ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁਲਾਜ਼ਮ ਨੇ ਜਸਟਿਸ ਰਣਜੀਤ ਸਿੰਘ ਨਾਲ ਮੁਲਾਕਾਤ ਕਰਕੇ ਬਾਦਲਾਂ ਦੇ ਨਾਰਕੋ ਟੈਸਟ ਕਰਵਾਉਣ ਦੀ ਕੀਤੀ ਮੰਗ

0
41

ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਅਦਬੀ ਮਾਮਲਾ:
himmat-singh-with-justice-ranjit-singh
ਭਾਈ ਹਿੰਮਤ ਸਿੰਘ ਮੁਹਾਲੀ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਸਬੂਤ ਵਜੋਂ ਦਸਤਾਵੇਜ਼ ਸੌਂਪਦੇ ਹੋਏ।
ਅੰਮ੍ਰਿਤਸਰ/ਨਰਿੰਦਰ ਪਾਲ ਸਿੰਘ:
ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਨੇ ਪਿਛਲੀ ਬਾਦਲ ਸਰਕਾਰ ਵੇਲੇ ਪੰਜਾਬ ਵਿੱਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਰਮ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਉਪਰੋਕਤ ਘਟਨਾਵਾਂ ਲਈ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਸੱਤਾ ਭੁੱਖ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਿੰਮਤ ਸਿੰਘ ਨੇ ਮੰਗਲਵਾਰ 12 ਦਸੰਬਰ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਨਾਲ ਮੁਲਾਕਾਤ ਮੌਕੇ ਮੰਗ ਕੀਤੀ ਕਿ ਮਾਮਲੇ ਦੀ ਤਹਿ ਤੀਕ ਜਾਣ ਲਈ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਵਿਚਲੇ ਤਿੰਨਾਂ ਤਖਤਾਂ ਦੇ ਜਥੇਦਾਰਾਂ ਦੇ ਨਾਰਕੋ ਟੈਸਟ ਕਰਵਾਏ ਜਾਣ ਤਾਂ ਜੋ ਡੇਰਾ ਮੁਖੀ ਨੂੰ ਦਿੱਤੀ ਮੁਆਫ਼ੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਪੁਲੀਸ ਵੱਲੋਂ ਸ਼ਾਂਤਮਈ ਧਰਨਾ ਦੇ ਰਹੇ ਨਿਹੱਥੇ ਸਿੱਖਾਂ ‘ਤੇ ਕੀਤੀ ਫਾਈਰਿੰਗ ਦੇ ਭੇਤ ਖੁੱਲ੍ਹ ਸਕਣ।
ਉਨ੍ਹਾਂ ਨੇ ਬੇਅਦਬੀ ਸਮੇਤ ਕਮਿਸ਼ਨ ਕੋਲ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਮੁਆਫ਼ੀ ਸਬੰਧੀ ਵੀ ਕਈ ਤੱਥ ਉਜਾਗਰ ਕੀਤੇ। ਉਨ੍ਹਾਂ ਰਾਮ ਰਹੀਮ ਵੱਲੋਂ ਮੁਆਫ਼ੀਨਾਮੇ ਲਈ ਭੇਜੀ ਚਿੱਠੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਮੁਆਫ਼ੀਨਾਮੇ ਵਾਲੀ ਚਿੱਠੀ ਅਤੇ ਕਈ ਹੋਰ ਦਸਤਾਵੇਜ਼ ਅਤੇ ਗੁਪਤ ਭੇਤ ਬਾਰੇ ਆਪਣੀ ਲੰਮੀ ਚਿੱਠੀ ਵੀ ਕਮਿਸ਼ਨ ਨੂੰ ਦਿੱਤੀ। ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਸਿੱਖ ਕੌਮ ਨਾਲ ਧ੍ਰੋਹ ਕਮਾਉਣ ਦਾ ਦੋਸ਼ ਵੀ ਲਾਇਆ
