31 ਡੇਰਾ ਪ੍ਰੇਮੀਆਂ ਖ਼ਿਲਾਫ਼ ਗਵਾਹੀ ਦੇਣਗੇ 25 ਗਵਾਹ

0
217

gurmeet_ram_singh
ਮਾਨਸਾ/ਬਿਊਰੋ ਨਿਊਜ਼
ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸੀਬੀਆਈ ਦੀ ਪੰਚਕੂਲਾ ਸਥਿਤ ਅਦਾਲਤ ਵੱਲੋਂ 25 ਅਗਸਤ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਮਾਨਸਾ ਵਿੱਚ ਵਾਪਰੀਆਂ ਸਾੜ-ਫੂਕ ਦੀਆਂ ਘਟਨਾਵਾਂ ਸਬੰਧੀ ਥਾਣਾ ਸਿਟੀ-2 ਮਾਨਸਾ ਵਿੱਚ ਦਰਜ ਕੀਤੇ ਗਏ ਮੁਕੱਦਮੇ ਵਿਚ ਨਾਮਜ਼ਦ ਕਥਿਤ 31 ਦੋਸ਼ੀ ਡੇਰਾ ਪ੍ਰੇਮੀਆਂ ਖਿਲਾਫ 25 ਗਵਾਹ ਅਦਾਲਤ ਵਿੱਚ ਆਪਣੀ ਗਵਾਹੀ ਦਰਜ ਕਰਵਾਉਣਗੇ। ਇਸ ਸਬੰਧੀ ਪੁਲੀਸ ਵੱਲੋਂ ਪੇਸ਼ ਕੀਤੇ ਗਏ ਚਲਾਨ ਵਿੱਚ ਹੋਰ ਕਈ ਅਹਿਮ ਪ੍ਰਗਟਾਵੇ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ।
25 ਅਗਸਤ ਨੂੰ ਮਾਨਸਾ ਦੇ ਇਨਕਮ ਟੈਕਸ ਦਫਤਰ ਵਿੱਚ ਖੜ੍ਹੀਆਂ ਦੋ ਕਾਰਾਂ ਸਵਿੱਫਟ ਡੀਜ਼ਾਇਰ ਪੀਬੀ 31 ਆਰ -0124 ਅਤੇ ਡੀਐਲ 4 ਸੀਏਐਸ -7329 ਨੂੰ ਅੱਗ ਲਾਉਣ ਅਤੇ ਇਸ ਦਫਤਰ ਦੇ ਇੱਕ ਕਰਮਚਾਰੀ ਉਪਰ ਪੈਟਰੋਲ ਪਾਉਣ ਦੀ ਵਾਪਰੀ ਘਟਨਾ ਸਬੰਧੀ ਥਾਣਾ ਸਿਟੀ-2, ਮਾਨਸਾ ਦੀ ਪੁਲੀਸ ਵੱਲੋਂ ਮੁਕੱਦਮਾ ਨੰਬਰ 62 ਦਰਜ ਕੀਤਾ  ਗਿਆ ਸੀ।
22 ਨਵੰਬਰ ਨੂੰ ਇਸ ਮੁਕੱਦਮੇ ਵਿੱਚ ਨਾਮਜ਼ਦ ਕਥਿਤ ਦੋਸ਼ੀਆਂ ਖਿਲਾਫ਼ ਮਾਨਸਾ ਅਦਾਲਤ ਵਿੱਚ ਚਲਾਨ ਪਹਿਲਾਂ ਹੀ ਪੇਸ਼ ਕੀਤਾ ਜਾ ਚੁੱਕਾ ਹੈ। ਪੇਸ਼ ਕੀਤੇ ਗਏ ਚਲਾਨ ਵਿੱਚ 25 ਗਵਾਹ ਰੱਖੇ ਗਏ ਹਨ, ਜੋ 31 ਡੇਰਾ ਪ੍ਰੇਮੀਆਂ ਖਿਲਾਫ ਆਪਣੀ ਗਵਾਹੀ ਅਦਾਲਤ ਵਿੱਚ ਰਿਕਾਰਡ ਕਰਵਾਉਣਗੇ। ਜ਼ਿਕਰਯੋਗ ਹੈ ਕਿ ਨਾਮਜ਼ਦ ਕੀਤੇ ਗਏ 31  ਦੋਸ਼ੀਆਂ ਵਿੱਚੋਂ ਪੁਲੀਸ ਨੇ ਕੁਲਦੀਪ ਸਿੰਘ ਬੌਬੀ, ਬਲਵਿੰਦਰ ਸਿੰਘ ਉਰਫ ਬਿੰਦਰ, ਸੱਤਪਾਲ ਸਿੰਘ, ਬਲਜਿੰਦਰ ਸਿੰਘ ਬੰਟੀ, ਗੁਰਦੀਪ ਸਿੰਘ, ਰਜਿੰਦਰ ਸਿੰਘ ਉਰਫ ਕਾਲਾ, ਉਜਾਗਰ ਸਿੰਘ ਉਰਫ ਮੱਘਰ ਸਿੰਘ, ਹਰਪ੍ਰੀਤ ਸਿੰਘ, ਸ਼ੀਤਲ ਕੁਮਾਰ, ਹਰੀ ਸਿੰਘ, ਸੁਖਦੇਵ ਸਿੰਘ, ਗੌਰਵ ਸਿੰਗਲਾ, ਮੇਜਰ ਸਿੰਘ ਖਿਆਲਾ, ਪੁਸ਼ਪਿੰਦਰ ਸਿੰਘ ਰੋਮੀ, ਸ਼ੇਖਰ ਗੋਇਲ, ਸੂਰਜ ਭਾਨ ਬੁਢਲਾਡਾ, ਵਰਿੰਦਰ ਕੁਮਾਰ ਉਰਫ ਬਿੰਟਾ ਸਰਦੂਲਗੜ੍ਹ, ਵਿੱਕੀ ਕੁਮਾਰ, ਕੁਲਦੀਪ ਸਿੰਘ, ਤਰਸੇਮ ਸਿੰਘ ਉਰਫ ਸੇਮੀ, ਪਰਮਜੀਤ ਸਿੰਘ ਨੰਗਲ ਕਲਾਂ, ਅਵਤਾਰ ਸਿੰਘ ਠੂਠਿਆਂਵਾਲੀ, ਕਿਰਨਜੀਤ ਸਿੰਘ, ਅਮਨਦੀਪ ਵਿਣਿਗ ਅਤੇ ਰਕੇਸ਼ ਕੁਮਾਰ ਕਾਲਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਅਤੇ ਇਹ ਸਾਰੇ ਵਿਅਕਤੀ ਜੁਡੀਸ਼ੀਅਲ ਰਿਮਾਂਡ ‘ਤੇ ਮਾਨਸਾ ਜੇਲ੍ਹ ਵਿੱਚ ਬੰਦ ਹਨ, ਜਦੋਂ ਕਿ ਨਾਨਕ ਚੰਦ ਵਾਸੀ ਵਾਰਡ ਨੰਬਰ 9, ਸਰਦੂਲਗੜ੍ਹ, ਰਵੇਲ ਸਿੰਘ ਵਾਸੀ ਕੋਟਲੱਲੂ ਰੋਡ ਮਾਨਸਾ, ਪਰਵਿੰਦਰ ਸਿੰਘ ਬਿੱਟੂ ਹਿਸਾਬ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰੇਟਾ ਵਾਸੀ ਕੋਰਟ ਰੋਡ ਮਾਨਸਾ, ਸਤਪਾਲ ਵਾਸੀ ਸ਼ਿਵਜੀ ਰਾਮ ਠੇਕੇਦਾਰ ਸਟਰੀਟ ਮਾਨਸਾ, ਬਲਵਿੰਦਰ ਸਿੰਘ ਉਰਫ ਬਿੰਦਰ ਮੋਟਾ ਵਾਸੀ ਵਨ ਵੇ ਟ੍ਰੈਫਿਕ ਰੋਡ, ਮਾਨਸਾ ਅਤੇ ਪਵਨ ਕੁਮਾਰ ਵਾਸੀ ਕੋਟ ਲੱਲੂ ਰੋਡ, ਮਾਨਸਾ ਅਜੇ ਪੁਲੀਸ ਗ੍ਰਿਫਤ ਤੋਂ ਬਾਹਰ ਹਨ ਅਤੇ ਇਨ੍ਹਾਂ ਸਾਰਿਆਂ ਖਿਲਾਫ਼ ਪੁਲੀਸ ਵੱਲੋਂ ਅਦਾਲਤ ਪਾਸੋਂ ਤੀਜੀ ਵਾਰ ਗ੍ਰਿਫਤਾਰੀ ਵਾਰੰਟ ਲਏ ਜਾ ਚੁੱਕੇ ਹਨ, ਪਰ ਇਸ ਦੇ ਬਾਵਜੂਦ ਪੁਲੀਸ ਇਨ੍ਹਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ।