ਸਿੱਖ ਕਤਲੇਆਮ ਕੇਸ ਲੜਨ ਲਈ ਫੂਲਕਾ ਨੇ ਛੱਡਿਆ ਵਿਰੋਧੀ ਧਿਰ ਦੇ ਆਗੂ ਦਾ ਰੁਤਬਾ

0
256

HS Phoolka  AAP leader and senior advocate of Supreme Court addressing the media person in Amritsar on June15.          photo by vishal kumar

ਸਪੀਕਰ ਨੇ ਅਸਤੀਫ਼ਾ ਰੱਖਿਆ ਵਿਚਾਰ ਅਧੀਨ
ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਐਚ.ਐਸ. ਫੂਲਕਾ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਵਜੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਆਪਣਾ ਅਸਤੀਫ਼ਾ ਸਪੀਕਰ ਰਾਣਾ ਕੇਪੀ ਸਿੰਘ ਨੂੰ ਸੌਂਪਿਆ। ਸਪੀਕਰ ਨੇ ਫਿਲਹਾਲ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਅਤੇ ਵਿਚਾਰ ਲਈ ਰੱਖ ਲਿਆ ਹੈ।
ਇਸ ਦੌਰਾਨ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਵਿਚ ਵਿਧਾਇਕ ਦਲ ਦੇ ਆਗੂ ਦੀ ਚੋਣ ਲਈ 13 ਜੁਲਾਈ ਨੂੰ ਵਿਧਾਇਕਾਂ ਦੀ ਮੀਟਿੰਗ ਸੱਦ ਲਈ ਹੈ। ਪਾਰਟੀ ਹਾਈ ਕਮਾਂਡ ਨੇ ਵਿਧਾਇਕਾਂ ਨੂੰ ਮੀਟਿੰਗ ਦੇ ਸੁਨੇਹੇ ਲਾ ਦਿੱਤੇ ਹਨ, ਪਰ ਅਜੇ ਸਮਾਂ ਅਤੇ ਸਥਾਨ ਨਹੀਂ ਦੱਸਿਆ ਹੈ।
ਸ਼੍ਰੀ ਫੂਲਕਾ ਵੱਲੋਂ ਦਿੱਤੇ ਅਸਤੀਫ਼ੇ ਨਾਲ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਖ਼ਾਲੀ ਹੋ ਗਿਆ ਹੈ। ਸਰਕਾਰ ਵੱਲੋਂ ਲਏ ਜਾਣ ਵਾਲੇ ਕਈ ਅਹਿਮ ਫ਼ੈਸਲਿਆਂ ਵਿੱਚ ਵਿਰੋਧੀ ਧਿਰ ਦੇ ਆਗੂ ਦੀ ਲੋੜ ਪੈਂਦੀ ਹੈ ਅਤੇ ਕਈ ਸਰਕਾਰੀ ਕਮੇਟੀਆਂ ਲਈ ਮੈਂਬਰੀ ਵੀ ਲਾਜ਼ਮੀ ਕੀਤੀ ਗਈ ਹੈ, ਪਰ ਆਗੂ ਦੀ ਗ਼ੈਰਹਾਜ਼ਰੀ ਵਿੱਚ ਵੀ ਕੰਮ ਰੂਟੀਨ ਵਾਂਗ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ। ਯਾਦ ਰਹੇ ਕਿ ਫੂਲਕਾ ਨੇ ਦਿੱਲੀ ਬਾਰ ਕੌਂਸਲ ਨਾਲ ਦੰਗਾ ਪੀੜਤਾਂ ਦਾ ਕੇਸ ਲੜਨ ਨੂੰ ਜਾਰੀ ਰੇੜਕੇ ਦਰਮਿਆਨ ਅਹੁਦਾ ਛੱਡਣ ਬਾਰੇ ਆਪਣੇ ਫੈਸਲੇ ਦੀ ਜਾਣਕਾਰੀ ਪਹਿਲਾਂ ਹੀ ਪਾਰਟੀ ਹਾਈ ਕਮਾਂਡ ਨੂੰ ਦੇ ਦਿੱਤੀ ਸੀ ਅਤੇ 9 ਜੁਲਾਈ ਨੂੰ ਇਸ ਸਬੰਧੀ ਰਸਮੀ ਐਲਾਨ ਵੀ ਕਰ ਦਿੱਤਾ। ਸ੍ਰੀ ਫੂਲਕਾ ਸਪੀਕਰ ਨੂੰ ਅਸਤੀਫ਼ਾ ਦੇਣ ਲਈ ਦਿੱਲੀ ਤੋਂ ਜਹਾਜ਼ ਰਾਹੀਂ ਚੰਡੀਗੜ੍ਹ ਆਏ ਅਤੇ ਸਪੀਕਰ ਨੂੰ ਮਿਲਣ ਮਗਰੋਂ ਵਾਪਸ ਚਲੇ ਗਏ। ਸੁਪਰੀਮ ਕੋਰਟ ਵਿੱਚ ਦਿੱਲੀ ਦੰਗਾ ਪੀੜਤਾਂ ਦੇ ਕੇਸ ਦੀ ਸੁਣਵਾਈ 13 ਜੁਲਾਈ ਨੂੰ ਹੈ, ਜਿਸ ਦੀ ਤਿਆਰੀ ਵਿੱਚ ਰੁੱਝੇ ਹੋਣ ਕਰਕੇ ਉਹ ਇੱਥੇ ਬਗ਼ੈਰ ਰੁਕੇ ਹੀ ਪਰਤ ਗਏ।
ਉਧਰ ‘ਆਪ’ ਹਾਈ ਕਮਾਂਡ ਫੂਲਕਾ ਦਾ ਬਦਲ ਲੱਭਣ ਵਿਚ ਭਾਵੇਂ ਅਜੇ ਕੋਈ ਕਾਹਲ ਨਹੀਂ ਕਰਨਾ ਚਾਹੁੰਦੀ, ਪਰ ਅਹੁਦੇ ਦੇ ਚਾਹਵਾਨ  ਕਮਰ ਕੱਸੀ ਫਿਰਦੇ ਹਨ। ਇਸ ਅਹੁਦੇ ਦੀ ਦੌੜ ਵਿੱਚ ਪਾਰਟੀ ਦੇ ਵ੍ਹਿਪ ਤੇ ਵਿਧਾਇਕ ਸੁਖਪਾਲ ਖਹਿਰਾ, ਕੰਵਰ ਸੰਧੂ ਅਤੇ ਅਮਨ ਅਰੋੜਾ ਦਾ ਨਾਂ ਲਿਆ ਜਾ ਰਿਹਾ ਹੈ, ਪਰ  ਹੁਣ ਪ੍ਰੋ. ਬਲਵਿੰਦਰ ਕੌਰ ਦਾ ਨਾਂ ਵੀ ਵੱਜਣ ਲੱਗਾ ਹੈ। ਪਾਰਟੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਵਿਧਾਨ ਸਭਾ ਵਿਚ ਡਿਪਟੀ ਆਗੂ ਹੈ ਅਤੇ ਹਾਲ ਦੀ ਘੜੀ ਉਸ ਨੂੰ ਆਰਜ਼ੀ ਤੌਰ ‘ਤੇ ਕਮਾਨ ਦਿੱਤੇ ਜਾਣ ਦੀ ਸੰਭਾਵਨਾ ਹੈ।