ਕਮਿਸ਼ਨ ਨੂੰ ਸੌਂਪੇ 6 ਪੰਨਿਆਂ ਦੇ ਦਸਤਾਵੇਜ਼ ਵਿੱਚ ਹਿੰਮਤ ਸਿੰਘ ਨੇ ਦੱਸਿਆ  ਕਿ ਵਿਵਾਦਤ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਮੁਆਫੀ ਦਿੱਤੇ ਜਾਣ ਦੀ ਪ੍ਰਕਿਰਿਆ 16 ਸਤੰਬਰ 2015 ਨੂੰ ਸ਼ੁਰੂ ਹੋਈ ਜਦੋਂ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਗਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਗਿਆਨੀ ਮੱਲ੍ਹ ਸਿੰਘ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ, ਸ਼੍ਰੋਮਣੀ ਕਮੇਟੀ ਦੇ ਚੰਡੀਗੜ੍ਹ ਸਥਿਤ ਸਬ ਆਫਿਸ ਵਿਖੇ ਸ਼ਾਮ 6.00 ਵਜੇ ਪੁਜੇ ਅਤੇ ਉਥੋਂ ਗਿਆਨੀ ਗੁਰਬਚਨ ਸਿੰਘ ਦੀ ਸਰਕਾਰੀ ਗੱਡੀ (ਸ਼੍ਰੋਮਣੀ ਕਮੇਟੀ ਵਲੋਂ ਦਿੱਤੀ ਹੋਈ ਇਨੌਵਾ) ਪੀ.ਬੀ-02 ਸੀ.ਬੀ. 9513 ਵਿੱਚ ਬੈਠ ਕੇ ਇਹ ਤਿੰਨੋਂ ਜਥੇਦਾਰ ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਕੋਠੀ ਪੁੱਜੇ ਜਿਥੇ ਉਸ ਵੇਲੇ ਦੇ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਦੀ ਮੌਜੂਦਗੀ ਵਿੱਚ ਦੇਰ ਰਾਤ ਤੀਕ ਮੀਟਿੰਗ ਹੋਈ।
ਹਿੰਮਤ ਸਿੰਘ ਨੇ ਕਮਿਸ਼ਨ ਨੂੰ ਦੱਸਿਆ ਕਿ ਬਾਦਲ ਤੇ ਜਥੇਦਾਰਾਂ ਦਰਮਿਆਨ ਹੋਈ ਮੀਟਿੰਗ ਦੌਰਾਨ ਡੇਰਾ ਸਿਰਸਾ ਮੁਖੀ ਵਲੋਂ ਭੇਜਿਆ ਹਿੰਦੀ ਵਿੱਚ ਮੁਆਫੀਨਾਮਾ ਪੜ੍ਹ ਕੇ ਸੁਣਾਇਆ ਗਿਆ ਸੀ ਜਿਸ ਬਾਰੇ ਬਾਦਲ ਨੇ ਜਥੇਦਾਰਾਂ ਨੂੰ ਡੇਰਾ ਮੁਖੀ ਨੂੰ ਮੁਆਫ ਕਰਨ ਦਾ ਹੁਕਮ ਸੁਣਾਇਆ ਸੀ। ਹਿੰਮਤ ਸਿੰਘ ਨੇ ਦੱਸਿਆ ਕਿ 24 ਸਤੰਬਰ 2015 ਦੀ ਜਥੇਦਾਰਾਂ ਦੀ ਇੱਕਤਰਤਾ ਵਿੱਚ ਡੇਰਾ ਮੁਖੀ ਦਾ ਜੋ ਮੁਆਫੀਨਾਮਾ ਪੇਸ਼ ਕੀਤਾ ਗਿਆ ਉਹ ਪੰਜਾਬੀ ਵਿੱਚ ਸੀ। ਉਨ੍ਹਾਂ ਕਮਿਸ਼ਨ ਪਾਸੋਂ ਮੰਗ ਕੀਤੀ ਹੈ ਕਿ ਡੇਰਾ ਸਿਰਸਾ ਮੁਖੀ ਦੇ ਇਸ ਪੰਜਾਬੀ ਭਾਸ਼ਾ ਵਾਲੇ ਮੁਆਫੀਨਾਮੇ ਉਪਰ ਡੇਰਾ ਮੁਖੀ ਦੇ ਕੀਤੇ ਦਸਤਖਤਾਂ, ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਮੌਜੂਦ ਗੇਟ ਰਜਿਸਟਰ ਦੀ ਚੈਕਿੰਗ ਦੇ ਨਾਲ-ਨਾਲ ਬਾਦਲ ਪਿਉ-ਪੁਤਰ ਅਤੇ ਜਥੇਦਾਰਾਂ ਦਾ ਨਾਰਕੋ ਟੈਸਟ ਕਰਵਾਇਆ ਜਾਵੇ।
ਹਿੰਮਤ ਸਿੰਘ ਨੇ ਸਾਫ ਲਿਖਿਆ ਹੈ ਕਿ ਡੇਰਾ ਮੁਖੀ ਨੂੰ ਮੁਆਫ ਕਰਨ ਦੇ ਜਥੇਦਾਰਾਂ ਦੇ ਫੈਸਲੇ ਬਾਅਦ ਹੀ ਸਿੱਖਾਂ ਅੰਦਰ ਰੋਹ ਤੇ ਰੋਸ ਜਾਗਿਆ ਤੇ ਡੇਰੇ ਵਾਲਿਆਂ ਨੇ ਪ੍ਰਤੀਕਰਮ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਕੁਰਾਨ ਸ਼ਰੀਫ ਦੇ ਨਿਰਾਦਰ ਦਾ ਰਾਹ ਅਪਣਾਇਆ ਪਰ ਬਾਦਲ ਸਰਕਾਰ ਇਸ ਪ੍ਰਤੀ ਖਾਮੋਸ਼ ਰਹੀ। ਹਿੰਮਤ ਸਿੰਘ ਨੇ ਕਮਿਸ਼ਨ ਨੂੰ ਇਹ ਵੀ ਸੁਝਾਅ ਦਿੱਤੇ ਕਿ ਮਾਮਲੇ ਦੀ ਤਹਿ ਤੀਕ ਜਾਣ ਲਈ ਬਾਦਲਾਂ ਦੇ ਨੇੜਲੇ ਨਿੱਜੀ ਸਹਾਇਕਾਂ ਤੇ ਜਥੇਦਾਰਾਂ ਦੇ ਮੋਬਾਇਲ ਫੋਨਾਂ ਦਾ ਡਾਟਾ ਰਿਕਾਰਡ ਚੈਕ ਕੀਤਾ ਜਾਵੇ।
ਉਨ੍ਹਾਂ ਨੇ ਜਥੇਦਾਰ ਗੁਰਬਚਨ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਵਲੋਂ ਬਣਾਈਆਂ ਜਾਇਦਾਦਾਂ ਦੀ ਜਾਂਚ ਕਰਵਾਏ ਜਾਣ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਕਿ ਐਸਜੀਪੀਸੀ ਗੁਰਦੁਆਰਾ ਐਕਟ ਅਨੁਸਾਰ ਤਖ਼ਤਾਂ ਦੇ ਜਥੇਦਾਰਾਂ ਦੀ ਕੋਈ ਅਸਾਮੀ ਨਹੀਂ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ‘ਤੇ ਵੀ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਸਬੰਧੀ ਗੁਰੂ ਘਰ ਦੀ ਗੋਲਕ ‘ਚੋਂ ਕਥਿਤ ਤੌਰ ‘ਤੇ 93 ਲੱਖ ਦੇ ਇਸ਼ਤਿਹਾਰ ਅਖ਼ਬਾਰਾਂ ਨੂੰ ਦੇ ਕੇ ਗੋਲਕ ਨੂੰ ਚੂਨਾ ਲਗਾਉਣ ਦੀ ਗੱਲ ਕਹੀ। ਉਨ੍ਹਾਂ ਨੇ ਤਖ਼ਤਾਂ ਦੇ ਜਥੇਦਾਰਾਂ ਵੱਲੋਂ  ਡੇਰਾ ਵਿਵਾਦ ਨੂੰ ਹੁਲਾਰਾ ਦੇਣ ਤੇ ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਿਆਦਾ ਦੀ ਧੱਜੀਆਂ ਉਡਾਉਣ ਵਾਲੇ ਡੇਰਿਆਂ ਨਾਲ ਗੰਢ-ਤੁੱਪ ਕੀਤੇ ਜਾਣ ਦੇ ਦੋਸ਼ ਵੀ ਲਾਏ।

ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਮੁਆਫੀ ਮਾਮਲੇ ਵਿੱਚ ਮੁਆਫੀ ਪੱਤਰ ਬਾਰੇ ਸਵਾਲ ਚੁੱਕਣ ‘ਤੇ ਸ਼੍ਰੋਮਣੀ ਕਮੇਟੀ ਨੇ ਗਿਆਨੀ ਗੁਰਮੁਖ ਸਿੰਘ ਪਾਸੋਂ ਤਖਤ ਦਮਦਮਾ ਸਾਹਿਬ ਦੀ ਜਥੇਦਾਰੀ ਖੋਹ ਲਈ ਸੀ ਤੇ ਉਨ੍ਹਾਂ ਨੂੰ ਹਰਿਆਣਾ ਸਥਿਤ ਗੁਰਦੁਆਰਾ ਧਮਤਾਨ ਸਾਹਿਬ ਤਬਦੀਲ ਕਰ ਦਿੱਤਾ ਸੀ। ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਗਿਆਨੀ ਗੁਰਮੁਖ ਸਿੰਘ ‘ਤੇ ਦਬਾਅ ਵਧਾਉਣ ਲਈ ਸ਼੍ਰੋਮਣੀ ਕਮੇਟੀ ਨੇ ਗਿਆਨੀ ਗੁਰਮੁਖ ਸਿੰਘ ਦੇ ਭਰਾਤਾ ਹਿੰਮਤ ਸਿੰਘ ਦੀ ਵੀ ਤਬਦੀਲੀ ਧਮਤਾਨ ਸਾਹਿਬ ਹੀ ਕਰ ਦਿੱਤੀ ਤਾਂ ਉਸਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ।
ਦਸਿਆ ਜਾਂਦਾ ਹੈ ਕਿ ਕਮਿਸ਼ਨ ਨੇ ਭਾਈ ਹਿੰਮਤ ਸਿੰਘ ਨੂੰ ਨਿਰਪੱਖ ਜਾਂਚ ਅਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ।