਲਾਇਆ ਤੇ ਉਨ੍ਹਾਂ ਨੂੰ ਰੈਲੀ ਵਾਲੀ ਥਾਂ ਜੰਤਰ ਮੰਤਰ ਤਕ ਲੈ ਕੇ ਗਏ।