ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਿੱਖ ਸਦਭਾਵਨਾ ਦਲ ਨੂੰ ਪਾਵਨ ਸਰੂਪ ਦੇਣ ਤੋਂ ਨਾਂਹ

0
362

sadbhawana-diwis-guru-granth-sabih
ਖ਼ਾਲਸਾ ਮਾਰਚ ਮੌਕੇ ਵਿਚਾਰ-ਵਟਾਂਦਰਾ ਕਰਦੇ ਹੋਏ ਭਾਈ ਬਲਦੇਵ ਸਿੰਘ ਵਡਾਲਾ।
ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼
ਸਿੱਕਿਮ ਵਿਖੇ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਬਹਾਲੀ ਲਈ ਸਿੱਖ ਸਦਭਾਵਨਾ ਦਲ ਵੱਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਖ਼ਾਲਸਾ ਮਾਰਚ ਕੱਢਣ ਮੌਕੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾ ਦਿੱਤੇ ਜਾਣ ਕਾਰਨ ਸੰਗਤ ਵਿੱਚ ਰੋਸ ਹੈ। ਮਾਰਚ ਦੀ ਅਗਵਾਈ ਕਰ ਰਹੇ ਭਾਈ ਬਲਦੇਵ ਸਿੰਘ ਵਡਾਲਾ ਨੇ ਪਾਵਨ ਸਰੂਪ ਨਾ ਦਿੱਤੇ ਜਾਣ ਲਈ ਸ਼੍ਰੋਮਣੀ ਕਮੇਟੀ ਦੀ ਨਿਖੇਧੀ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮਾਰਚ ਲਈ ਪਾਵਨ ਸਰੂਪ ਬਹਾਦਰਗੜ੍ਹ ਦੇ ਗੁਰਦੁਆਰੇ ਤੋਂ ਲਿਆਂਦੇ।
ਭਾਈ ਵਡਾਲਾ ਨੇ ਦੱਸਿਆ ਕਿ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਨੇ ‘ਉੱਪਰੋਂ ਪਾਵਨ ਸਰੂਪ ਨਾ ਦਿੱਤੇ ਜਾਣ ਦੇ ਹੁਕਮ ਹਨ’ ਕਹਿ ਕੇ ਉਨ੍ਹਾਂ ਨੂੰ ਸਰੂਪ ਦੇਣ ਤੋਂ ਨਾਂਹ ਕਰ ਦਿੱਤੀ ਤੇ ਲਿਖਤੀ ਸਬੁਤਾਂ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਦਲ ਵੱਲੋਂ ਪਹਿਲਾਂ ਵੀ ਮਾਰਚ ਅਤੇ ਪੰਜ ਨਗਰ ਕੀਰਤਨ ਸਜਾਏ ਜਾ ਚੁੱਕੇ ਹਨ, ਪਰ ਉਦੋਂ ਉਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਦੇ ਸਬੂਤ ਦੀ ਮੰਗ ਨਹੀਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਦੇਸ਼-ਵਿਦੇਸ਼ ਦੀ ਸੰਗਤ ਨੂੰ ਪਤਾ ਸੀ ਕਿ 27 ਨਵੰਬਰ ਨੂੰ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਬਹਾਲੀ ਲਈ ਖ਼ਾਲਸਾ ਮਾਰਚ ਕੱਢਿਆ ਜਾਣਾ ਹੈ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਮੇਟੀ ਦੀਆਂ ਇਨ੍ਹਾਂ ‘ਵਧੀਕੀਆਂ’ ਕਰ ਕੇ ਹੀ ਉਨ੍ਹਾਂ ਨੇ ਭਾਈ ਸੁਖਦੇਵ ਸਿੰਘ ਭੌਰ ਦੀ ਅਗਵਾਈ ਹੇਠ ਪੰਥਕ ਫਰੰਟ ਬਣਾਇਆ ਹੈ। ਉਨ੍ਹਾਂ ਮੰਗ ਕੀਤੀ ਕਿ ਪਾਵਨ ਸਰੂਪ ਦੇਣ ਤੋਂ ਇਨਕਾਰ ਕਰਨ ਵਾਲੇ ਮੁਲਾਜ਼ਮ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ।
