‘ਆਪ’ ਦੇ ਵੱਡੇ ਆਗੂਆਂ ਨੂੰ ਦੇਖਣਾ ਪਿਆ ਹਾਰ ਦਾ ਮੂੰਹ

0
497

gurpreet-ghuggi
ਚੰਡੀਗੜ੍ਹ/ਬਿਊਰੋ ਨਿਊਜ਼ :
‘ਆਪ’ ਦੇ ਕਈ ਵੱਡੇ ਆਗੂਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ ਤੇ ਕਈ ਆਮ ਉਮੀਦਵਾਰਾਂ ਨੇ ਵੱਡੀ  ਜਿੱਤ ਹਾਸਲ ਕੀਤੀ ਹੈ। ਪਾਰਟੀ ਨੇ 20 ਸੀਟਾਂ ਜਿੱਤੀਆਂ ਹਨ, ਜਦੋਂਕਿ ਸਿਰਫ਼ 25 ਹੋਰ ਉਮੀਦਵਾਰ ਦੂਜੇ ਸਥਾਨ ‘ਤੇ ਰਹੇ ਹਨ। ਪਾਰਟੀ ਦੇ ਬਾਕੀ ਉਮੀਦਵਾਰ ਹੇਠਲੀਆਂ ਪੁਜ਼ੀਸ਼ਨਾਂ ‘ਤੇ ਰਹਿ ਗਏ।
‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਤੇ ਸੰਸਦ ਮੈਂਬਰ ਭਗਵੰਤ ਮਾਨ ਜਲਾਲਾਬਾਦ ਹਲਕੇ ਤੋਂ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਵੱਡੇ ਫ਼ਰਕ ਨਾਲ ਹਾਰ ਗਏ ਹਨ। ਦਿੱਲੀ ਤੋਂ ਵਿਧਾਇਕ ਦਾ ਅਹੁਦਾ ਛੱਡ ਕੇ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਚੋਣ ਲੜੇ ਜਰਨੈਲ ਸਿੰਘ ਵੀ ਵੱਡੇ ਫ਼ਰਕ ਨਾਲ ਹਾਰੇ ਹਨ। ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਵੀ ਬਟਾਲਾ ਹਲਕੇ ਤੋਂ ਹਾਰ ਗਏ ਹਨ। ਯੂਥ ਵਿੰਗ ਦੇ ਕਨਵੀਨਰ ਹਰਜੋਤ ਬੈਂਸ ਸਾਹਨੇਵਾਲ ਤੇ ਕਾਨੂੰਨੀ ਸੈਲ ਦੇ ਮੁਖੀ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਮਜੀਠਾ ਹਲਕੇ ਤੋਂ ਹਾਰ ਗਏ ਹਨ। ਪਾਰਟੀ ਦੇ ਕੁਝ ਸੀਨੀਅਰ ਆਗੂਆਂ ਨੇ ਵੱਡੀਆਂ ਜਿੱਤਾਂ ਵੀ ਦਰਜ ਕੀਤੀਆਂ ਹਨ। ਇਨ੍ਹਾਂ ਵਿੱਚ  ਵਿਧਾਨ ਸਭਾ ਹਲਕਾ ਦਾਖਾ ਤੋਂ ਵਕੀਲ ਹਰਵਿੰਦਰ ਸਿੰਘ ਫੂਲਕਾ, ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ, ਖਰੜ ਤੋਂ ਕੰਵਰ ਸੰਧੂ ਤੇ ਤਲਵੰਡੀ ਸਾਬੋ ਤੋਂ ਪ੍ਰੋ. ਬਲਜਿੰਦਰ ਕੌਰ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਗੜ੍ਹਸ਼ੰਕਰ ਤੋਂ ਜੈ ਕ੍ਰਿਸ਼ਨ, ਰੋਪੜ ਤੋਂ ਅਮਰਜੀਤ ਸਿੰਘ ਸੰਦੋਆ,  ਰਾਏਕੋਟ ਤੋਂ ਜਗਤਾਰ ਸਿੰਘ, ਜਗਰਾਓਂ ਤੋਂ ਸਰਬਜੀਤ ਕੌਰ ਮਾਨੂੰਕੇ, ਨਿਹਾਲ ਸਿੰਘ ਵਾਲਾ ਤੋਂ ਮਨਜੀਤ ਸਿੰਘ, ਕੋਟਕਪੂਰਾ ਤੋਂ ਕੁਲਤਾਰ ਸਿੰਘ ਸੰਧਵਾਂ, ਜੈਤੋ ਤੋਂ ਬਲਦੇਵ ਸਿੰਘ, ਬਠਿੰਡਾ (ਦਿਹਾਤੀ) ਤੋਂ ਰੁਪਿੰਦਰ ਕੌਰ ਰੂਬੀ, ਮੌੜ ਤੋਂ ਜਗਦੇਵ ਸਿੰਘ, ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ, ਬੁਢਲਾਡਾ ਤੋਂ ਪ੍ਰਿੰਸੀਪਲ ਬੁੱਧ ਰਾਮ, ਦ੍ਰਿੜਬਾ ਤੋਂ ਹਰਪਾਲ ਸਿੰਘ ਚੀਮਾ, ਸੁਨਾਮ ਤੋਂ ਅਮਨ ਅਰੋੜਾ, ਭਦੌੜ ਤੋਂ ਬੇਰੁਜ਼ਗਾਰ ਲਾਈਨਮੈਨਾਂ ਦੇ ਆਗੂ ਪਿਰਮਲ ਸਿੰਘ ਧੌਲਾ, ਬਰਨਾਲਾ ਤੋਂ ਗੁਰਮੀਤ ਸਿੰਘ ਉਰਫ ਮੀਤ ਹੇਅਰ ਤੇ ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ ਨੇ ਜਿੱਤ ਦਰਜ ਕੀਤੀ ਹੈ। ਪਾਰਟੀ ਦੇ 25 ਉਮੀਦਵਾਰ ਦੂਜੇ ਸਥਾਨ ‘ਤੇ ਆਏ ਹਨ, ਜਦੋਂਕਿ ਬਾਕੀ ਫਾਡੀ ਰਹੇ ਹਨ।
ਵੜੈਚ ਨੇ ਕਿਹਾ-ਪੰਜਾਬੀਆਂ ਨੇ ਚੰਗਾ ਬਦਲ ਖੁੰਝਾਇਆ :
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ, ‘ਪੰਜਾਬ ਦੇ ਲੋਕਾਂ ਦਾ ਫ਼ੈਸਲਾ ਉਨ੍ਹਾਂ ਦੇ ਸਿਰ ਮੱਥੇ ਹੈ।’ ਦੂਜੇ ਪਾਸੇ ਪੰਜਾਬ ਇਕਾਈ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਪੰਜਾਬੀਆਂ ਲਈ ਬਦਕਿਸਮਤੀ ਹੈ ਕਿ ਉਨ੍ਹਾਂ ਨੇ ਪੰਜਾਬ ਲਈ ਇੱਕ ਚੰਗੇ ਬਦਲ ਨੂੰ ਖੁੰਝਾ ਦਿੱਤਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਇੱਕ ਚੰਗਾ ਚਿਹਰਾ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਲੋਕਾਂ ਸਾਹਮਣੇ ਨਾ ਰੱਖਣਾ ਵੀ ਹਾਰ ਦਾ ਕਾਰਨ ਹੋ ਸਕਦਾ ਹੈ ਪਰ ਉਹ ਹਾਰ ਦੇ ਕਾਰਨਾਂ ਬਾਰੇ ਪਾਰਟੀ ਆਗੂਆਂ ਨਾਲ ਬੈਠ ਕੇ ਪੜਚੋਲ ਕਰਨਗੇ।
‘ਆਪ’ ਦੀ ਹਾਰ ਨਾਲ ਪਰਵਾਸੀ ਪੰਜਾਬੀ ਨਿਰਾਸ਼
ਜਲੰਧਰ : ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਹੋਈ ਹਾਰ ਨਾਲ ਸਭ ਤੋਂ ਵੱਧ ਨਿਰਾਸ਼ਾ ਪਰਵਾਸੀ ਪੰਜਾਬੀਆਂ ਨੂੰ ਹੋਈ ਹੈ। ਇਹ ਪਹਿਲੀ ਵਾਰ ਸੀ ਜਦੋਂ ਪਰਵਾਸੀ ਪੰਜਾਬੀਆਂ ਨੇ ਕਿਸੇ ਸਿਆਸੀ ਪਾਰਟੀ ਲਈ ਚੋਣ ਪ੍ਰਚਾਰ ਹੀ ਨਹੀਂ ਕੀਤਾ ਸਗੋਂ ਪਾਰਟੀ ਦੇ ਹੱਕ ਵਿੱਚ ਪੈਸੇ ਵੀ ਖਰਚੇ। ਪਰਵਾਸੀ ਪੰਜਾਬੀਆਂ ਦੇ ਗੜ੍ਹ ਮੰਨੇ ਜਾਂਦੇ ਦੋਆਬੇ ਵਿੱਚ ਆਮ ਆਦਮੀ ਪਾਰਟੀ ਨੂੰ ਸਿਰਫ ਦੋ ਸੀਟਾਂ ਹੀ ਨਸੀਬ ਹੋਈਆਂ ਹਨ। ਪਰਵਾਸੀਆਂ ਨੇ ਆਪਣੇ ਆਪਣੇ ਦੇਸ਼ਾਂ ਵਿੱਚ ਚੋਣ ਨਤੀਜਿਆਂ ਸਬੰਧੀ ਸਮਾਗਮ ਰੱਖੇ ਹੋਏ ਸਨ ਤੇ ਬਾਕਾਇਦਾ ਹਾਲ ਬੁੱਕ ਕਰਵਾਏ ਸਨ। ਦੋ ਜੇਤੂ ਸੀਟਾਂ ਛੱਡ ਕੇ ‘ਆਪ’ ਨਕੋਦਰ ਵਿਧਾਨ ਸਭਾ ਸੀਟ ‘ਤੇ ਦੂਜੇ ਸਥਾਨ ‘ਤੇ ਰਹੀ ਹੈ ਅਤੇ ਬਾਕੀ ਸਾਰੇ ਹਲਕਿਆਂ ਵਿੱਚ ਇਸ ਪਾਰਟੀ ਨੂੰ ਤੀਜੇ ਸਥਾਨ ‘ਤੇ ਹੀ ਸਬਰ ਕਰਨਾ ਪਿਆ ਹੈ।

ਮਾਨ ਦਲ ਤੇ ਬਸਪਾ ਨਾ ਖੋਲ੍ਹ ਸਕੇ ਖ਼ਾਤਾ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੈਰਾਨੀਜਨਕ ਰਹੇ ਹਨ। ਤਿਕੋਨੇ ਮੁਕਾਬਲੇ ਵਿੱਚ ਜਿੱਥੇ ਆਮ ਆਦਮੀ ਪਾਰਟੀ (ਆਪ) ਦਾ ਗ੍ਰਾਫ ਬੁਰੀ ਤਰ੍ਹਾਂ ਡਿੱਗਿਆ ਹੈ, ਉਥੇ ਅਕਾਲੀ ਦਲ (ਅੰਮ੍ਰਿਤਸਰ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀਆਂ।
ਅਕਾਲੀ ਦਲ (ਅੰਮ੍ਰਿਤਸਰ) ਨੇ 59 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਸਨ। ਮਾਨ ਦਲ ਦੇ ਪ੍ਰਧਾਨ ਅਤੇ ਹਲਕਾ ਬਰਨਾਲਾ ਤੋਂ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਤੇ ਬਾਕੀ 58 ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ ਹਨ। ਬਸਪਾ ਦੇ ਉਮੀਦਵਾਰ ਵੀ ਤਿੰਨਾਂ ਨਾ ਤੇਰਾਂ ਵਿੱਚ ਰਹੇ ਹਨ।
ਪੰਜਾਬ ਵਿੱਚ ਰਾਖਵੇਂ ਵਰਗ ਦੀ ਵਸੋਂ 31.9 ਫ਼ੀਸਦ ਹੈ ਪਰ ਬਸਪਾ ਇਨ੍ਹਾਂ ਨੂੰ ਆਪਣੇ ਨਾਲ ਤੋਰਨ ਵਿੱਚ ਅਸਫ਼ਲ ਰਹੀ ਹੈ। ਬਸਪਾ ਦਾ ਕੋਈ ਵੀ ਉਮੀਦਵਾਰ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਵਿੱਚ ਆਪਣਾ ਨਾਂਅ ਸ਼ੁਮਾਰ ਨਹੀਂ ਕਰਾ ਸਕਿਆ ਤੇ ਦੁਆਬੇ ਵਿੱਚ ਵੀ ਫਸਵੀਂ ਟੱਕਰ ਨਹੀਂ ਦਿੱਤੀ। ਦੁਆਬੇ ਦੇ ਪ੍ਰਮੁੱਖ ਹਲਕਿਆਂ ਵਿੱਚ ਬਸਪਾ ਦੇ ਉਮੀਦਵਾਰ ਚੌਥੇ ਸਥਾਨ ‘ਤੇ ਰਹੇ ਹਨ। ਸਾਲ 1992 ਵਿੱਚ ਬਸਪਾ ਦੇ ਸਭ ਤੋਂ ਵੱਧ 9 ਉਮੀਦਵਾਰ ਜਿੱਤੇ ਸਨ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ ਬਾਈਕਾਟ ਕੀਤਾ ਸੀ ਤੇ ਉਸ ਤੋਂ ਬਾਅਦ 1997 ਵਿੱਚ  ਤਿੰਨ ਉਮੀਦਵਾਰ ਨੂੰ ਜਿੱਤ ਨਸੀਬ ਹੋਈ ਸੀ।
ਅਕਾਲੀ ਦਲ (ਅੰਮ੍ਰਿਤਸਰ) ਦੋ ਸਾਲਾਂ ਤੋਂ ਸੁਰਖ਼ੀਆਂ ਵਿੱਚ ਤਾਂ ਹੈ ਪਰ ਰਾਜਨੀਤੀ ਵਿੱਚ ਪਾਰਟੀ ਦੇ ਪੈਰ ਨਹੀਂ ਲੱਗ ਰਹੇ। ਇਨ੍ਹਾਂ ਚੋਣਾਂ ਵਿੱਚ ਯੂਨਾਈਟਿਡ ਅਕਾਲੀ ਦਲ ਸ਼ੁਰੂ ਵਿੱਚ ਹੀ ਮਾਨ ਦਲ ਦਾ ਸਾਥ ਛੱਡ ਗਈ ਸੀ। ਸਿਮਰਨਜੀਤ ਸਿੰਘ ਮਾਨ ਸਮੇਤ ਸਾਰੇ ਉਮੀਦਵਾਰ ਆਪਣੀ ਜ਼ਮਾਨਤ ਨਹੀਂ ਬਚਾਅ ਸਕੇ ਹਨ।