ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ  

0
213

File photo...Gurdeep pehalwan

ਅੰਮ੍ਰਿਤਸਰ/ਬਿਊਰੋ ਨਿਊਜ਼ :
ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ (40 ਸਾਲ) ਨੂੰ ਉਸ ਵੇਲੇ ਤਿੰਨ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਜਦੋਂ ਉਹ ਇਥੇ ਗੋਲਬਾਗ ਨੇੜੇ ਇਕ ਅਖਾੜੇ ਵਿਚ ਅਭਿਆਸ ਕਰਨ ਮਗਰੋਂ ਨਹਾ ਰਿਹਾ ਸੀ। ਉਸ ਨੂੰ ਤੁਰੰਤ ਜ਼ਖਮੀ ਹਾਲਤ ਵਿਚ ਇਕ ਨਿੱਜੀ ਹਸਪਤਾਲ ਵਿਚ ਲੈ ਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਮਿਲੇ ਵੇਰਵਿਆਂ ਮੁਤਾਬਕ ਗੁਰਦੀਪ ਪਹਿਲਵਾਨ ਲਗਪਗ ਰੋਜ਼ ਹੀ ਸ਼ਾਮ ਸਮੇਂ ਇਸ ਅਖਾੜੇ ਵਿਚ ਅਭਿਆਸ ਲਈ ਆਉਂਦਾ ਸੀ। ਘਟਨਾ ਵਾਲੇ ਦਿਨ ਵੀ ਉਹ ਆਪਣੇ ਸਾਥੀਆਂ ਨਾਲ ਅਖਾੜੇ ਆਇਆ ਸੀ। ਉਸ ਨਾਲ ਉਸ ਦਾ ਅੰਗ ਰੱਖਿਅਕ ਵੀ ਸੀ ਪਰ ਜਦੋਂ ਇਹ ਘਟਨਾ ਵਾਪਰੀ, ਉਸ ਵੇਲੇ ਅੰਗ ਰੱਖਿਅਕ ਇਕ ਕਮਰੇ ਵਿਚ ਸੀ। ਉਹ ਅਭਿਆਸ ਕਰਨ ਮਗਰੋਂ ਅਖਾੜੇ ਵਿਚ ਹੀ ਨਹਾਉਣ ਵਾਸਤੇ ਚਲਾ ਗਿਆ। ਇਸ ਦੌਰਾਨ ਤਿੰਨ ਵਿਅਕਤੀ ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ, ਉਥੇ ਆਏ ਅਤੇ ਗੁਰਦੀਪ ਪਹਿਲਵਾਨ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਥੇ ਦੱਸਣਯੋਗ ਹੈ ਕਿ ਸ਼ਹਿਰ ਵਿਚ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਸੁਰੇਸ਼ ਅਰੋੜਾ ਵੀ ਪੁੱਜੇ ਹੋਏ ਸਨ, ਜਿਨ੍ਹਾਂ ਨੇ ਸਾਕਾ ਨੀਲਾ ਤਾਰਾ ਬਰਸੀ ਸਮਾਗਮ ਸਬੰਧ ਵਿਚ ਸ਼ਹਿਰ ਵਿਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ । ਸਾਕਾ ਨੀਲਾ ਤਾਰਾ ਬਰਸੀ ਹਫਤੇ ਕਾਰਨ ਸ਼ਹਿਰ ਵਿਚ ਪਹਿਲਾਂ ਹੀ ਵੱਖ ਵੱਖ ਥਾਵਾਂ ‘ਤੇ ਨੀਮ ਫੌਜੀ ਦਸਤੇ ਤੈਨਾਤ ਕੀਤੇ ਹੋਏ ਹਨ।
ਪੁਲੀਸ ਕਮਿਸ਼ਨਰ ਐਸਐਸ ਸ੍ਰੀਵਾਸਤਵ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਗੁਰਦੀਪ ਪਹਿਲਵਾਨ ਨੂੰ 3 ਗੋਲੀਆਂ ਲੱਗੀਆਂ ਹਨ। ਪੁਲੀਸ ਵਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਪ੍ਰਾਪਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ।ਇਹ ਵੀ ਚਰਚਾ ਹੈ ਕਿ ਇਸ ਕਾਂਗਰਸੀ ਕੌਂਸਲਰ ਦੀ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਵੀ ਪੁਰਾਣੀ ਦੁਸ਼ਮਣੀ ਹੈ। ਉਸ ਵਲੋਂ ਜੱਗੂ ਖਿਲਾਫ ਥਾਣਾ ਕੋਤਵਾਲੀ ਵਿਚ ਸ਼ਿਕਾਇਤ ਵੀ ਦਰਜ ਕਰਾਈ ਗਈ ਸੀ ਅਤੇ ਕੌਂਸਲਰ ਨੂੰ ਵਧੇਰੇ ਪੁਲੀਸ ਸੁਰੱਖਿਆ ਵੀ ਮੁਹੱਈਆ ਕੀਤੀ ਗਈ ਸੀ। ਪੁਲੀਸ ਕਮਿਸ਼ਨਰ ਨੇ ਆਖਿਆ ਕਿ ਪੁਲੀਸ ਇਸ ਦ੍ਰਿਸ਼ਟੀਕੋਣ ਤੋਂ ਵੀ ਜਾਂਚ ਕਰੇਗੀ।
ਇਸ ਦੌਰਾਨ ਹਸਪਤਾਲ ਪੁੱਜੇ ਸਿਖਿਆ ਮੰਤਰੀ ਸ੍ਰੀ ਓਪੀ ਸੋਨੀ ਨੇ ਆਖਿਆ ਕਿ ਦਿਨ ਦਿਹਾੜੇ ਇਕ ਕਾਂਗਰਸੀ ਕੌਂਸਲਰ ਨੂੰ ਗੋਲੀਆਂ ਮਾਰ ਕੇ ਹਲਾਕ ਕਰਨਾ ਇਕ ਚੁਣੌਤੀ ਵਾਂਗ ਹੈ। ਇਹ ਅਮਨ ਅਤੇ ਕਾਨੂੰਨ ਦੀ ਵਿਵਸਥਾ ਦਾ ਮਾਮਲਾ ਹੈ। ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਆਖਿਆ ਕਿ ਇਹ ਘਟਨਾ ਪੰਜਾਬ ਪੁਲੀਸ ਲਈ ਨਮੋਸ਼ੀ ਵਾਲੀ ਹੈ। ਉਹ ਇਹ ਮਾਮਲਾ ਮੁੱਖ ਮੰਤਰੀ ਕੋਲ ਰੱਖਣਗੇ। ਉਨ੍ਹਾਂ ਦਸਿਆ ਕਿ ਕਾਂਗਰਸੀ ਕੌਂਸਲਰ ਨੂੰ ਗੈਂਗਸਟਰਾਂ ਕੋਲੋਂ ਧਮਕੀਆਂ ਮਿਲ ਰਹੀਆਂ ਸਨ ਅਤੇ ਪੁਲੀਸ ਨੂੰ ਇਸ ਬਾਰੇ ਜਾਣਕਾਰੀ ਵੀ ਸੀ।