ਇਸ ਮਾਮਲੇ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨਾਲ ਗੱਲ ਨਹੀਂ ਹੋ ਸਕੀ। ਇਸ ਸਬੰਧੀ ਗੁਰਦੁਆਰੇ ਦੇ ਮੈਨੇਜਰ ਭਾਈ ਜਸਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇਣ ਤੋਂ ਇਨਕਾਰ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਖ਼ਾਲਸਾ ਮਾਰਚ ਕੱਢੇ ਜਾਣ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਸੀ। ਉਨ੍ਹਾਂ ਨੇ ਮਾਰਚ ਦੇ ਪ੍ਰਬੰਧਕਾਂ ਨੂੰ ਲਿਖਤੀ ਰੂਪ ਵਿੱਚ ਅਰਜ਼ੀ ਦੇ ਕੇ ਪਾਵਨ ਸਰੂਪ ਮੰਗਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਇਹ ਕਦਮ ਚੁੱਕਿਆ ਗਿਆ ਹੈ।
ਲੁਧਿਆਣਾ ਵਿੱਚ ਮਿਲੇ ਸੁਖਮਨੀ ਸਾਹਿਬ ਦੇ ਖਿੱਲਰੇ ਪੰਨੇ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਸਨਅਤੀ ਸ਼ਹਿਰ ਦੇ ਚੰਦਰ ਨਗਰ ਇਲਾਕੇ ਦੀ ਛੋਟੀ ਪੁਲੀ ਕੋਲ ਸੁਖਮਨੀ ਸਾਹਿਬ ਦੇ ਪੰਨੇ ਮਿਲੇ ਹਨ। ਲੋਕਾਂ ਨੇ ਪੰਨਿਆਂ ਨੂੰ ਇੱਕਠਾ ਕੀਤਾ ਤੇ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲੀਸ ਨੂੰ ਸ਼ਿਕਾਇਤ ਕੀਤੀ। ਪੁਲੀਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਘੋਖ ਰਹੀ ਹੈ। ਛੋਟੀ ਪੁਲੀ ਨੇੜੇ ਸਿੱਧੂ ਆਟੋ ਸਪੇਅਰ ਪਾਰਟਸ ਦੇ ਪ੍ਰਬੰਧਕ ਪਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਦੁਪਹਿਰ ਬਾਅਦ ਆਪਣੀ ਦੁਕਾਨ ਤੋਂ ਬਾਹਰ ਨਿਕਲੇ ਤਾਂ ਦੇਖਿਆ ਕਿ ਕਿ ਸੁਖਮਨੀ ਸਾਹਿਬ ਦੇ ਪੰਨੇ ਸੜਕ ‘ਤੇ ਖਿਲਰੇ ਪਏ ਸਨ। ਉਨ੍ਹਾਂ ਤੇ ਸਤਵਿੰਦਰ ਸਿੰਘ ਨੇ ਪੰਨੇ ਇੱਕਠੇ ਕੀਤੇ। ਕੁਝ ਪੰਨੇ ਚੰਦਰ ਨਗਰ ਨਾਲੋਂ ਨਿਕਲ ਰਹੇ ਬੁੱਢੇ ਨਾਲੇ ਨੇੜਲੀ ਸੜਕ ‘ਤੇ ਵੀ ਮਿਲੇ। ਸੂਚਨਾ ਮਿਲਣ ‘ਤੇ ਪੁਲੀਸ ਟੀਮ ਨੇ ਪੜਤਾਲ ਸ਼ੁਰੂ ਕਰ ਦਿੱਤੀ।