ਸਤਲੁਜ ਦੇ ਪਾਣੀ ‘ਚ ਜ਼ਹਿਰਾਂ ਘੋਲ ਰਹੀਆਂ ਨੇ ਹਿਮਾਚਲ ਦੀਆਂ ਫੈਕਟਰੀਆਂ

0
144

hp-factories-pollution-04-june
ਪਿੰਡ ਨੰਗਲ ਸਿਰਸਾ ਨੇੜੇ ਸਿਰਸਾ ਨਦੀ ਵਿਚ ਵਹਿ ਰਹੇ ਹਿਮਾਚਲ ਪ੍ਰਦੇਸ਼ ਦੀਆਂ ਫੈਕਟਰੀਆਂ ਦਾ ਪਾਣੀ।
ਘਨੌਲੀ/ਬਿਊਰੋ ਨਿਊਜ਼ :
ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਉਦਯੋਗਿਕ ਹੱਬ ਬੀਬੀਐੱਨ ਵਿੱਚ ਸੈਂਕੜਿਆਂ ਦੀ ਗਿਣਤੀ ‘ਚ ਲੱਗੀਆਂ ਫੈਕਟਰੀਆਂ ਦਾ ਪ੍ਰਦੂਸ਼ਿਤ ਤੇ ਜ਼ਹਿਰੀਲਾ ਪਾਣੀ ਸਤਲੁਜ ਦਰਿਆ ਵਿੱਚ ਜ਼ਹਿਰ ਘੋਲ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਕਸਬਾ ਬੱਦੀ, ਬਰੋਟੀਵਾਲਾ ਤੇ ਨਾਲਾਗੜ੍ਹ ਦੇ ਆਸ-ਪਾਸ ਲੱਗੀਆਂ ਫੈਕਟਰੀਆਂ ਦਾ ਕੈਮੀਕਲ ਯੁਕਤ ਪਾਣੀ ਪਿਛਲੇ ਲੰਬੇ ਸਮੇਂ ਤੋਂ ਸਰਸਾ ਨਦੀ ਰਾਹੀਂ ਪੰਜਾਬ ਦੇ ਪਿੰਡ ਆਸਪੁਰ ਨੇੜੇ ਸਤਲੁਜ ਦਰਿਆ ਵਿੱਚ ਆ ਮਿਲਦਾ ਹੈ।
ਇਸ ਜ਼ਹਿਰੀਲੇ ਪਾਣੀ ਕਾਰਨ ਸਤਲੁਜ ਦਰਿਆ ਦੇ ਪੱਤਣ ‘ਤੇ ਬਰਸਾਤ ਦੇ ਦਿਨਾਂ ਵਿੱਚ ਸੈਂਕੜਿਆਂ ਦੀ ਗਿਣਤੀ ਵਿਚ ਮੱਛੀਆਂ ਮਰ ਜਾਂਦੀਆਂ ਹਨ ਤੇ ਇਨ੍ਹਾਂ ਮਰੀਆਂ ਮੱਛੀਆਂ ਨੂੰ ਪ੍ਰਵਾਸੀ ਮਜ਼ਦੂਰ ਚੁੱਕ ਕੇ ਆਪੋ ਆਪਣੇ ਟਿਕਾਣਿਆਂ ‘ਤੇ ਲੈ ਜਾਂਦੇ ਹਨ। ਭਾਵੇਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹਰ ਸਾਲ ਸਿਰਸਾ ਨਦੀ ਵਿੱਚੋਂ ਪਾਣੀ ਦੇ ਸੈਂਪਲ ਲੈ ਕੇ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਤੇ ਇੱਕ ਦੋ ਵਾਰੀ ਪੰਜਾਬ ਤੇ ਹਿਮਾਚਲ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਾਣੀ ਦੇ ਸਾਂਝੇ ਤੌਰ ‘ਤੇ ਵੀ ਸੈਂਪਲ ਭਰੇ ਜਾ ਚੁੱਕੇ ਹਨ, ਪਰ ਹਾਲੇ ਤੱਕ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਹੁਣ ਤਾਂ ਸਿਰਸਾ ਨਦੀ ਦੇ ਪਾਣੀ ਦਾ ਰੰਗ ਵੀ ਗੂੜ੍ਹਾ ਹੁੰਦਾ ਜਾ ਰਿਹਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ.ਡੀ.ਓ ਜਿਤਿਨ ਜੋਸ਼ੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੱਲੋਂ ਸਿਰਸਾ ਨਦੀ ਦੇ ਪਾਣੀ ਦੇ ਨਮੂਨੇ ਲਏ ਸਨ ਪਰ ਹਾਲੇ ਰਿਪੋਰਟ ਨਹੀਂ ਆਈ।