ਹਰਦੀਪ ਖਹਿਰਾ ਨੇ ਵੀ ਅਕਾਲੀ ਦਲ ਖ਼ਿਲਾਫ਼ ਬਗ਼ਾਵਤ ਦਾ ਬਿਗਲ ਵਜਾਇਆ, ਮੁਢਲੀ ਮੈਂਬਰਸ਼ਿਪ ਛੱਡੀ

0
405

hardeep-singh-khehra
ਪਟਿਆਲਾ/ਬਿਊਰੋ ਨਿਊਜ਼ :
ਪਟਿਆਲਾ ਵਿੱਚ ਟੌਹੜਾ ਪਰਿਵਾਰ ਅਤੇ ਸੰਧੁ ਪਰਿਵਾਰ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਹੋਰ ਸੀਨੀਅਰ ਆਗੂ ਨੇ ਬਗ਼ਾਵਤ ਦਾ ਬਿਗਲ ਵਜਾ ਦਿੱਤਾ ਹੈ। ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਤੇ ਸੀਨੀਅਰ ਆਗੂ ਹਰਦੀਪ ਸਿੰਘ ਖਹਿਰਾ ਨੇ ਅੱਜ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਸਰਮਾਏਦਾਰਾਂ ਨੂੰ ਟਿਕਟਾਂ ਵੰਡਣ ਦੇ ਦੋਸ਼ ਲਾਏ ਹਨ।
ਇੱਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਹਰਦੀਪ ਸਿੰਘ ਖਹਿਰਾ ਨੇ ਕਿਹਾ ਕਿ ਅਕਾਲੀ ਦਲ ਹੁਣ ਜੁਝਾਰੂ ਤੇ ਸਮਰਪਿਤ ਵਰਕਰਾਂ ਦੀ ਪਾਰਟੀ ਨਹੀਂ ਹੈ। ਸ੍ਰੀ ਖਹਿਰਾ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਪਾਰਟੀ ਵੱਲੋਂ ਅਜਿਹੇ ਵਿਅਕਤੀਆਂ ਨੂੰ ਟਿਕਟਾਂ ਦੇ ਕੇ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ ਜੋ ਪਾਰਟੀ ਦੇ ਮੁਢਲੇ ਮੈਂਬਰ ਵੀ ਨਹੀਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਇਸ ਵੇਲੇ ਸਰਮਾਏਦਾਰਾਂ ਤੇ ਅਫ਼ਸਰਸ਼ਾਹੀ ਨੂੰ ਟਿਕਟਾਂ ਵੰਡਣ ਦਾ ਰੁਝਾਨ ਸਿਖ਼ਰ ‘ਤੇ ਹੈ। ਇਸ ਕਾਰਨ ਆਮ ਵਰਕਰਾਂ ਦੀ ਪੁੱਛ-ਪ੍ਰਤੀਤ ਨਹੀਂ ਹੋ ਰਹੀ। ਇਸ ਮੌਕੇ ਸ੍ਰੀ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਨੂੰ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਜਾਂ ‘ਆਪ’ ਵਿੱਚੋਂ ਕਿਸੇ ਇੱਕ ਵਿੱਚ ਸ਼ਾਮਲ ਹੋਣ ਬਾਰੇ ਫ਼ੈਸਲਾ ਆਪਣੇ ਵਰਕਰਾਂ ਦੀ ਸਲਾਹ ਨਾਲ ਕਰਨਗੇ ਅਤੇ ਪਟਿਆਲਾ (ਦਿਹਾਤੀ) ਹਲਕੇ ਵਿੱਚ ਵਿਚਰ ਕੇ ਆਪਣੇ ਵਰਕਰਾਂ ਨੂੰ ਲਾਮਬੰਦ ਕਰਨਗੇ।