ਰਿਟਰਨਿੰਗ ਅਫ਼ਸਰ ਸਾਥੀਆਂ ਸਮੇਤ ਸਟਰੌਂਗ ਰੂਮ ਵਿੱਚ ਵੜਿਆ : ਫੂਲਕਾ

0
653

hs-phoolka
ਲੁਧਿਆਣਾ/ਬਿਊਰੋ ਨਿਊਜ਼ :
ਚੋਣਾਂ ਤੋਂ ਬਾਅਦ ਹਲਕਾ ਗਿੱਲ ਦੇ ਆਰਓ ‘ਤੇ ਸੱਤ-ਅੱਠ ਸਾਥੀਆਂ ਸਮੇਤ ਵੋਟਿੰਗ ਮਸ਼ੀਨਾਂ ਵਾਲੇ ਸਟਰੌਂਗ ਰੂਮ ਵਿੱਚ ਵੜਨ ਦੇ ਦੋਸ਼ ਲਗਾਉਂਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਕੀਲ ਐੱਚ.ਐੱਸ. ਫੂਲਕਾ ਨੇ ਲੁਧਿਆਣਾ ਵਿੱਚ ਪੱਤਰਕਾਰ ਮਿਲਣੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਦੇ ਵਾਲੰਟੀਅਰਾਂ ਨੇ ਆਰ.ਓ. ਦਾ ਵਿਰੋਧ ਦਾ ਕੀਤਾ ਤਾਂ  ਉਹ ਬਾਹਰ ਆ ਗਏ। ਇਸ ਸਬੰਧੀ ਹਲਕਾ ਗਿੱਲ ਤੋਂ ‘ਆਪ’ ਉਮੀਦਵਾਰ ਜੀਵਨ ਸਿੰਘ ਸੰਗੋਵਾਲ ਨੇ ਥਾਣਾ ਪੀਏਯੂ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ‘ਆਪ’ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਵੀ ਸ਼ਿਕਾਇਤ ਦਰਜ ਕਰਵਾਈ ਹੈ। ਪਾਰਟੀ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਆਰਓ ਨੂੰ ਸਸਪੈਂਡ ਕਰੇ ਤੇ ਉਸ ਨੂੰ ਉੱਥੋਂ ਹਟਾਇਆ ਜਾਵੇ। ਫਿਲਹਾਲ ਪ੍ਰਸ਼ਾਸਨ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਿਹਾ ਹੈ।
ਲੁਧਿਆਣਾ ਵਿੱਚ ‘ਆਪ’ ਦੇ ਦਫ਼ਤਰ ਵਿੱਚ ਪੱਤਰਕਾਰ ਮਿਲਣੀ ਮੌਕੇ ਸ੍ਰੀ ਫੂਲਕਾ ਨੇ ਦੱਸਿਆ ਕਿ ਈਵੀਐਮ ਮਸ਼ੀਨਾਂ ਵਾਲੀ ਥਾਂ ‘ਤੇ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਪੁਲੀਸ ਤੇ ਪੈਰਾ-ਮਿਲਟਰੀ ਦੇ ਹੱਥ ਹੈ ਤੇ ਚੋਣ ਕਮਿਸ਼ਨਰ ਦੇ ਨਿਯਮਾਂ ਮੁਤਾਬਕ ਉੱਥੇ 24 ਘੰਟੇ ਪਾਰਟੀ ਵਰਕਰ ਤਾਇਨਾਤ ਰਹਿ ਸਕਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸੋਮਵਾਰ ਨੂੰ ਕਰੀਬ 11 ਵਜੇ ਹਲਕਾ ਗਿੱਲ ਦੇ ਆਰਓ ਆਪਣੇ ਸੱਤ-ਅੱਠ ਸਾਥੀਆਂ ਸਮੇਤ ਏਵੀਐਮ ਮਸ਼ੀਨਾਂ ਵਾਲੀ ਥਾਂ ‘ਤੇ ਅੰਦਰ ਚਲੇ ਗਏ ਤੇ ਅਜਿਹਾ ਕਰਨ ਦਾ ਕਾਰਨ ਸਪਸ਼ਟ ਨਹੀਂ ਕੀਤਾ। ਜਦੋਂ ਵਰਕਰਾਂ ਨੇ ਵਿਰੋਧ ਕੀਤਾ ਤਾਂ ਉਹ ਵਾਪਸ ਆ ਗਏ। ਵਾਲੰਟੀਅਰਾਂ ਨੇ ਤੁਰੰਤ ਇਸ ਦੀ ਸੂਚਨਾ ਉਮੀਦਵਾਰ ਨੂੰ ਦਿੱਤੀ। ਮੌਕੇ ‘ਤੇ ਪਹੁੰਚੇ ‘ਆਪ’ ਆਗੂਆਂ ਨੇ ਇਸ ਨੂੰ ਸੁਰੱਖਿਆ ਵਿੱਚ ਲਾਪਰਵਾਹੀ ਦੱਸਿਆ ਹੈ। ਸ੍ਰੀ ਫੂਲਕਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਜਿਹੀਆਂ ਹਰਕਤਾਂ ਬੰਦ ਨਾ ਹੋਈਆਂ ਤਾਂ ਉਹ ਬਾਦਲ ਸਰਕਾਰ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਸ਼ਿਕਾਇਤ ਦਰਜ ਕਰਵਾਉਣਗੇ।