ਹੇਮਾ ਮਾਲਿਨੀ ਵਾਸਤੇ ਮੁੱਖ ਮੰਤਰੀ ਬਣਨਾ ਖੱਬੇ ਹੱਥ ਦੀ ਖੇਡ

0
182

hema-malini

ਜੈਪੁਰ/ਬਿਊਰੋ ਨਿਊਜ਼ :

ਹਰ ਖੇਤਰ ਵਿਚ ਉਚੇ ਤੋਂ ਉਚੇ ਸੁਪਨੇ ਦੇਖਣਾ ਉਂਝ ਤਾਂ ਹਰ ਆਦਮੀ ਦਾ ਨਿੱਜੀ ਅਧਿਕਾਰ ਹੁੰਦਾ ਹੈ ਪਰ ਬੌਲੀਵੁੱਡ ਦੀ ”ਡਰੀਮ ਗਰਲ” ਦੇ ਡਰੀਮ ਕੁਝ ਖਾਸ ਹੀ ਹਨ। ਅਭਿਨੇਤਰੀ ਅਤੇ ਰਾਜਸੀ ਆਗੂ ਹੇਮਾ ਮਾਲਿਨੀ ਨੇ ਕਿਹਾ ਹੈ ਕਿ ਉਹ ਕਿਸੇ ਸਮੇਂ ਵੀ ਮੁੱਖ ਮੰਤਰੀ ਬਣ ਸਕਦੀ ਹੈ ਪਰ ਉਸ ਦੀ ਇਸ ਅਹੁਦੇ ਵਿਚ ਰੁਚੀ ਹੀ ਨਹੀਂ ਹੈ।ਸੋਸ਼ਲ ਮੀਡੀਆ ਵਿਚ ਹੇਮਾ ਮਾਲਿਨੀ ਦੇ ਇਸ ਬਿਆਨ ਉਤੇ ”ਹਾਥ ਨ ਪਹੁੰਚੇ ਥੂ ਕੌੜੀ” ਵਰਗੇ ਕੁਮੈਂਟ ਆ ਰਹੇ ਹਨ।
ਮਥੁਰਾ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਹੇਮਾ ਮਾਲਿਨੀ ਨੇ ਰਾਜਸਥਾਨ ਦੇ ਬੰਸਵਾੜਾ ਸ਼ਹਿਰ ਵਿਚ ਕਿਹਾ,ਕਿ ”ਜੇ ਮੈਂ ਚਾਹਾਂ ਤਾਂ ਮੈਂ ਇਕ ਮਿੰਟ ਵਿਚ ਮੁੱਖ ਮੰਤਰੀ ਬਣ ਸਕਦੀ ਹਾਂ ਪਰ ਖ਼ੁਦ ਨੂੰ ਪਾਬੰਦ ਨਹੀਂ ਕਰਨਾ ਚਾਹੁੰਦੀ, ਮੇਰੀ ਘੁੰਮਣ ਫਿਰਨ ਦੀ ਆਜ਼ਾਦੀ ਖਤਮ ਹੋ ਜਾਵੇਗੀ।”  ਉਨ੍ਹਾਂ ਨੇ ਇਹ ਪ੍ਰਗਟਾਵਾ ਉਦੋਂ ਕੀਤਾ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਜੇ ਉਸ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲੇ ਤਾਂ ਕੀ ਉਹ ਮੁੱਖ ਮੰਤਰੀ ਬਣਨਾ ਪਸੰਦ ਕਰੇਗੀ। ਇਹ ਪ੍ਰਗਟਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਅਹੁਦੇ ਸਬੰਧੀ ਸੀ ਜਿੱਥੇ ਭਾਜਪਾ ਦੀ ਸਰਕਾਰ ਹੈ ਅਤੇ ਯੋਗੀ ਆਦਿੱਤਿਆਨਾਥ ਸੂਬੇ ਦੇ ਮੁੱਖ ਮੰਤਰੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਫਿਲਮੀ ਕਰੀਅਰ ਕਰਕੇ ਸੰਸਦ ਮੈਂਬਰ ਬਣਨਾ ਪਸੰਦ ਕੀਤਾ ਹੈ। ਹੇਮਾ ਨੇ ਕਿਹਾ ਕਿ ਉਹ ਜਾਣਦੀ ਹੈ ਕਿ ਉਸਦੀ ਪਛਾਣ ਬੌਲੀਵੁੱਡ ਕਰਕੇ ਹੈ, ਉਸ ਨੂੰ ‘ਡਰੀਮ ਗਰਲ’ ਜਾਂ ਹੇਮਾ ਮਾਲਿਨੀ ਕਰਕੇ ਜਾਣਿਆਂ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਸਦ ਵਿਚ ਆਉਣ ਤੋਂ ਪਹਿਲਾਂ ਵੀ ਉਨ੍ਹਾਂ ਨੇ ਭਾਜਪਾ ਲਈ ਬੇਹੱਦ ਕੰਮ ਕੀਤਾ ਹੈ। ਉਨ੍ਹਾਂ ਨੇ ਮਥੁਰਾ ਨੂੰ ਕ੍ਰਿਸ਼ਨ ਭਵਗਾਨ ਦੀ ਨਗਰੀ ਕਹਿੰਦਿਆਂ ਕਿਹਾ ਕਿ ਉਹ ਅਸਲ ਵਿਚ ਬ੍ਰਿਜਵਾਸੀਆਂ ਲਈ ਕੰਮ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਆਪਣੇ ਹਲਕੇ ਵਿਚ ਬਣਾਈਆਂ ਸੜਕਾਂ ਦਾ ਵਿਸ਼ੇਸ਼ ਤੌਰ ਉੱਤੇ ਜ਼ਿਕਰ ਕੀਤਾ।
ਗੌਰਤਲਬ ਹੈ ਕਿ ਹੇਮਾ ਮਾਲਿਨੀ ਦੇ ਪਤੀ ਧਰਮਿੰਦਰ ਨੇ ਵੀ ਇਕ ਵਾਰ ਭਾਜਪਾ ਦੀ ਹੀ ਟਿਕਟ ਉਤੇ ਰਾਜਸਥਾਨ ਦੇ ਬੀਕਾਨੇਰ ਹਲਕੇ ਤੋਂ ਲੋਕ ਸਭਾ ਦੀ ਚੋਣ ਲੜਨ ਵੇਲੇ ਵਿਰੋਧੀਆਂ ਨੂੰ ਗੋਲੀ ਮਾਰਨ ਦਾ ਬਿਆਨ ਦੇ ਕੇ ਵਿਵਾਦ ਖੜ੍ਹਾ ਕਰ ਦਿਤਾ ਸੀ।