ਸਿੱਖ ਇਤਿਹਾਸ ਸਬੰਧੀ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ‘ਚ ਸਿੱਖ ਵਿਦਵਾਨ ਹਰਜਿੰਦਰ ਸਿੰਘ ਦਿਲਗੀਰ ਦੋਸ਼ੀ ਕਰਾਰ

0
290

dilgeer2
ਅੰਮ੍ਰਿਤਸਰ/ਬਿਊਰੋ ਨਿਊਜ਼ :
ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਿੱਖ ਇਤਿਹਾਸ ਸਬੰਧੀ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ‘ਚ ਸਿੱਖ ਵਿਦਵਾਨ ਹਰਜਿੰਦਰ ਸਿੰਘ ਦਿਲਗੀਰ ਦੀਆਂ ਸਾਰੀਆਂ ਰਚਨਾਵਾਂ ਦੀ ਘੋਖ ਪੜਤਾਲ ਕਰਨ ਲਈ ਬਣਾਈ ਗਈ 11 ਮੈਂਬਰੀ ਸਬ-ਕਮੇਟੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਸਿੰਘ ਸਾਹਿਬ ਨੂੰ ਸੌਂਪੀ ਗਈ ਰਿਪੋਰਟ ‘ਚ ਦਿਲਗੀਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ । ਇਸ ਗੱਲ ਦਾ ਪ੍ਰਗਟਾਵਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੰਗਤਾਂ ਵਲੋਂ ਆਈਆਂ ਸ਼ਿਕਾਇਤਾਂ ‘ਚ ਹਰਜਿੰਦਰ ਸਿੰਘ ਦਿਲਗੀਰ ਦੀਆਂ ਲਿਖਤਾਂ ‘ਤੇ ਇਤਰਾਜ਼ ਜਿਤਾਇਆ ਗਿਆ ਸੀ, ਜਿਸ ਸਬੰਧੀ ਸਬ ਕਮੇਟੀ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਕਮੇਟੀ ਵਲੋਂ ਦਿੱਤੀ ਗਈ ਰਿਪੋਰਟ ‘ਤੇ ਵਿਚਾਰ ਕਰਨ ਲਈ ਪੰਥਕ ਜਥੇਬੰਦੀਆਂ ਦੀ ਰਾਇ ਲੈ ਕੇ ਪੰਜ ਸਿੰਘ ਸਾਹਿਬਾਨ ਦੀ ਜ਼ਰੂਰੀ ਇਕੱਤਰਤਾ ਜਲਦੀ ਹੀ ਬੁਲਾਈ ਜਾਵੇਗੀ ਤੇ ਬਣਦੀ ਧਾਰਮਿਕ ਕਾਰਵਾਈ ਕੀਤੀ ਜਾਵੇਗੀ। ਇਸ ਸਬ-ਕਮੇਟੀ ‘ਚ ਡਾ. ਰੂਪ ਸਿੰਘ, ਡਾ. ਇੰਦਰਜੀਤ ਸਿੰਘ ਗੋਗੋਆਣੀ, ਹਰਭਜਨ ਸਿੰਘ ਮਨਾਵਾਂ, ਭਾਈ ਪ੍ਰਤਾਪ ਸਿੰਘ ਸਿੱਖ ਮਿਸ਼ਨਰੀ ਕਾਲਜ, ਵਰਿਆਮ ਸਿੰਘ ਅਤੇ ਭਾਈ ਹਰਸਿਮਰਨ ਸਿੰਘ ਸ੍ਰੀ ਅਨੰਦਪੁਰ ਸਾਹਿਬ, ਇੰਦਰਪਾਲ ਸਿੰਘ ਅਤੇ ਸੁਖਦੇਵ ਸਿੰਘ ਸ਼ਾਮਲ ਸਨ ਅਤੇ ਇਸ ਕਮੇਟੀ ਦੇ ਕੋਆਰਡੀਨੇਟਰ ਸੁਖਦੇਵ ਸਿੰਘ ਭੂਰਾਕੋਹਨਾ ਸਨ ।

ਸਿਰ ‘ਤੇ ਬੰਨ੍ਹਣ ਵਾਲੇ ਰੁਮਾਲਾਂ ‘ਤੇ ਸਿੱਖੀ ਦੇ ਚਿੰਨ੍ਹ ਨਾ ਬਣਾਉਣ ਦੀ ਹਦਾਇਤ
ਸਿੰਘ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਦੁਕਾਨਦਾਰਾਂ ਵਲੋਂ ਵੇਚੇ ਜਾਂਦੇ ਸਿਰ ‘ਤੇ ਬੰਨਣ ਵਾਲੇ ਰੁਮਾਲਾਂ ‘ਤੇ ਸਿੱਖੀ ਚਿੰਨ੍ਹ ਨਾ ਬਣਾਏ ਜਾਣ ਦੀ ਹਦਾਇਤ ਕਰਦਿਆਂ ਕਿਹਾ ਕਿ ਵਰਤੋਂ ਤੋਂ ਬਾਅਦ ਇਨ੍ਹਾਂ ਰੁਮਾਲਾਂ ਨੂੰ ਕਈ ਸ਼ਰਧਾਲੂ ਜ਼ਮੀਨ ‘ਤੇ ਸੁੱਟ ਜਾਂਦੇ ਹਨ, ਜਿਸ ਕਾਰਨ ਸਿੱਖੀ ਚਿੰਨ੍ਹਾਂ ਦੀ ਬੇਅਦਬੀ ਹੁੰਦੀ ਹੈ । ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ‘ਚ ਬਣੇ ਸ਼ਹੀਦੀ ਅਸਥਾਨ ‘ਤੇ ਸ਼ਹੀਦੀ ਗੈਲਰੀ ਬਣਾਏ ਜਾਣ ਲਈ ਪ੍ਰਵਾਨਗੀ ਦੇਣ ਦੀ ਸ਼ਲਾਘਾ ਕੀਤੀ ।